ਲਖਵਿੰਦਰ ਸਿੰਘ
ਮਲੋਟ, 8 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਲਾਈਵ ਸੈਸ਼ਨ ‘ਕੈਪਟਨ ਨੂੰ ਸਵਾਲ’ ਦੌਰਾਨ ਡੀ.ਏ.ਵੀ. ਪਬਲਿਕ ਸਕੂਲ ਮਲੋਟ ਦੀ ਵਿਦਿਆਰਥਣ ਅਨੂ ਬਾਲਾ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਦੀਆਂ ਨੋਟ ਬੁੱਕਸ ਸਕੂਲ ਪ੍ਰਸ਼ਾਸਨ ਨੇ ਆਪਣੇ ਕੋਲ ਰੱਖ ਲਈਆਂ ਹਨ ਅਤੇ ਸਕੂਲ ਫ਼ੀਸ ਦੇਣ ਤਕ ਨੋਟ ਬੁੱਕਸ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਇਸ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਮਾਪਿਆਂ ਨੂੰ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੌਰਾਨ ਸਕੂਲ ਪ੍ਰਸ਼ਾਸਨ ਨੂੰ ਬੱਚਿਆਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਗੁਰਪ੍ਰੀਤ ਸਿੰਘ ਬੰਗੀ ਪਿੰਡ ਥਰਾਜ ਵਾਲਾ ਨੂੰ ਪਿੰਡ ਦੇ ਬਕਾਇਆ ਪਏ ਕੰਮਾਂ ਨੂੰ ਮੁੜ ਚਾਲੂ ਕਰਨ ਲਈ ਜਲਦੀ ਪਿੰਡ ਨੂੰ ਗਰਾਂਟ ਜਾਰੀ ਕਰਨ ਦਾ ਵਿਸ਼ਵਾਸ ਦਿਵਾਇਆ।
ਬਰਨਾਲਾ (ਪਰਸ਼ੋਤਮ ਬੱਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਕੈਪਟਨ ਨੂੰ ਸਵਾਲ’ ਦੌਰਾਨ ਬਰਨਾਲਾ ਦੇ ਹਰਦੀਪ ਸਿੰਘ ਸਵੈਚ ਨੂੰ ਭਰੋਸਾ ਦਿਵਾਇਆ ਕਿ ਉਹ ਚਾਵਾ-ਸਮਰਾਲਾ ਸੜਕ ਦੇ ਨਿਰਮਾਣ ਸਬੰਧੀ ਫੌਰੀ ਜਾਂਚ ਕਰਾਉਣਗੇ। ਹਰਦੀਪ ਸਿੰਘ ਸਵੈਚ ਨੇ ਮੁੱਖ ਮੰੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਚਾਵਾ-ਸਮਰਾਲਾ ਸੜਕ 15 ਸਾਲ ਬਾਅਦ ਬਣਾਈ ਗਈ ਸੀ, ਜੋ 15 ਦਿਨ ਵਿੱਚ ਹੀ ਟੁੱਟ ਗਈ। ਇਸ ‘ਤੇ ਮੁੱਖ ਮੰਤਰੀ ਨੇ ਆਖਿਆ ਕਿ ਉਹ ਮਾਮਲੇ ਦੀ ਜਾਂਚ ਕਰਵਾ ਰਹੇ ਹਨ।