ਹਰਜੀਤ ਸਿੰਘ
ਡੇਰਾਬੱਸੀ, 8 ਅਗਸਤ
ਸ਼ਹਿਰ ਵਿੱਚੋਂ ਲੰਘ ਰਹੇ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਫਲਾਈਓਵਰ ਦੇ ਹੇਠਾਂ ਸੜਕ ’ਤੇ ਰੇਹੜੀ-ਫੜ੍ਹੀ ਵਾਲਿਆਂ ਦੇ ਨਾਜਾਇਜ਼ ਕਬਜ਼ੇ ਵਧਦੇ ਜਾ ਰਹੇ ਹਨ ਜਿਸ ਕਾਰਨ ਸੜਕ ’ਤੇ ਆਵਾਜਾਈ ਵਿੱਚ ਅੜਿੱਕਾ ਪੈ ਰਿਹਾ ਹੈ। ਹਾਈਵੇਅ ’ਤੇ ਜਾਮ ਲੱਗਣ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਰੋਜ਼ਾਨਾ ਭਾਰੀ ਦਿੱਕਤ ਝੱਲਣੀ ਪੈਂਦੀ ਹੈ। ਇਸ ਬਾਰੇ ਸਥਾਨਕ ਲੋਕਾਂ ਵੱਲੋਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕੋਈ ਧਿਆਨ ਨਹੀਂ ਦਿੰਦਾ।
ਇਕੱਤਰ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਉਸਾਰੇ ਗਏ ਨਵੇਂ ਫਲਾਈਓਵਰ ਦੇ ਹੇਠਾਂ ਸੜਕ ਦੇ ਦੋਵੇਂ ਪਾਸੇ ਰੇਹੜੀ-ਫੜ੍ਹੀ ਵਾਲਿਆਂ ਦੀ ਭਰਮਾਰ ਹੈ। ਇਨ੍ਹਾਂ ਵਿੱਚੋਂ ਜ਼ਿਆਦਾਰ ਰੇਹੜੀ ਵਾਲੇ ਵੱਖ-ਵੱਖ ਤਰ੍ਹਾਂ ਦਾ ਫ਼ਲ ਤੇ ਸਬਜ਼ੀ ਵੇਚਦੇ ਹਨ। ਇੱਥੇ ਹਰ ਵੇਲੇ ਫ਼ਲ ਤੇ ਸਬਜ਼ੀ ਲੈਣ ਵਾਲੇ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ। ਖ਼ਰੀਦਦਾਰ ਆਪਣੇ ਵਾਹਨ ਸੜਕਾਂ ਕੰਢੇ ਖੜ੍ਹੇ ਕਰ ਕੇ ਖਰੀਦਾਰੀ ਕਰਦੇ ਹਨ ਜਿਸ ਕਾਰਨ ਇੱਥੋਂ ਲੰਘਣ ਲਈ ਵਾਹਨਾਂ ਨੂੰ ਢੁੱਕਵੀਂ ਥਾਂ ਨਹੀ ਮਿਲਦੀ ਤੇ ਰੋਜ਼ਾਨਾ ਜਾਮ ਲੱਗਦੇ ਹਨ।
ਸਵੇਰੇ ਤੇ ਸ਼ਾਮ ਵੇਲੇ ਇਹ ਸਥਿਤੀ ਹੋਰ ਵੀ ਖ਼ਤਰਨਾਕ ਹੋ ਜਾਂਦੀ ਹੈ। ਸਭ ਤੋਂ ਮਾੜਾ ਹਾਲ ਮੇਨ ਬਾਜ਼ਾਰ ਨੇੜੇ ਸਬਜ਼ੀ ਮੰਡੀ ਦੇ ਬਾਹਰ, ਬਰਵਾਲਾ ਰੋਡ ਅਤੇ ਗੁਲਾਬਗੜ੍ਹ ਰੋਡ ’ਤੇ ਰਹਿੰਦਾ ਹੈ। ਇਥੇ ਹਰ ਵੇਲੇ ਰੇਹੜੀਆਂ ਖੜ੍ਹੀਆਂ ਰਹਿੰਦੀਆਂ ਹਨ ਜਿਨ੍ਹਾਂ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤ ਪੇਸ਼ ਆਊਂਦੀ ਹੈ। ਇਸ ਤੋਂ ਇਲਾਵਾ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਸਬੰਧੀ ਨਿਯਮਾਂ ਦੀ ਉਲੰਘਣਾ ਕਰ ਕੇ ਮਹਾਮਾਰੀ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੇ ਰੇਹੜੀ-ਫੜ੍ਹੀ ਵਾਲਿਆਂ ਕੀਤੇ ਗਏ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਜਲਦੀ ਤੋਂ ਜਲਦੀ ਹਟਾਊਣ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਇਸ ਸਬੰਧੀ ਗੱਲ ਕਰਨ ’ਤੇ ਨਗਰ ਕੌਂਸਲ ਡੇਰਾਬੱਸੀ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰ ਕੇ ਕਬਜ਼ੇ ਹਟਵਾਏ ਜਾਣਗੇ।