ਲਖਵੀਰ ਸਿੰਘ ਚੀਮਾ
ਟੱਲੇਵਾਲ, 5 ਸਤੰਬਰ
ਪਿੰਡਾਂ ਵਿੱਚੋਂ ਪੁਰਾਤਨ ਸੱਭਿਆਚਾਰ ਨਾਲ ਜੁੜੀਆਂ ਇਮਾਰਤਾਂ ਲੋਪ ਹੋ ਰਹੀਆਂ ਹਨ। ਪਿੰਡ ਟੱਲੇਵਾਲ ਦੇ ਰੰਧਾਵਾ ਪੱਤੀ ਵਾਸੀਆਂ ਵੱਲੋਂ 100 ਪੁਰਾਣੇ ਵਿਰਾਸਤੀ ਖੂਹ ਦੀ ਸੰਭਾਲ ਲਈ ਹੰਭਲਾ ਮਾਰਿਆ ਗਿਆ ਹੈ। ਪਿੰਡ ਵਾਸੀਆਂ ਨੇ ਖੂਹ ਦੇ ਧੜੇ ਦੀ ਉਸਾਰੀ ਕਰਕੇ ਆਸੇ-ਪਾਸੇ ਗਰਿੱਲ ਲਗਾ ਕੇ ਰੰਗ ਰੋਗਨ ਕੀਤਾ ਗਿਆ ਹੈ। ਬੈਠਣ ਲਈ ਥੜੀ, ਬੈਂਚ ਅਤੇ ਗੋਲ ਆਕਾਰ ਮੇਜ਼ ਰੱਖਿਆ ਗਿਆ ਹੈ। ਇਸ ਥੜੇ ਅੱਗੇ ਗੇਟ ਬਣਾ ਕੇ ਗੇਟ ਦਾ ਨਾਂਅ ਸੰਤ ਬਾਬਾ ਸੁੰਦਰ ਸਿੰਘ ਕੈਨੇਡੀਅਨ ਰੱਖਿਆ ਗਿਆ ਹੈ। ਨਵੀਂ ਪੀੜੀ ਨੂੰ ਆਪਣੇ ਵਿਰਾਸਤੀ ਸੱਭਿਆਚਾਰ ਨਾਲ ਜੋੜਨ ਲਈ ਖੂਹ ਦੀ ਕੰਧ, ਆਸੇ ਪਾਸੇ ’ਤੇ ਸੁੰਦਰ ਦਿਲ ਖਿੱਚਵੀਆਂ ਆਕਰਸ਼ਕ ਪੁਰਾਤਨ ਵਿਰਸੇ ਦੀਆਂ ਪੇਟਿੰਗਾਂ ਬਣਾਈਆਂ ਗਈਆਂ ਹਨ। ਸੇਵਾਮੁਕਤ ਅਧਿਆਪਕ ਰਣਜੀਤ ਸਿੰਘ ਟੱਲੇਵਾਲ ਨੇ ਦੱਸਿਆ ਕਿ ਇਹ ਵਿਰਾਸਤੀ ਖੂਹ ਕਿਸੇ ਸਮੇਂ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਇਆ ਕਰਦੇ ਸਨ। ਸਾਰਾ ਪਿੰਡ ਇਕੋ ਖੂਹ ਤੋਂ ਪਾਣੀ ਭਰਦਾ ਸੀ ਪਰ ਹੁਣ ਇਨ੍ਹਾਂ ਖੂਹਾਂ ਦਾ ਜ਼ਿਕਰ ਸਿਰਫ਼ ਲੋਕ ਬੋਲੀਆਂ ਜਾਂ ਲੋਕ ਗੀਤਾਂ ਵਿੱਚ ਹੀ ਰਹਿ ਗਿਆ ਹੈ। ਪਿੰਡ ਦੇ ਖੂਹ ਨੂੰ ਇਸੇ ਕਰਕੇ ਸੰਭਾਲਿਆ ਗਿਆ ਹੈ ਤਾਂ ਕਿ ਆਉਣ ਵਾਲੀ ਪੀੜੀ ਇਸ ਤੋਂ ਜਾਣੂ ਹੋ ਸਕੇ। ਇਸ ਕੰਮ ਲਈ ਪੱਤੀ ਦੇ ਸਾਰੇ ਪਰਿਵਾਰਾਂ ਨੇ ਪੂਰਨ ਸਹਿਯੋਗ ਦਿੱਤਾ ਹੈ।
ਇਸ ਮੌਕੇ ਹਰਨੇਕ ਸਿੰਘ ਸਿੱਧੂ, ਬਿਕਰਮਜੀਤ ਸਿੰਘ ਢਿੱਲੋਂ, ਗੁਰਬਚਨ ਸਿੰਘ, ਜਗਜੀਤ ਸਿੰਘ ਫ਼ੌਜੀ, ਬਾਬਾ ਨਿਰੰਜਣ ਸਿੰਘ, ਗੁਰਜੰਟ ਸ਼ਰਮਾ, ਭੁੁਪਿੰਦਰ ਕੌਰ, ਹਰਭਜਨ ਕੌਰ, ਬਿੱਟੂ ਗੁਪਤਾ, ਲਖਵੀਰ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਮਨਜੀਤ ਕੌਰ ਹਾਜ਼ਰ ਸਨ।