ਇਕਬਾਲ ਸਿੰਘ ਸ਼ਾਂਤ
ਲੰਬੀ, 5 ਸਤੰਬਰ
ਕਰੋਨਾ ਮਹਾਮਾਰੀ ‘ਚ ਸਰਕਾਰ ਵੱਲ ਮੱਦਦ ਲਈ ਹੱਥ ਅੱਡੀ ਬੈਠੇ ਲੋਕਾਂ ਨੂੰ ਸੂਬਾ ਸਰਕਾਰ ਪੈਨਸ਼ਨ ਰਿਕਵਰੀ ਦੇ ਨੋਟਿਸ ਫੜਾ ਰਹੀ ਹੈ।
ਬੁਢਾਪੇ ਅਤੇ ਵਿਧਵਾ ਹੋਣ ਦੇ ਸੰਤਾਪੇ ਪੈਨਸ਼ਨ ਧਾਰਕ ਸਰਕਾਰੀ ਤੰਤਰ ਦੀ ‘ਸਿਆਸੀ’ ਪੜਤਾਲ ਨੇ ਬੇਵਜ੍ਹਾ ਧੋਖਾਦੇਹੀ ਦੇ ਮੁਜਰਮ ਬਣਾ ਦਿੱਤੇ ਹਨ। ਦੋ ਦਹਾਕੇ ਪਹਿਲਾਂ ਵਿਧਵਾ ਹੋਈ ਲੰਬੀ ਵਾਸੀ 68 ਸਾਲਾ ਵਿਧਵਾ ਮਨਜੀਤ ਕੌਰ ਨੂੰ ਗਲਤ ਪੈਨਸ਼ਨ ਲੈਣ ਦੀ ‘ਮੁਜਰਮ’ ਕਰਾਰ ਦੇ ਕੇ 30,750 ਰੁਪਏ ਦੀ ਰਿਕਵਰੀ ਦਾ ਨੋਟਿਸ ਭੇਜਿਆ ਹੈ। ਸਮਾਜਿਕ ਸੁਰੱਖਿਆ ਵਿਭਾਗ ਨੇ 15 ਦਿਨਾਂ ਵਿੱਚ ਰਕਮ ਖਜ਼ਾਨੇ ਜਮ੍ਹਾਂ ਨਾ ਕਰਵਾਉਣ ’ਤੇ ਧਾਰਾ 420 ਦੇ ਜੁਰਮ ਦੇ ਭਾਗੇਦਾਰੀ ਹੋਣ ਦੀ ਚਿਤਾਵਨੀ ਦਿੱਤੀ ਹੈ। ਦਲਿਤ ਪਰਿਵਾਰ ਦੀ ਔਰਤ ਮਨਜੀਤ ਕੌਰ ਦਾ ਪਤੀ ਜ਼ੋਰਾ ਸਿੰਘ 2 ਜਨਵਰੀ 1999 ਨੂੰ ਫੌਤ ਹੋ ਗਿਆ ਸੀ। ਉਸ ਨੂੰ ਪਿਛਲੇ ਕਰੀਬ ਦੋ ਦਹਾਕੇ ਤੋਂ ਪੰਜਾਬ ਸਰਕਾਰ ਵੱਲੋਂ ਵਿਧਵਾ ਪੈਨਸ਼ਨ ਮਿਲਦੀ ਆ ਰਹੀ ਹੈ। ਮਹਾਮਾਰੀ ਕਰਕੇ ਰੋਜ਼ੀ ਰੋਟੀ ਚਲਾਉਣ ਦੇ ਫ਼ਿਕਰਾਂ ਵਾਲੇ ਹਾਲਾਤ ਵਿੱਚ ਮਨਜੀਤ ਕੌਰ ਨੂੰ ਪੈਨਸ਼ਨ ਵਾਪਸ ਕਰਨ ਦਾ ਸਰਕਾਰੀ ਫੁਰਮਾਨ ਨੇ ਨਵਾਂ ਕੁਫ਼ਰ ਤੋਲ ਦਿੱਤਾ ਹੈ।
ਲੰਬੀ ਬਲਾਕ ਵਿੱਚ ਕੁੱਲ 993 ਪੈਨਸ਼ਨ ਧਾਰਕਾਂ ਨੂੰ ਗਲਤ ਢੰਗ ਨਾਲ ਪੈਨਸ਼ਨ ਲੈਣ ਕਾਰਨ ਰਿਕਵਰੀ ਦੇ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ਵਿੱਚ ਕੱਖਾਂਵਾਲੀ ਪਿੰਡ ’ਚ 113, ਕੰਦੂਖੇੜਾ ’ਚ 76, ਚੰਨੂ ਪੂਰਬੀ ’ਚ 54, ਆਧਨੀਆਂ ’ਚ 43, ਮਹਿਣਾ ’ਚ 39 ਜਣਿਆਂ ਰਿਕਵਰੀ ਨੋਟਿਸ ਭੇਜੇ ਗਏ ਹਨ। ਪਿੰਡ ਬਾਦਲ ਵਿੱਚ 26 ਮਾਮਲੇ ਹਨ। 68 ਸਾਲਾ ਵਿਧਵਾ ਮਨਜੀਤ ਕੌਰ ਵਾਸੀ ਲੰਬੀ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਕੋਲ ਕੋਈ ਜ਼ਮੀਨ ਨਹੀਂ ਹੈ। ਸਿਰਫ਼ ਇੱਕ ਪੁਰਾਣਾ ਜਿਹਾ ਮਕਾਨ ਹੈ। ਹੋਰ ਕੋਈ ਆਮਦਨੀ ਦਾ ਸਾਧਨ ਨਹੀਂ ਹੈ। ਉਸਨੇ ਸਰਕਾਰ ਤੋਂ ਸੁਆਲ ਕੀਤਾ ਕਿ ਉਸ ਦੇ ਪਤੀ ਦੀ ਮੌਤ ਨੂੰ ਇੱਕੀ ਸਾਲ ਹੋ ਗਏ।
ਪਤੀ ਦਾ ਮੌਤ ਸਰਟੀਫਿਕੇਟ ਪੈਨਸ਼ਨ ਦੇ ਨਾਲ ਲੱਗਿਆ ਸੀ। ਹੁਣ ਉਹ ਪੈਨਸ਼ਨ ਤੋਂ ਅਯੋਗ ਕਿਵੇਂ ਹੋ ਗਈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੀ ਵਿਧਵਾ ਪੈਨਸ਼ਨ ਤੁਰੰਤ ਚਾਲੂ ਕੀਤੇ ਜਾਵੇ ਨਹੀਂ ਤਾਂ ਉਹ ਅਦਾਲਤੀ ਚਾਰਾਜੋਈ ਨੂੰ ਮਜ਼ਬੂਰ ਹੋਵੇਗੀ।