ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਅਗਸਤ
ਮਾਕਰੀਟ ਕਮੇਟੀ ਬਰੀਵਾਲਾ ਬਣਨ ਦੇ ਨਾਲ ਹੀ ਮੁਕਤਸਰ ਦੀ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਸਿੱਧਾ ਟਕਰਾਅ ਉਸ ਵੇਲੇ ਸ਼ੁਰੂ ਹੋ ਗਿਆ ਹੈ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਵਾਈਸ ਚੇਅਰਮੈਨ ਬਲਜੀਤ ਕੌਰ ਦੇ ਪਤੀ ਪਾਲ ਸਿੰਘ ਸੰਧੂ ਤਖਤ ਮਲਾਣਾ ਨੂੰ ਚੇਅਰਮੈਨ ਦੀ ਕੁਰਸੀ ‘ਤੇ ਬੈਠਣ ਦੇ ਕਥਿਤ ਦੋਸ਼ ਵਿੱਚ ਨੋਟਿਸ ਜਾਰੀ ਕਰ ਦਿੱਤਾ ਗਿਆ। ਸਕੱਤਰ ਨੇ ਲਿਖਿਆ ਹੈ ਕਿ ਪਾਲ ਸਿੰਘ ਸੰਧੂ ਕੋਲ ਮਾਰਕੀਟ ਕਮੇਟੀ ਬਰੀਵਾਲਾ ਦਾ ਕੋਈ ਅਹੁਦਾ ਵੀ ਨਹੀਂ ਹੈ ਜਿਸ ਕਰਕੇ ਉਸਨੇ ਦਫ਼ਤਰ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਈ ਹੈ।
ਦੂਜੇ ਪਾਸੇ, ਨੋਟਿਸ ਮਿਲਣ ‘ਤੇ ਕਰਨ ਕੌਰ ਬਰਾੜ ਨੇ ਕਿਹਾ ਕਿ ਇਹ ਮਾਣ-ਮਰਿਆਦਾ ਦਾ ਨਹੀਂ ਬਲਕਿ ਸਿਆਸੀ ਖਿੱਚ-ਧੂਹ ਦਾ ਮਾਮਲਾ ਹੈ ਜੋ ਨੈਤਿਕ ਤੌਰ ‘ਤੇ ਠੀਕ ਨਹੀਂ।
ਦੱਸਣਯੋਗ ਹੈ ਕਿ ਕਮੇਟੀ ਦੀ ਚੇਅਰਮੈਨੀ ‘ਤੇ ਰਾਜਾ ਵੜਿੰਗ ਦਾ ਧੜਾ ਕਾਬਜ਼ ਹੋਣ ਵਿੱਚ ਸਫ਼ਲ ਹੋ ਗਿਆ ਹੈ ਜਦਕਿ ਮੀਤ ਚੇਅਰਮੈਨ ਦੇ ਅਹੁਦੇ ‘ਤੇ ਕਰਨ ਬਰਾੜ ਦਾ ਗਰੁੱਪ ਕਾਬਜ਼ ਹੈ।
ਸਕੱਤਰ ਮਾਰਕੀਟ ਕਮੇਟੀ ਬਰੀਵਾਲਾ ਗੁਰਦੀਪ ਸਿੰਘ ਖਾਰਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਪਰ ਵਾਇਰਲ ਤਸਵੀਰਾਂ ਰਾਹੀਂ ਪਾਲ ਸਿੰਘ ਸੰਧੂ ਦੇ ਚੇਅਰਮੈਨ ਦੀ ਕੁਰਸੀ ‘ਤੇ ਬੈਠਣ ਬਾਰੇ ਪਤਾ ਲੱਗਿਆ ਜਿਸ ’ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਸਦਾ ਵਸੂਲ ਪਾਉਣ ਦੇ 48 ਘੰਟਿਆਂ ਅੰਦਰ ਜਵਾਬ ਦੇਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਵ-ਨਿਯੁਕਤ ਚੇਅਰਮੈਨ ਸੂਬਾ ਸਿੰਘ ਭੁੱਟੀਵਾਲਾ ਦੀ ਤਾਜਪੋਸ਼ੀ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਵੱਲੋਂ ਭਲਕੇ ਕੀਤੀ ਜਾਵੇਗੀ।