ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 1 ਅਗਸਤ
ਪਿੰਡ ਬਾਹਮਣੀ ਵਾਲਾ ’ਚ ਬੀਤੀ ਰਾਤ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਘਰ ’ਚ ਦਾਖ਼ਲ ਹੋ ਕੇ ਇੱਕ ਬਜ਼ੁਰਗ ਜੋੜੇ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਫਾਇਰ ਕੀਤੇ ਗਏ। ਜ਼ਖ਼ਮੀ ਦਲੀਪ ਸਿੰਘ ਪੁੱਤਰ ਦੋਨਾ ਸਿੰਘ ਤੇ ਛਿੰਦੋ ਪਤਨੀ ਦਲੀਪ ਸਿੰਘ ਵਾਸੀ ਬਾਹਮਣੀ ਵਾਲਾ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਦੂਜੇ ਪਾਸੇ ਦੀ ਧਿਰ ’ਚ ਵੀ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜ਼ਖ਼ਮੀ ਦੇ ਭਰਾ ਮੱਖਣ ਸਿੰਘ ਨੇ ਦੱਸਿਆ ਕਿ ਦਲੀਪ ਸਿੰਘ ਆਪਣੀ ਪਤਨੀ ਤੇ ਪੋਤਿਆਂ ਨਾਲ ਬਾਹਮਣੀ ਵਾਲਾ ’ਚ ਰਹਿ ਰਿਹਾ ਹੈ।
ਉਸ ਨੇ ਦੋਸ਼ ਲਾਇਆ ਕਿ ਰਾਤ 11.30 ਵਜੇ ਪੁਲੀਸ ਮੁਲਾਜ਼ਮ ਬਲਵੀਰ ਸਿੰਘ ਤੇ ਜੰਗੀਰ ਸਿੰਘ ਨੇ ਬਾਹਰੋਂ ਗੁੰਡੇ ਮੰਗਵਾ ਕੇ ਦਲੀਪ ਸਿੰਘ ਦੇ ਘਰ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਤੇ 3-4 ਫਾਇਰ ਵੀ ਕੀਤੇ। ਉਸ ਨੇ ਦੋਸ਼ ਲਾਇਆ ਕਿ ਇਸ ਘਟਨਾ ’ਚ ਦਲੀਪ ਸਿੰਘ ਨੂੰ ਸੱਟਾਂ ਲੱਗੀਆਂ ਜਦਕਿ ਉਸਦੀ ਪਤਨੀ ਨਾਲ ਵੀ ਮਾਰਕੁੱਟ ਕੀਤੀ ਗਈ।
ਮੱਖਣ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਐਂਬੂਲੈਂਸ ਨੂੰ ਫੋਨ ਕੀਤਾ ਤੇ ਜ਼ਖ਼ਮੀ ਹਾਲਤ ’ਚ ਇਨ੍ਹਾਂ ਨੂੰ ਸਰਕਾਰੀ ਹਸਪਤਾਲ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਰਸਤੇ ’ਚ ਗੁੰਡਿਆਂ ਨੇ ਐਂਬੂਲੈਂਸ ਰੋਕ ਲਈ, ਪਰ ਡਰਾਈਵਰ ਵੱਲੋਂ ਪੁਲੀਸ ਨੂੰ ਸ਼ਿਕਾਇਤ ਕਰਨ ਦੀ ਚਿਤਾਵਨੀ ਦੇਣ ’ਤੇ ਗੁੰਡੇ ਫ਼ਰਾਰ ਹੋ ਗਏ। ਐੱਸਐੱਚਓ ਥਾਣਾ ਵੈਰੋਕਾ ਪਰਮਜੀਤ ਸਿੰਘ ਨੇ ਕਿਹਾ ਕਿ ਥਾਣਾ ਵੈਰੋਕਾ ਦੇ ਇੱਕ ਏਐੱਸਆਈ ਨੂੰ ਬਿਆਨ ਕਲਮਬੱਧ ਕਰਨ ਲਈ ਭੇਜਿਆ ਹੋਇਆ ਹੈ ਅਤੇ ਪੀੜਤ ਜੋ ਬਿਆਨ ਲਿਖਵਾਉਣਗੇ, ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਮੁਲਾਜ਼ਮ ਨੇ ਦੋਸ਼ ਨਕਾਰੇ
ਪੁਲੀਸ ਮੁਲਾਜ਼ਮ ਬਲਵੀਰ ਸਿੰਘ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਰਾਤ ਨੂੁੰ ਝਗੜਾ ਜ਼ਰੂਰ ਹੋਇਆ ਸੀ, ਪਰ ਉਹ ਝਗੜਾ ਉਨ੍ਹਾਂ ਦੇ ਚਾਚੇ ਨਾਲ ਹੋਇਆ ਸੀ। ਉਸ ਨੇ ਕਿਹਾ ਕਿ ਉਹ ਮੁਲਾਜ਼ਮ ਹੋਣ ਦੇ ਨਾਤੇ ਡਿਊਟੀ ’ਤੇ ਵਾਪਸ ਥਾਣੇ ਆ ਗਿਆ ਸੀ, ਪਰ ਬਾਅਦ ’ਚ ਕੀ ਹੋਇਆ, ਉਸ ’ਚ ਉਸਦੀ ਸ਼ਮੂਲੀਅਤ ਨਹੀਂ ਹੈ।
ਲਾਸ਼ ਮਿਲੀ, ਕਤਲ ਦਾ ਸ਼ੱਕ
ਸਿਰਸਾ (ਪ੍ਰਭੂ ਦਿਆਲ): ਇੱਥੋਂ ਦੀ ਖੰਨਾ ਕਲੋਨੀ ਦੀ ਇੱਕ ਗਲੀ ’ਚੋਂ ਇੱਕ ਵਿਅਕਤੀ ਦੀ ਖ਼ੂਨ ਨਾਲ ਲਥਪਥ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਕੀਰਤੀ ਨਗਰ ਵਾਸੀ ਹੰਸ ਰਾਜ ਵਜੋਂ ਹੋਈ ਹੈ। ਲਾਸ਼ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈ ਗਈ ਹੈ। ਜਾਣਕਾਰੀ ਅਨੁਸਾਰ ਖੰਨਾ ਕਲੋਨੀ ਦੀ ਘੱਟ ਆਵਾਜਾਈ ਵਾਲੀ ਇੱਕ ਗਲੀ ਵਿੱਚ ਕਿਸੇ ਵਿਅਕਤੀ ਨੇ ਇੱਕ ਵਿਅਕਤੀ ਦੀ ਲਾਸ਼ ਵੇਖਕੇ ਇਸ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ। ਸਿਵਲ ਲਾਈਨਜ਼ ਥਾਣਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹੋਈਆਂ ਹਨ। ਮੁੱਢਲੀ ਜਾਂਚ ਤੋਂ ਕਤਲ ਦਾ ਸ਼ੱਕ ਪੈ ਰਿਹਾ ਹੈ। ਪੋਸਟਮਾਰਟਮ ਰਿਪੋਰਟ ਮਿਲਣ ਮਗਰੋਂ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।