ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਗਸਤ
ਸਨਅਤੀ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿਚ ਬੈੱਡ ਨਾ ਮਿਲਣ ਕਾਰਨ ਕਰੋਨਾ ਪੀੜਤ ਮਰੀਜ਼ਾਂ ਦੀਆਂ ਹੋ ਰਹੀਆਂ ਮੌਤਾਂ ਦੇ ਮਾਮਲੇ ’ਚ ਅੱਜ ਆਖ਼ਰਕਾਰ ਪ੍ਰਸ਼ਾਸਨ ਤੇ ਸਰਕਾਰ ਦੀ ਨੀਂਦ ਖੁੱਲ੍ਹ ਗਈ ਹੈ ਅਤੇ ਲੁਧਿਆਣਾ ਪੁੱਜੇ ਵਧੀਕ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਅੱਜ ਸਾਰੇ ਹੀ ਪ੍ਰਾਈਵੇਟ ਹਸਪਤਾਲਾਂ ਨੂੰ 50 ਫ਼ੀਸਦ ਆਈਸੀਯੂ ਤੇ ਵੈਂਟੀਲੇਟਰ ਦੇ ਬੈੱਡਾਂ ਨੂੰ ਕਰੋਨਾ ਦੇ ਮਰੀਜ਼ਾਂ ਲਈ ਰਾਖਵੇਂ ਰੱਖਣ ਦੇ ਹੁਕਮ ਦਿੱਤੇ ਹਨ। ਵਧੀਕ ਪ੍ਰਮੁੱਖ ਸਕੱਤਰ ਅਗਰਵਾਲ ਨੇ ਇਸ ਸਬੰਧੀ ਅੱਜ ਬੱਚਤ ਭਵਨ ’ਚ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਸਾਫ਼ ਕੀਤਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਲਾਪ੍ਰਵਾਹੀ ਹੋਈ ਤਾਂ ਉਹ ਸਹਿਣ ਨਹੀਂ ਕੀਤੀ ਜਾਵੇਗੀ। ਮੀਟਿੰਗ ਵਿਚ ਉਨ੍ਹਾਂ ਦੇ ਨਾਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਐੱਮਡੀ ਤਨੂੰ ਕਸ਼ਯਬ ਵੀ ਸੀ।
ਵਧੀਕ ਪ੍ਰਮੁੱਖ ਸਕੱਤਰ ਅਗਰਵਾਲ ਨੇ ਕਿਹਾ ਕਿ ਲੁਧਿਆਣਾ ਵਿਚ ਲਗਾਤਾਰ ਕਰੋਨਾ ਦੇ ਕੇਸ ਵੱਧ ਰਹੇ ਹਨ, ਜਿਸ ਕਾਰਨ ਹੁਣ ਪ੍ਰਾਈਵੇਟ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਆਈਸੀਯੂ ਤੇ ਵੈਂਟੀਲੇਟਰ ਦੇ ਬੈੱਡਾਂ ਵਿਚੋਂ 50 ਫ਼ੀਸਦ ਬੈੱਡ ਕਰੋਨਾ ਮਰੀਜ਼ਾਂ ਲਈ ਰਾਖਵੇਂ ਰੱਖੇ ਜਾਣ। ਉਨ੍ਹਾਂ ਕਿਹਾ ਕਿ ਹਸਪਤਾਲ ਕਿਸੇ ਵੀ ਹਾਲਤ ਵਿਚ ਮਰੀਜ਼ ਨੂੰ ਬੈੱਡ ਦੇਣ ਤੋਂ ਮਨ੍ਹਾਂ ਨਹੀਂ ਕਰਨਗੇ।