ਗੁਰਦੀਪ ਸਿੰਘ ਭੱਟੀ
ਟੋਹਾਣਾ, 8 ਅਗਸਤ
ਇਥੋਂ ਦੇ ਪਿੰਡ ਰਹਿਣ ਖੇੜੀ ਦੇ ਪਰਿਵਾਰ ਵੱਲੋਂ ਇਕਾਂਤਵਾਸ ਕੀਤੇ ਬਜ਼ੁਰਗ ਦੀ ਮੌਤ ’ਤੇ ਖੁਦ ਹੀ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸਿਹਤ ਵਿਭਾਗ ਟੀਮਾਂ ਦੀ ਕਥਿਤ ਅਣਗਹਿਲੀ ਤੇ ਜ਼ਿਲ੍ਹਾ ਅਧਿਕਾਰੀਆਂ ਵਿੱਚ ਤਾਲਮੇਲ ਦੀ ਘਾਟ ਕਾਰਨ ਹਫ਼ੜਾ-ਤਫ਼ੜੀ ਮੱਚੀ ਹੋਈ ਹੈ। ਸਰਪੰਚ ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਅੱਜ ਸ਼ਮਸ਼ਾਨਘਾਟ ਤੋਂ ਲੈ ਕੇ ਸਾਰੇ ਪਿੰਡ ਨੂੰ ਸੈਨੇਟਾਈਜ਼ ਕੀਤਾ ਗਿਆ। ਮੈਡੀਕਲ ਅਫ਼ਸਰ ਲਵਪ੍ਰੀਤ ਤੇ ਹੈਲਥ ਇੰਸਪੈਕਟਰ ਸਤਪਾਲ ਸਿੰਘ ਦੀ ਅਗਵਾਈ ਵਿੱਚ ਪੰਜ ਟੀਮਾਂ ਨੇ 670 ਲੋਕਾਂ ਦੀ ਥਰਮਲ ਸਕਰੀਨਿੰਗ ਕਰਕੇ ਪਿੰਡ ਦਾ ਡਾਟਾ ਤਿਆਰ ਕੀਤਾ ਹੈ। ਕੰਟੇਨਮੈਂਟ ਜ਼ੋਨ ਦੇ ਇਕ ਘਰ ਦੇ 11 ਮੈਂਬਰਾਂ ਨੂੰ ਇਕਾਂਤਵਾਸ ਤੇ 134 ਮਕਾਨਾਂ ਦੇ 670 ਮੈਂਬਰ ਦੀ ਮੈਡੀਕਲ ਜਾਂਚ ਅੱਜ ਸ਼ਾਮ ਤਕ ਪੂਰੀ ਕਰ ਲਈ ਗਈ ਹੈ। ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ,ਨੇ ਦੱਸਿਆ ਕਿ ਇਕਾਂਤਵਾਸ ਕੀਤੇ ਬਜ਼ੁਰਗ ਦੀ ਮੌਤ ਮਗਰੋਂ ਸੂਚਨਾ ਦੇਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ 9 ਘੰਟੇ ਇੰਤਜ਼ਾਰ ਕਰਵਾਇਆ।
ਡੀਐੱਸਪੀ, ਐੱਸਐੱਚਓ ਤੇ ਚੌਕੀ ਇੰਚਰਾਜਾਂ ਸਣੇ 35 ਦੇ ਹੋਏ ਕਰੋਨਾ ਟੈਸਟ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਇੱਥੇ ਸ਼ਾਹਬਾਦ ਥਾਣੇ ਵਿਚ ਕਰੋਨਾ ਪਾਜ਼ੇਟਿਵ ਮਾਮਲਾ ਆਉਣ ’ਤੇ ਸਰਕਾਰੀ ਹਸਪਤਾਲ ਵਿਚ ਡੀਐੱਸਪੀ ਆਤਮਾ ਰਾਮ ਪੂਨੀਆ, ਐੱਸਐੱਚਓ ਦੇਵਿੰਦਰ ਕੁਮਾਰ ਦੇ ਨਾਲ ਨਾਲ 35 ਪੁਲਿਸ ਕਰਮਚਾਰੀਆਂ ਦੇ ਸੈਂਪਲ ਲਏ ਗਏ। ਡੀਐੱਸਪੀ ਤੇ ਐੱਸਐੱਚਓ ਸਣੇ 8 ਸੈਂਪਲ ਰੈਪਿਡ ਕਿੱਟ ਨਾਲ ਲਏ ਗਏ ਜੋ ਕਿ ਸਾਰੇ ਨੈਗੀਟਿਵ ਆਏ ਹਨ। ਜਦਕਿ ਦੂਜਿਆਂ ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਹੈ। ਡੀਐੱਸਪੀ ਆਤਮਾ ਰਾਮ ਪੂਨੀਆ ਨੇ ਕਿਹਾ ਕਿ ਫਿਲਹਾਲ ਥਾਣੇ ਵਿਚ ਲੋਕਾਂ ਦਾ ਆਉਣਾ ਬੰਦ ਕਰ ਦਿੱਤਾ ਗਿਆ ਹੈ।
ਜ਼ਿਲ੍ਹੇ ਵਿੱਚ ਕਰੋਨਾ ਨੇ ਪੈਰ ਪਸਾਰੇ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਦਾ ਆਂਕੜਾ 500 ਦੇ ਕਰੀਬ ਜਾ ਪੁੱਜਾ ਹੈ। ਅੱਜ ਜ਼ਿਲ੍ਹੇ ਵਿੱਚ 7 ਨਵੇਂਂ ਕੇਸ ਮਿਲੇ ਹਨ ਜਿਨ੍ਹਾਂ ਵਿੱਚੋਂ ਐਬੂਲੈਂਸ ਕੰਟਰੋਲ ਰੂਮ ਦੀ ਮਹਿਲਾ ਕਰਮਚਾਰੀ ਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰ ਸ਼ਾਮਲ ਹਨ।
ਕਰੋਨਾ ਵਾਇਰਸ ਦੇ 14 ਨਵੇਂ ਕੇਸ ਮਿਲੇ
ਯਮੁਨਾਨਗਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਕਰੋਨਾਵਾਇਰਸ ਦੇ 14 ਨਵੇ ਕੇਸ ਮਿਲੇ ਹਨ, ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਦੇ ਚਲਦਿਆਂ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 10 ਹੋ ਗਈ ਹੈ । ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਅਤੇ ਸੁਪਰਡੈਂਟ ਪੁਲੀਸ ਕਮਲਦੀਪ ਗੋਇਲ ਨੇ ਪ੍ਰਭਾਵਿਤ ਕਲੋਨੀਆਂ ਦਾ ਅੱਜ ਦੌਰਾ ਕੀਤਾ।