ਪਵਨ ਕੁਮਾਰ ਵਰਮਾ
ਧੂਰੀ, 29 ਅਗਸਤ
ਸਥਾਨਕ ਸ਼ਿਵਪੁਰੀ ਮੁਹੱਲੇ ਦੇ ਰਹਿਣ ਵਾਲੇ ਇੱਕ ਆੜ੍ਹਤੀਏ ਕਰਮ ਚੰਦ ਪੁੱਤਰ ਕਾਕਾ ਰਾਮ ਨਾਲ ਆਨਲਾਈਨ ਬੀਮਾ ਪਾਲਿਸੀਆਂ ਦੇ ਨਾਂ ’ਤੇ ਇਕ ਕਰੋੜ 2 ਲੱਖ ਰੁਪਏ ਦੀ ਠੱਗੀ ਹੋ ਗਈ। ਇਸ ਸਬੰਧੀ ਥਾਣਾ ਸਿਟੀ ਧੂਰੀ ਦੀ ਪੁਲੀਸ ਨੇ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਦੇ ਐੱਸਐੱਚਓ ਦਰਸ਼ਨ ਸਿੰਘ ਨੇ ਦੱਸਿਆ ਕਿ ਧੂਰੀ ਦੇ ਰਹਿਣ ਵਾਲੇ ਕਰਮ ਚੰਦ ਨੇ ਐੱਸਐੱਸਪੀ ਸੰਗਰੂਰ ਕੋਲ ਦਰਖ਼ਾਸਤ ਦਿੱਤੀ ਸੀ ਕਿ ਉਹ 2013 ਤੋਂ ਵੱਖ-ਵੱਖ ਆਨਲਾਈਨ ਬੀਮਾ ਪਾਲਿਸੀਆਂ ਖਰੀਦਣ ਦੇ ਚੱਕਰ ਵਿੱਚ ਕਰੀਬ ਇਕ ਕਰੋੜ 2 ਲੱਖ ਰੁਪਏ ਗੁਆ ਚੁੱਕਾ ਹੈ। ਕਰਮ ਚੰਦ ਦੀ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਮੋਹਿਤ ਅਗਰਵਾਲ ਵੱਲੋਂ ਕੀਤੀ ਗਈ ਜਿਸ ਵਿੱਚ ਕਰਮ ਚੰਦ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਤੇ 17 ਬੈਂਕਾਂ ਦੀਆਂ ਬਰਾਂਚਾਂ ਦੇ ਕਰੀਬ 61 ਬੈਂਕ ਖਾਤਿਆਂ ਵਿੱਚ ਪਾਏ ਗਏ ਇਕ ਕਰੋੜ 2 ਲੱਖ ਰੁਪਏ ਤੇ ਕਰਮ ਚੰਦ ਦੇ ਬਿਆਨਾਂ ਦੇ ਅਧਾਰ ’ਤੇ ਪੁਲੀਸ ਨੇ ਰਾਜੇਸ਼ ਬਜਾਜ ਵਾਸੀ ਦਿੱਲੀ, ਰਵੀ ਮਿਸ਼ਰਾ ਵਾਸੀ ਫ਼ਰੀਦਾਬਾਦ, ਆਕਾਸ਼ ਸਿੰਘ, ਆਸ਼ੂਤੋਸ਼, ਹਰੀ ਓਮ ਵਾਸੀ ਉੱਤਰ ਪ੍ਰਦੇਸ਼ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।