ਬਾਰੂ ਸਤਵਰਗ
ਇਨਕਲਾਬੀ ਯੋਧਾ
ਸਾਲ 1969 ਦਾ ਜਨਵਰੀ ਮਹੀਨਾ ਚੱਲ ਰਿਹਾ ਸੀ। ਬਠਿੰਡੇ ਦੇ ਤਿਆਰ ਹੋ ਰਹੇ ਗੁਰੂ ਨਾਨਕ ਥਰਮਲ ਪਲਾਂਟ ਤੋਂ ਮੀਲ ਜਾਂ ਸਵਾ ਮੀਲ ਦੂਰ ਦੱਖਣ ਵੱਲ ਨੂੰ ਇੱਕ ਪਾਰਕ ਸੀ। ਗੜੇ ਵਰਗੀ ਠੰਢੀ ਧੁੰਦ, ਪਾਰਕ ਵਿਚਕਾਰਲੀ ਕੱਚੀ ਸੜਕ ਦੇ ਦੋਵਾਂ ਪਾਸਿਆਂ ਦੀਆਂ ਖਾਲ਼ੀਆਂ ’ਚ ਨਿੰਮੋਝੂਣੇ ਹੋਏ ਖੜ੍ਹੇ ਗੇਂਦੇ-ਗੁਲਾਬ ਦੇ ਬੂਟਿਆਂ ਨੂੰ ਲੱਗੇ ਫੁੱਲਾਂ ਦਾ ਸਿਦਕ ਪਰਖਦੀ ਜਾਪ ਰਹੀ ਸੀ। ਲੰਮੇ-ਚੌੜੇ ਕਮਰੇ ਵਿੱਚੋਂ ਰੌਸ਼ਨੀ ਰੌਸ਼ਨਦਾਨ ਰਾਹੀਂ ਬਾਹਰ ਆਉਂਦੀ ਕੱਚੀ ਸੜਕ ’ਤੇ ਪੈ ਰਹੀ ਸੀ। ਉਸ ਕਮਰੇ ਅੰਦਰ ਬੂਹੇ ਵੱਲ ਨੂੰ ਕੰਧ ਨਾਲ ਬੂਟਾਂ, ਰਕਾਬੀਆਂ ਅਤੇ ਜੋੜਿਆਂ ਦੀ ਲੰਬੀ ਲਾਈਨ ਲੱਗੀ ਨਜ਼ਰ ਆ ਰਹੀ ਸੀ। ਕਮਰੇ ਦੇ ਫਰਸ਼ ਉਤਲੀ ਦਰੀ ’ਤੇ ਵਿਛੇ ਗਦੈਲਿਆਂ ’ਤੇ ਅਲੱਗ-ਅਲੱਗ ਉਮਰਾਂ ਵਾਲੇ ਪੱਚੀ-ਛੱਬੀ ਜਣੇ ਕੰਬਲ, ਲੋਈ ਜਾਂ ਖੇਸ ਦੀ ਬੁੱਕਲ ਮਾਰੀ ਬੈਠੇ ਸਨ। ਤਕਰੀਬਨ ਸਾਰਿਆਂ ਨੇ ਲੱਤਾਂ ’ਤੇ ਰਜਾਈਆਂ ਲਈਆਂ ਹੋਈਆਂ ਸਨ। ਉਹ ਸਾਰੇ ਪ੍ਰੋ. ਭਜਨ (ਪ੍ਰੋ. ਹਰਭਜਨ ਸੋਹੀ) ਵੱਲੋਂ ਖੱਬੇ ਹੱਥ ਬੈਠੇ ਧੌਲੀ ਦਾੜ੍ਹੀ-ਮੁੱਛਾਂ ਅਤੇ ਕਾਲੀ ਪੱਗ ਵਾਲੇ ਬਜ਼ੁਰਗ ਬਾਰੇ ਦਿੱਤੀ ਜਾ ਰਹੀ ਜਾਣਕਾਰੀ ਸੁਣਨ ਵਿੱਚ ਮਗਨ ਨਜ਼ਰ ਆ ਰਹੇ ਸਨ। ਉਸ ਬਜ਼ੁਰਗ ਨੇ ਭਾਰੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ। ਪ੍ਰੋ. ਭਜਨ ਉਸ ਬਜ਼ੁਰਗ ਬਾਰੇ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਦੇ ਰਿਹਾ ਸੀ:
‘‘…ਸਾਥੀਓ! ਇਨ੍ਹਾਂ ਬਜ਼ੁਰਗਾਂ ਨੇ ਆਪਣੀ ਚੜ੍ਹਦੀ ਜਵਾਨੀ ਸਮੇਂ ਗ਼ਦਰ ਲਹਿਰ ਨਾਲ ਨਾਤਾ ਜੋੜ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਜਦੋਂ ਗ਼ਦਰ ਲਹਿਰ ਲਹਾਅ ’ਚ ਸੀ ਤਾਂ ਇਹ ਸਾਥੀ ਅਤੇ ਕਈ ਹੋਰ ਦੇਸ਼ਭਗਤ ਖ਼ਤਰਨਾਕ ਜੰਗਲੀ-ਪਹਾੜੀ ਰਾਹਾਂ ਰਾਹੀਂ ਪੈਦਲ ਤੁਰ ਕੇ ਰੂਸ ਗਏ ਸਨ ਜਿੱਥੇ ਇਨ੍ਹਾਂ ਨੇ ਉਸਰ ਰਹੇ ਸਮਾਜਵਾਦ ਨੂੰ ਨੇੜੇ ਤੋਂ ਦੇਖਿਆ। ਮਾਰਕਸਵਾਦ-ਲੈਨਿਨਵਾਦ ਬਾਰੇ ਕਾਮਰੇਡ ਸਟਾਲਿਨ ਵੱਲੋਂ ਲਾਏ ਗਏ ਸਟੱਡੀ ਸਰਕਲ ਅਟੈਂਡ ਕੀਤੇ। ਫਿਰ ਇਨ੍ਹਾਂ ਨੇ ਪੰਜਾਬ ਪਰਤ ਕੇ ਕਿਰਤੀ ਪਾਰਟੀ ਬਣਾਈ ਜਿਸ ਦਾ ਬਾਅਦ ਵਿੱਚ ਬਣੀ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਰਲੇਵਾਂ ਹੋ ਗਿਆ। ਕਮਿਊਨਿਸਟ ਪਾਰਟੀ ਅੰਦਰਲੇ ਸੱਜੇ ਰੁਝਾਨ ਨਾਲ ਬਾਬਾ ਜੀ ਨੇ ਕਦੇ ਸਮਝੌਤਾ ਨਹੀਂ ਕੀਤਾ। ਹਿੰਦ-ਚੀਨ ਜੰਗ ਸਮੇਂ ਕਮਿਊਨਿਸਟ ਪਾਰਟੀ ਵੱਲੋਂ ਮੌਕਾਪ੍ਰਸਤ ਸਟੈਂਡ ਲੈਣ ਕਾਰਨ ਸੀਪੀਆਈਐੱਮ ਬਣੀ। ਬਾਬਾ ਜੀ ਇਸ ਨਵੀਂ ਪਾਰਟੀ ਵਿੱਚ ਸ਼ਾਮਲ ਹੋ ਗਏ। ਜਦ ਸੀਪੀਆਈਐੱਮ ਜਮਾਤੀ ਲੜਾਈ ਦੀ ਥਾਂ ਬੁਰਜ਼ੂਆ ਪਾਰਲੀਮਾਨੀ ਚੋਣਾਂ ਦੇ ਰਾਹ ਪਈ ਤਾਂ ਇਨ੍ਹਾਂ ਨੇ ਉਸ ਦੀ ਜਮਾਤੀ ਸਾਂਝ-ਭਿਆਲੀ ਵਾਲੀ ਲਾਈਨ ਦਾ ਡੱਟ ਕੇ ਵਿਰੋਧ ਕੀਤਾ ਸੀ ਜਿਸ ਕਾਰਨ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ। ਇਸ ਸਾਥੀ ਨੇ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ ਅਤੇ ਲੋਕਾਂ ਦੀ ਮੁਕਤੀ ਲਈ ਜ਼ਿੰਦਗੀਆਂ ਵਾਰਨ ਵਾਲੇ ਦੇਸ਼ਭਗਤਾਂ ਦੀ ਯਾਦ ਵਿੱਚ ਜਲੰਧਰ ਵਿੱਚ ਦੇਸ਼ ਭਗਤ ਯਾਦਗਰ ਉਸਾਰਨ ਲਈ ਦਿਨ-ਰਾਤ ਇੱਕ ਕੀਤਾ। ਜਦੋਂ ‘ਜ਼ਮੀਨ ਹਲ਼ ਵਾਹਕ ਦੀ’ ਦੇ ਨਾਅਰੇ ਨੂੰ ਅਮਲੀਜਾਮਾ ਪਹਿਨਾਉਣ ਲਈ ਬੰਗਾਲ ਵਿੱਚ ਨਕਸਲਬਾੜੀ ਲਹਿਰ ਉੱਠੀ ਤਾਂ ਉੱਥੋਂ ਦੀ ਅਖੌਤੀ ਖੱਬੇ ਪੱਖੀ ਸਰਕਾਰ ਨੇ ਮਜ਼ਦੂਰਾਂ-ਕਿਸਾਨਾਂ ਨੂੰ ਗੋਲੀਆਂ ਨਾਲ ਭੁੰਨਣ ਦਾ ਰਾਹ ਅਖਤਿਆਰ ਕੀਤਾ। ਇਸ ਸਾਥੀ ਨੇ ਕਈ ਹੋਰ ਸਾਥੀਆਂ ਨਾਲ ਮਿਲ ਕੇ ਪੰਜਾਬ ਦੇ ਕਮਿਊਨਿਸਟ ਇਨਕਲਾਬੀਆਂ ਦੀ ਕੋਆਰਡੀਨੇਸ਼ਨ ਕਮੇਟੀ ਬਣਾਈ। ਉਸੇ ਕੋਆਰਡੀਨੇਸ਼ਨ ਕਮੇਟੀ ਵੱਲੋਂ ਹੀ ਬਾਬਾ ਜੀ ਦੀ ਡਿਊਟੀ ਸਾਡੀ ਕਲਾਸ ਲੈਣ ਦੀ ਲਾਈ ਗਈ ਹੈ ਕਿਉਂਕਿ ਇਹ ਵਿਰੋਧ ਵਿਕਾਸ ਇਤਿਹਾਸਕ ਪਦਾਰਥ ਬਾਰੇ ਸਟੱਡੀ ਸਰਕਲ ਲਾਉਣ ਦੀ ਮੁਹਾਰਤ ਰੱਖਦੇ ਹਨ…।’’ ਪ੍ਰੋ. ਭਜਨ ਨੇ 1-2 ਮਿੰਟ ਹੋਰ ਬੋਲਣ ਮਗਰੋਂ ਆਪਣੀ ਗੱਲ ਸਮੇਟੀ। ਫਿਰ ਸਟੱਡੀ ਸਰਕਲ ਦੀ ਕਾਰਵਾਈ ਚਲਾ ਰਹੇ ਬੰਤ ਰਾਏਪੁਰ ਨੇ ਕਿਹਾ, ‘‘…ਸਾਥੀਓ! ਕਾਮਰੇਡ ਭਜਨ ਬਾਬਾ ਜੀ ਦੀ ਸਿਆਸੀ ਲਾਈਫ ਬਾਰੇ ਦੱਸ ਹੀ ਚੁੱਕੇ ਐ। ਬਾਬਾ ਜੀ ਦੀ ਇਨਕਲਾਬੀ ਦ੍ਰਿੜ੍ਹਤਾ ਆਪਣੇ ਸਾਹਮਣੇ ਹੁਣ ਵੀ ਪ੍ਰਗਟ ਹੋ ਰਹੀ ਐ। ਜਿਹੜੇ ਇਹ ਇਸ ਉਮਰ ਵਿੱਚ ਅਤੇ ਇਹੋ ਜਿਹੀ ਕੜਾਕੇ ਦੀ ਠੰਢ ਵਿੱਚ ਅਤੇ ਨਜ਼ਲੇ ਦੀ ਮਰਜ਼ ਤੋਂ ਬੁਰੀ ਤਰ੍ਹਾਂ ਪੀੜਤ ਹੋਣ ਦੇ ਬਾਵਜੂਦ ਆਪਣੇ ਵਿੱਚ ਬਿਰਾਜਮਾਨ ਹਨ। ਵੈਸੇ ਅਸੀਂ ਤਾਂ ਇਨ੍ਹਾਂ ਦੀ ਇਸ ਮਰਜ਼ ਨੂੰ ਮਹਿਸੂਸ ਕਰਦਿਆਂ ਸਟੱਡੀ ਸਰਕਲ ਅੱਗੇ ਪਾਉਣ ਦੀ ਬੇਨਤੀ ਕੀਤੀ ਸੀ। ਪਰ ਇਨ੍ਹਾਂ ਨੇ ਸਟੱਡੀ ਸਰਕਲ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਸਾਡੀ ਬੇਨਤੀ ਮਨਜ਼ੂਰ ਨਹੀਂ ਕੀਤੀ। ਸੋ ਮੇਰੀ ਸਾਰੇ ਸਾਥੀਆਂ ਨੂੰ ਅਪੀਲ ਐ ਕਿ ਬਾਬਾ ਜੀ ਜਿਹੋ-ਜਿਹੀ ਸਰੀਰਕ ਹਾਲਤ ’ਚ ਅਤੇ ਜਿੰਨੇ ਮਹੱਤਵਪੂਰਨ ਵਿਸ਼ੇ ’ਤੇ ਸਟੱਡੀ ਸਰਕਲ ਲਾ ਰਹੇ ਐ, ਆਪਾਂ ਨੂੰ ਇਨ੍ਹਾਂ ਦੋਵਾਂ ਪੱਖਾਂ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਐ। ਇਨ੍ਹਾਂ ਦੀ ਇੱਕ-ਇੱਕ ਕੀਮਤੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਨਾ ਚਾਹੀਦਾ ਐ।’’ ਬੰਤ ਰਾਏਪੁਰ ਜਦ ਬੋਲ ਰਿਹਾ ਸੀ ਤਾਂ ਉਸ ਸਮੇਂ ਬਾਬਾ ਜੀ ਆਪਣੇ ਕੋਲ ਪਈ ਰੱਦੀ ਕਾਪੀ ਵਿਚੋਂ ਪੱਟੇ ਵਰਕੇ ਨਾਲ ਨੱਕ ਸਾਫ਼ ਕਰਕੇ ਉਸ ਕਾਗ਼ਜ਼ ਨੂੰ ਕੋਲ ਪਏ ਕੂੜੇਦਾਨ ਵਿੱਚ ਸੁੱਟ ਰਹੇ ਸਨ। ਬੰਤ ਰਾਏਪੁਰ ਨੇ ਬਾਬਾ ਜੀ ਵੱਲ ਸਤਿਕਾਰ ਭਰੀ ਨਜ਼ਰ ਨਾਲ ਤੱਕਦਿਆਂ ਕਿਹਾ, ‘‘ਚੱਲੋ ਬਾਬਾ ਜੀ, ਕਰੋ ਗੱਲ ਸ਼ੁਰੂ।’’ ਉਸ ਦੇ ਬੋਲ ਹਟਣ ਦੇ ਨਾਲ ਹੀ ਬਾਬਾ ਜੀ ਆਪਣੇ ਹੱਥ ਵਿਚਲੇ ਰੁਮਾਲ ਨਾਲ ਦਾੜ੍ਹੀ-ਮੁੱਛਾਂ ਸਾਫ਼ ਕਰਕੇ ਅਤੇ ਰੁਮਾਲ ਮੁੜ ਆਪਣੀ ਜਾਕਟ ਦੀ ਜੇਬ੍ਹ ਵਿੱਚ ਪਾ ਕੇ ਬੋਲਣ ਲੱਗੇ:
‘‘ਨੌਜਵਾਨ ਸਾਥੀਓ! ਪਦਾਰਥ ਜਾਂ ਬ੍ਰਹਿਮੰਡ ਜਾਂ ਕੁਦਰਤ ਇੱਕੋ ਚੀਜ਼ ਦੇ ਅਲੱਗ-ਅਲੱਗ ਨਾਮ ਨੇ। ਏਦਾਂ ਈ ਆਤਮਾ ਜਾਂ ਵਿਚਾਰ ਜਾਂ ਚੇਤਨਾ ਇੱਕੋ ਚੀਜ਼ ਦੇ ਅਲੱਗ-ਅਲੱਗ ਨਾਮ ਨੇ। ਲੇਕਿਨ ਪਹਿਲੇ ਨਾਵਾਂ ਵਾਲੀ ਚੀਜ਼ ਅਤੇ ਦੂਸਰੇ ਨਾਵਾਂ ਵਾਲੀ ਚੀਜ਼ ਦਰਮਿਆਨ ਅੰਤਰ ਏ। ਜਿੱਦਾਂ ਪਹਿਲੀ ਚੀਜ਼ ਦਾ ਰੰਗ, ਰੂਪ, ਆਕਾਰ ਤੇ ਸ਼ਕਲ ਵਗੈਰਾ ਏ। ਦੂਸਰੀ ਚੀਜ਼ ਦਾ ਨਾ ਰੰਗ ਏ, ਨਾ ਰੂਪ, ਨਾ ਈ ਆਕਾਰ ਜਾਂ ਸ਼ਕਲ ਵਗੈਰਾ ਏ।’’ ਬਾਬਾ ਜੀ ਪਦਾਰਥ ਅਤੇ ਵਿਚਾਰ ਦੇ ਬੁਨਿਆਦੀ ਫ਼ਰਕ ਬਾਰੇ ਚਾਨਣਾ ਪਾਉਣ ਮਗਰੋਂ ਪਦਾਰਥ ਆਧਾਰਿਤ ਫ਼ਲਸਫੇ ਅਤੇ ਵਿਚਾਰ ਆਧਾਰਿਤ ਫਲਸਫੇ ਬਾਰੇ ਚਾਨਣਾ ਪਾਉਣ ਲੱਗ ਗਏ ਸਨ, ‘‘…ਏਦਾਂ ਈ ਭਾਈ ਨੌਜਵਾਨੋ! ਇਨ੍ਹਾਂ ਦੋਵਾਂ ਚੀਜ਼ਾਂ ’ਤੇ ਨਿਰਭਰਤਾ ਰੱਖਣ ਵਾਲੇ ਫਲਸਫ਼ਿਆਂ ਵਿੱਚ ਵੀ ਅੰਤਰ ਏ। ਮੁੱਖ ਗੱਲ ਤਾਂ ਪਦਾਰਥ ਦੇ ਅੰਦਰੂਨੀ ਭੇਤ ਨੂੰ ਸਮਝਣ ਦੀ ਏ। ਪਰ ਵਿਚਾਰ ਜਾਂ ਆਤਮਾ ਨੂੰ ਬੁਨਿਆਦ ਮੰਨਣ ਵਾਲੇ ਅਧਿਆਤਮਵਾਦੀ ਫਲਸਫ਼ੇ ਦੀ ਅਪਰੋਚ (ਪਹੁੰਚ) ਸਿਰਫ਼ ਤੇ ਸਿਰਫ਼ ਇਹੋ ਏ ਕਿ ਪਦਾਰਥ ਬ੍ਰਹਿਮੰਡ ਜਾਂ ਸ਼੍ਰਿਸ਼ਟੀ ਕਿਸੇ ਬਾਹਰੀ (ਇਸ ਸੰਸਾਰ ਤੋਂ ਬਾਹਰੀ) ਅਮੂਰਤ ਸ਼ਕਤੀ ਦੀ ਉਪਜ ਏ। ਉਹੀ ਅਮੂਰਤ ਸ਼ਕਤੀ ਇਸ ਨੂੰ ਚਲਾ ਰਹੀ ਏ। ਮਨੁੱਖ ਇਸਦਾ ਭੇਦ ਨਹੀਂ ਪਾ ਸਕਦਾ।’’ ਬਾਬਾ ਜੀ ਦੀ ਚੱਲਦੀ ਗੱਲ ’ਚ ਉਜਾਗਰ ਭੁੱਚੋ ਵਿਅੰਗਮਈ ਅੰਦਾਜ਼ ’ਚ ਬੋਲਿਆ, ‘‘ਹੋ ਸਕਦੈ ਬਾਬਾ ਜੀ ! ਅਧਿਆਤਮਵਾਦੀ ਜਨਤਾ ਦੇ ਦਿਮਾਗ਼ ਨੂੰ ਕਸ਼ਟ ਦੇਣ ਦਾ ਪਾਪ ਕਰਨ ਤੋਂ ਗੁਰੇਜ਼ ਕਰਦੇ ਹੋਣ। ਆਖ਼ਰ ਪਦਾਰਥ ਨੂੰ ਸਮਝਣ ’ਚ ਦਿਮਾਗ਼ ਤਾਂ ਖਰਚ ਕਰਨਾ ਹੀ ਪੈਂਦਾ ਐ।’’
‘‘ਜੇ ਜੈਨੀ ਜੀਵ ਹੱਤਿਆ ਕਰਨ ਤੋਂ ਬਚਣ ਖ਼ਾਤਰ ਮੂੰਹ ’ਤੇ ਪੱਟੀ ਬੰਨ੍ਹ ਕੇ ਨੰਗੇ ਪੈਰੀਂ ਤੁਰ ਸਕਦੇ ਐ ਤਾਂ ਫਿਰ ਦੂਸਰੇ ਅਧਿਆਤਮਵਾਦੀ ਪਦਾਰਥ ਨੂੰ ਸਮਝਣ ਦੇ ਚੱਕਰ ਤੋਂ ਲੋਕਾਂ ਨੂੰ ਬਚਾਉਣ ਖ਼ਾਤਰ ਆਪਣਾ ਗੁਰਮੰਤਰ ਕਿਉਂ ਨਹੀਂ ਦੱਸ ਸਕਦੇ।’’ ਉਜਾਗਰ ਭੁੱਚੋ ਵੱਲੋਂ ਸੁੱਟੇ ਨਹਿਲੇ ’ਤੇ ਪ੍ਰੋ. ਭਜਨ ਵੱਲੋਂ ਦਹਿਲਾ ਮਾਰਿਆ ਗਿਆ ਸੀ। ਉਨ੍ਹਾਂ ਦੇ ਨਹਿਲਿਆਂ-ਦਹਿਲਿਆਂ ਨੂੰ ਕੱਟਣ ਲਈ ਬੰਤ ਰਾਏਪੁਰ ਵੱਲੋਂ ਰੰਗ ਦੀ ਦੁੱਕੀ ਦੀ ਕਾਟ ਲਾਈ ਗਈ:
‘‘ਬਈ! ਐਂ ਤਾਂ ਲੋਕ ਹਿਤੈਸ਼ੀ ਸੱਜਣ ਠੱਗ ਵੀ ਸੀ ਜਿਹੜਾ ਰਾਹੀਆਂ ਪਾਂਧੀਆਂ ਨੂੰ ਲੰਗਰ ਅਤੇ ਟਿਕਾਣਾ ਦੇਣ ਦੇ ਬਹਾਨੇ ਰਾਤ ਨੂੰ ਉਨ੍ਹਾਂ ਦੇ ਖੀਸੇ-ਜੇਬ੍ਹਾਂ ਵੀ ਸਾਫ਼ ਕਰ ਦਿੰਦਾ ਸੀ।’’ ਉਨ੍ਹਾਂ ਤਿੰਨਾਂ ਵੱਲੋਂ ਵਿਅੰਗਮਈ ਅੰਦਾਜ਼ ’ਚ ਕੀਤੀਆਂ ਗੱਲਾਂ ਨਾਲ ਕਮਰੇ ’ਚ ਹਾਸੜ ਮੱਚ ਗਿਆ। ਬਾਬਾ ਜੀ ਵੀ ਬੁੱਲ੍ਹਾਂ ’ਚ ਮੁਸਕਰਾਏ ਸਨ। ਕੁਝ ਪਲਾਂ ਬਾਅਦ ਕਮਰੇ ਅੰਦਰਲਾ ਮਾਹੌਲ ਫਿਰ ਸੰਜੀਦਾ ਹੋ ਗਿਆ। ਬਾਬਾ ਜੀ ਆਪਣੀ ਗੱਲ ਅਗਾਂਹ ਤੋਰਦੇ ਪਦਾਰਥਵਾਦ ਦੇ ਨਿਯਮਾਂ ਵਿਰੋਧਤਾਈ, ਵਿਰੋਧਤਾਈ ਦੀ ਸਰਬਵਿਆਪਕਤਾ, ਵਿਕਾਸ ਅਤੇ ਗਤੀ ਦੇ ਨਿਯਮਾਂ ਬਾਰੇ ਸਮਝਾਉਣ ਲੱਗ ਗਏ। ਇਕੱਲੇ-ਇਕੱਲੇ ਨਿਯਮ ਨੂੰ ਸੌਖੇ ਤੋਂ ਸੌਖੇ ਸ਼ਬਦਾਂ ਅਤੇ ਰੌਚਕ ਤੋਂ ਰੌਚਕ ਢੰਗ ਰਾਹੀਂ ਸਮਝਾਉਂਦਿਆਂ ਬਾਬਾ ਜੀ ਨੂੰ ਰਾਤ ਦੇ ਗਿਆਰਾਂ ਵੱਜ ਗਏ ਸਨ।
ਵਾਲੰਟੀਅਰ ਸਟੱਡੀ ਸਰਕਲ ਦੇ ਟਾਈਮ ਟੇਬਲ ਮੁਤਾਬਿਕ ਗਲਾਸਾਂ ਵਿਚਲੀ ਭਾਫਾਂ ਛੱਡਦੀ ਚਾਹ ਲੈ ਆਏ ਸਨ। ਇਸ ਲਈ ਸਟੱਡੀ ਸਰਕਲ ਵਿੱਚ ਪੰਦਰਾਂ ਮਿੰਟ ਦੀ ਬਰੇਕ ਦਿੱਤੀ ਗਈ। ਸਾਰੇ ਗਰਮ-ਗਰਮ ਚਾਹ ਪੀਣ ਦੇ ਨਾਲ ਹਾਸੇ-ਮਖੌਲ ਵਾਲੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵੀ ਕਰੀ ਜਾ ਰਹੇ ਸਨ। ਵਾਲੰਟੀਅਰ ਨੇ ਬਾਬਾ ਜੀ ਨੂੰ ਕੋਸੇ ਪਾਣੀ ਵਾਲਾ ਗਿਲਾਸ ਲਿਆ ਕੇ ਦਿੱਤਾ। ਬੇਸ਼ੱਕ ਨਜ਼ਲਾ ਪਹਿਲਾਂ ਨਾਲੋਂ ਵਧਿਆ ਹੋਇਆ ਸੀ, ਪਰ ਉਨ੍ਹਾਂ ਨੇ ਨੀਂਦ ਆਉਣ ਦੇ ਡਰੋਂ ਨਜ਼ਲੇ ਵਾਲੀ ਗੋਲੀ ਨਹੀਂ ਲਈ। ਬਾਬਾ ਜੀ ਕਮਰਿਓਂ ਬਾਹਰ ਕੋਸੇ ਪਾਣੀ ਨਾਲ ਹੱਥ ਧੋ ਕੇ ਮੁੜ ਕਮਰੇ ’ਚ ਆ ਕੇ ਚਾਹ ਪੀਣ ਲੱਗ ਗਏ ਸਨ।
ਪੰਦਰਾਂ ਮਿੰਟ ਦੀ ਬਰੇਕ ਖ਼ਤਮ ਹੋ ਗਈ। ਸਾਰੇ ਆਪੋ-ਆਪਣੀਆਂ ਥਾਵਾਂ ’ਤੇ ਬੈਠ ਗਏ। ਬਾਬਾ ਜੀ ਨੇ ਕੰਬਲ ਦੀ ਬੁੱਕਲ ਦੇ ਹੇਠਲੇ ਪੱਲੇ ਨਾਲ ਆਪਣੇ ਪੈਰ ਢੱਕਦਿਆਂ ਪੁੱਛਿਆ, ‘‘ਸਾਰੇ ਸਾਥੀ ਆ ਗਏ? ਕੋਈ ਬਾਹਰ ਤਾਂ ਨਹੀਂ ਰਿਹਾ ?’’ ‘‘ਸਾਰੇ ਸਾਥੀ ਆ ਗਏ ਬਾਬਾ ਜੀ!’’ ਉਜਾਗਰ ਭੁੱਚੋ ਵੱਲੋਂ ਕਮਰੇ ’ਚ ਘੋਖਵੀਂ ਨਜ਼ਰ ਮਾਰਨ ਬਾਅਦ ਇਹ ਜਵਾਬ ਦਿੱਤਾ ਗਿਆ ਸੀ। ਬਾਬਾ ਜੀ ਗੱਲ ਦੀ ਟੁੱਟੀ ਲੜੀ ਜੋੜਨ ਲੱਗੇ, ‘‘… ਭਾਈ! ਬਰੇਕ ਤੋਂ ਪਹਿਲਾਂ ਆਪਾਂ ਜਿਹੜੀ ਵਿਰੋਧ ਵਿਕਾਸ ਦੀ ਸਰਬਵਿਆਪਕਤਾ ਬਾਰੇ ਗੱਲ ਕਰਕੇ ਆਏ ਆਂ, ਉਸਦੀ ਖੋਜ ਵੈਸੇ ਪਹਿਲਾਂ ਹੀਗਲ ਨਾਂ ਦੇ ਫਲਾਸਫਰ ਨੇ ਕਰ ਲਈ ਸੀ, ਪਰ ਉਹ ਇਸਦੀ ਹੋਂਦ ਨੂੰ ਵਿਚਾਰਾਂ ’ਚ ਹੀ ਮੰਨਦਾ ਸੀ। ਪਦਾਰਥ ’ਚ ਤਾਂ ਇਹ ਮਾਰਕਸ ਨੇ ਈ ਖੋਜੀ।’’ ਬਾਬਾ ਜੀ ਬੋਲਦੇ-ਬੋਲਦੇ ਵਿਗਿਆਨਕ ਖੇਤਰਾਂ ’ਚ ਕਾਰਜਸ਼ੀਲ, ਵਿਰੋਧ ਵਿਕਾਸ ਦੇ ਨਿਯਮ ਦੀ ਹੋਂਦ ਦੀਆਂ ਉਦਾਹਰਣਾਂ ਦੇਣ ਲੱਗੇ ਸਨ। ਬਾਬਾ ਜੀ ਵਿਰੋਧ ਵਿਕਾਸ ਦੀ ਸਰਬਵਿਆਪਕਤਾ ਬਾਰੇ ਗੱਲ ਕਰਦੇ ਕਰਦੇ ਚਲਦੀ ਗੱਲ ਨੂੰ ਮਨੁੱਖੀ ਸਮਾਜ ਵਿਗਿਆਨ ਵੱਲ ਸੇਧਤ ਕਰਨ ਲੱਗ ਪਏ ਸਨ, ‘‘…ਜੀਵ ਵਿਗਿਆਨੀ ਚਾਰਲਸ ਡਾਰਵਿਨ ਆਪਣੀਆਂ ਖੋਜਾਂ ਰਾਹੀਂ ਸਿੱਧ ਕਰ ਚੁੱਕਾ ਏ ਕਿ ਜੀਵ ਨਿਰਜੀਵ ਪਦਾਰਥ ’ਚ ਪੈਦਾ ਹੋਇਆ ਏ। ਇਸ ਮੁੱਢਲੀ ਨਸਲ ਦੇ ਮਨੁੱਖ, ਜਾਨਵਰਾਂ ਨਾਲੋਂ ਬਹੁਤੇ ਸਿਆਣੇ ਨਹੀਂ ਸਨ। ਦਰਅਸਲ, ਉਹ ਮਨੁੱਖ ਉਦੋਂ ਸਿਆਣੇ ਹੋਣੇ ਸ਼ੁਰੂ ਹੋਏ ਸਨ ਜਦ ਭੁੱਖ-ਪਿਆਸ ਮਿਟਾਉਣ ਦੀ ਜ਼ਰੂਰਤ ’ਚ ਉਨ੍ਹਾਂ ਨੂੰ ਸੰਦ ਦੀ ਵਰਤੋਂ ਕਰਨ ਦਾ ਫੁਰਨਾ ਫੁਰਿਆ ਹੋਵੇਗਾ…’’ ਬਾਬਾ ਜੀ ਦੀ ਚੱਲਦੀ ਗੱਲ ਦੇ ਵਿਚਦੀ ਇਕ ਸਾਂਵਲੇ ਰੰਗ, ਕਾਲੀ ਲੰਬੀ ਦਾੜ੍ਹੀ ਅਤੇ ਲੀਲੀ ਪੱਗ ਵਾਲਾ ਨੌਜਵਾਨ ਬੋਲਿਆ,
‘‘ਬਾਬਾ ਜੀ! ਕਈ ਤਾਂ ਢਾਂਗੇ ਨੂੰ ਮਨੁੱਖ ਦਾ ਮੁੱਢਲਾ ਸੰਦ ਦੱਸਦੇ ਐ।’’
‘‘ਭਾਈ ਢਾਂਗੇ ਦੀ ਕਾਢ ਕੱਢਣ ਤੋਂ ਪਹਿਲਾਂ ਮੁੱਢਲੇ ਮਨੁੱਖ ਨੇ ਲਾਜ਼ਮੀ ਕੁਦਰਤ ਵੱਲੋਂ ਮੁਹੱਈਆ ਕੀਤੇ ਜਾਣ ਵਾਲੇ ਸੰਦ ਵਰਤੇ ਹੋਣਗੇ। ਉਹ ਸੰਦ ਹਨੇਰੀ ਨਾਲ ਰੁੱਖ ਤੋਂ ਟੁੱਟ ਕੇ ਧਰਤੀ ’ਤੇ ਡਿੱਗੀ ਮੋਹੜੀ ਵੀ ਹੋ ਸਕਦੀ ਏ। ਧਰਤੀ ਤੋਂ ਚੁੱਕਿਆ ਕੋਈ ਪੱਥਰ ਵੀ ਹੋ ਸਕਦਾ ਏ ਜਾਂ ਏਦਾਂ ਦੀ ਕੋਈ ਹੋਰ ਵਸਤੂ ਹੋ ਸਕਦੀ ਏ। ਉਸ ਮਨੁੱਖ ਵੱਲੋਂ ਸ਼ੁਰੂ ’ਚ ਹੀ ਢਾਂਗੇ ਦੀ ਤਕਨੀਕ ਕੱਢ ਲੈਣੀ, ਮੰਨਣ ਵਾਲੀ ਬਾਤ ਨਹੀਂ ਏ। ਕਿਉਂਕਿ ਉਸ ਮਨੁੱਖ ਦੀ ਚੇਤਨਾ ਨਾਲੋਂ ਢਾਂਗੇ ਦੀ ਤਕਨੀਕ ਵਿਕਸਤ ਚੇਤਨਾ ਵਾਲੇ ਮਨੁੱਖ ਦੀ ਉਪਜ ਏ।’’ ਸਟੱਡੀ ਸਰਕਲ ’ਚ ਹਾਜ਼ਰ ਸਰੋਤਿਆਂ ਨੇ ਬਾਬਾ ਜੀ ਦੀ ਦਲੀਲ ਦੀ ਹਾਮੀ ਭਰੀ। ਲੰਬੀ ਦਾੜ੍ਹੀ ਵਾਲੇ ਨੌਜਵਾਨ ਨੇ ਦੁਬਾਰਾ ਬੋਲਣ ਤੋਂ ਟਾਲਾ ਵੱਟ ਲਿਆ ਸੀ। ਬਾਬਾ ਜੀ ਰੁਕੀ ਗੱਲ ਅਗਾਂਹ ਤੋਰਦੇ ਦੱਸਣ ਲੱਗੇ ਸਨ, ‘‘…ਮੁੱਢਲੇ ਮਨੁੱਖੀ-ਯੁੱਗ ਨੂੰ ਅਣਘੜਤ ਕਮਿਊਨਿਜ਼ਮ ਦਾ ਯੁੱਗ ਵੀ ਕਿਹਾ ਜਾਂਦਾ ਏ। ਸਤਯੁੱਗ ਵੀ ਕਿਹਾ ਜਾਂਦਾ ਏ। ਉਸ ਯੁੱਗ ਦੇ ਪੈਦਾਵਾਰ ਦੇ ਸੰਦ ਵਿਕਸਤ ਹੁੰਦੇ-ਹੁੰਦੇ ਕੁਝ ਨਾ ਕੁਝ ਵਾਧੂ ਪੈਦਾਵਾਰ ਕਰਨ ਦੀ ਪੱਧਰ ਤੱਕ ਵਿਕਸਤ ਹੋ ਗਏ ਸਨ। ਜਾਪਦਾ ਏ ਉਸ ਯੁੱਗ ਦੇ ਕਿਰਤੀ ਪਰਿਵਾਰ ਵੱਲੋਂ ਆਪਣੇ ਵੱਡੇ ਬਜ਼ੁਰਗਾਂ ਵਗੈਰਾ ਨੂੰ ਉਸ ਵਾਧੂ ਪੈਦਾਵਾਰ ’ਤੇ ਨਿਰਭਰ ਰਹਿਣ ਦੀ ਛੋਟ ਦਿੱਤੀ ਗਈ ਹੋਵੇਗੀ। ਏਦਾਂ ਦਾ ਵਰਤਾਰਾ ਮੌਜੂਦਾ ਸਮੇਂ ਦੇ ਪਰਿਵਾਰਾਂ ’ਚ ਅੱਜ-ਕੱਲ੍ਹ ਵੀ ਚੱਲ ਰਿਹਾ ਏ। ਔਰ ਹਾਂ! ਉਸ ਯੁੱਗ ਦੇ ਪੈਦਾਵਾਰ ਦੇ ਸੰਦ ਜਦ ਹੋਰ ਵਿਕਸਤ ਹੋਏ ਤਾਂ ਵਾਧੂ ਪੈਦਾਵਾਰ ਵੀ ਹੋਰ ਵਧੀ ਸੀ। ਇਸ ਦੌਰਾਨ ਸਰੀਰਕ ਔਰ ਦਿਮਾਗੀ ਪੱਖੋਂ ਤਕੜੇ ਵਿਹਲੜਾਂ ਦਾ ਭਰੂਣ ਪਨਪਿਆ ਜੋ ਵਿਕਸਤ ਹੁੰਦਾ-ਹੁੰਦਾ ਕਬੀਲਿਆਂ ਦੇ ਸਰਦਾਰਾਂ-ਚੌਧਰੀਆਂ ਵਗੈਰਾਂ ਦੀ ਹੈਸੀਅਤ ਪ੍ਰਾਪਤ ਕਰ ਗਿਆ ਸੀ। ਉਨ੍ਹਾਂ ਦੀ ਕਮਾਂਡ ਹੇਠ ਈ ਕਬੀਲਿਆਂ ਦੀਆਂ ਆਪਸ ਵਿੱਚ ਲੜਾਈਆਂ ਹੋਣੀਆਂ ਸ਼ੁਰੂ ਹੋਈਆਂ ਸਨ…’’ ਬਾਬਾ ਜੀ ਦੀ ਗੱਲ ਚਲਦੀ ਚਲਦੀ ਭਾਰਤ ਦੇ ਮੂਲ ਨਿਵਾਸੀ ਕਬੀਲਿਆਂ ਅਤੇ ਬਾਹਰੋਂ ਆਏ ਆਰੀਅਨ ਕਬੀਲਿਆਂ ਦੌਰਾਨ ਹੋਈਆਂ ਸੈਂਕੜੇ ਖ਼ੂਨੀ ਲੜਾਈਆਂ ਵੱਲ ਮੋੜਾ ਕੱਟਣ ਲੱਗੀ ਸੀ। ਬਾਬਾ ਜੀ ਨੇ ਇਨ੍ਹਾਂ ਲੜਾਈਆਂ ਬਾਰੇ ਚਾਨਣਾ ਪਾਉਂਦਿਆਂ-ਪਾਉਂਦਿਆਂ ਜੇਤੂ ਆਰੀਅਨ ਕਬੀਲਿਆਂ ਅਤੇ ਹਾਰੇ ਮੂਲ ਨਿਵਾਸੀ ਕਬੀਲਿਆਂ ਆਧਾਰਿਤ ਹੋਂਦ ’ਚ ਆਏ ਗ਼ੁਲਾਮਦਾਰੀ ਸਮਾਜ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ। ਫਿਰ ਉਹ ਗੱਲ ਕਰਦੇ ਕਰਦੇ ਮਾਲਕ ਸ਼੍ਰੇਣੀ ਨੂੰ ਰਾਸ ਆਉਣ ਵਾਲੇ ਫਲਸਫ਼ੇ ਦੀ ਗੱਲ ਕਰਨ ਲੱਗੇ,
‘‘… ਸਾਥੀਓ! ਮਾਲਕ ਸ਼੍ਰੇਣੀ ਵੱਲੋਂ ਇੱਕ ਤਰਫ਼ ਆਪਣੇ ਹਥਿਆਰਬੰਦ ਦਸਤਿਆਂ ਦੀ ਮਜ਼ਬੂਤੀ ਨੂੰ ਪਹਿਲ ਦਿੱਤੀ ਜਾਣ ਲੱਗੀ ਸੀ ਔਰ ਦੂਸਰੀ ਤਰਫ਼ ਅਧਿਆਤਮਵਾਦੀ ਵਿਚਾਰਧਾਰਾ ਅਪਣਾਉਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਸੀ। ਇਸ ਸ਼੍ਰੇਣੀ ਦੇ ਵਿਚਾਰਵਾਨਾਂ-ਰਾਜਨੀਤੀਵਾਨਾਂ ਵੱਲੋਂ ਵੇਦ ਰਚਣੇ ਸ਼ੁਰੂ ਕੀਤੇ ਗਏ ਸਨ। ਮਨੂੰ ਵੱਲੋਂ ਰਿਗਵੇਦ ਦੇ ਦਸਵੇਂ ਮੰਡਲ ’ਚ ਲਿਖਿਆ ਗਿਆ ਸੀ ਕਿ ਪੁਰਸੂ ਦੇ ਮੂੰਹੋ ਬ੍ਰਾਹਮਣ, ਬਾਹੋਂ ਕਸ਼ੱਤਰੀ, ਪੱਟੋ ਵੈਸ਼ ਅਤੇ ਪੈਰੋਂ ਸ਼ੂਦਰ, ਵਰਣ ਪੈਦਾ ਹੋਏ ਨੇ…’ ਬਾਬਾ ਜੀ ਵੱਲੋਂ ਵਰਣ ਵੰਡ ਨੂੰ ਜਨਮ ਅਤੇ ਜਨਮ ਨੂੰ ਅਖੌਤੀ ਪਿਛਲੇ ਜਨਮ ’ਤੇ ਆਧਾਰਿਤ ਕਰਨ ਵਾਲੇ ਅਧਿਆਤਮਵਾਦੀ ਮਿਥਿਹਾਸ ਦੀ ਖਿੱਦੋ ਦੀਆਂ ਲੀਰਾਂ ਉਧੇੜੀਆਂ ਗਈਆਂ ਸਨ। ਫਿਰ ਉਨ੍ਹਾਂ ਨੇ ਗ਼ੁਲਾਮਦਾਰੀ ਸਮਾਜ ਦੇ ਗਰਭ ’ਚ ਪੈਦਾ ਹੋਈ ਜਗੀਰੂ ਸ਼੍ਰੇਣੀ ਅਤੇ ਮਾਲਕ ਸ਼੍ਰੇਣੀ ਦਰਮਿਆਨ ਸ਼ੁਰੂ ਹੋਈਆਂ ਲੜਾਈਆਂ ’ਤੇ ਚਾਨਣਾ ਪਾਇਆ ਸੀ। ਬਾਬਾ ਜੀ ਗੱਲ ਕਰਦੇ ਕਰਦੇ ਦੱਸਣ ਲੱਗੇ ਸਨ ਕਿ ਜਗੀਰਦਾਰੀ ਤੋਂ ਪੀੜਤ ਗ਼ੁਲਾਮਾਂ ਦੀ ਸ਼੍ਰੇਣੀ ਨੂੰ ਨਾਲ ਲੈ ਕੇ ਆਖ਼ਰ ਗ਼ੁਲਾਮਦਾਰੀ ਸਮਾਜ ਦਾ ਫਸਤਾ ਵੱਢਿਆ ਸੀ ਅਤੇ ਜਗੀਰਦਾਰੀ ਸਮਾਜ ਨੂੰ ਹੋਂਦ ’ਚ ਲਿਆਂਦਾ ਗਿਆ ਸੀ। ਬਾਬਾ ਜੀ ਹਾਲੇ ਜਗੀਰਦਾਰੀ ਸਮਾਜ ਬਾਰੇ ਚਾਨਣਾ ਪਾ ਹੀ ਰਹੇ ਸਨ ਕਿ ਏਨੇ ਨੂੰ ਟਾਈਮ ਟੇਬਲ ਮੁਤਾਬਿਕ ਸੌਣ ਦਾ ਸਮਾਂ ਹੋ ਗਿਆ ਸੀ। ਸਾਰੇ ਆਪੋ-ਆਪਣੀ ਰਜਾਈ ਲੈ ਕੇ ਪੈਣ ਲੱਗੇ ਸਨ। ਬਾਬਾ ਜੀ ਕੋਸੇ ਪਾਣੀ ਨਾਲ ਨਜ਼ਲੇ ਦੀ ਦਵਾਈ ਲੈਣ ਪਿੱਛੋਂ ਪਏ ਸਨ। ਮੈਂ ਰਜਾਈ ਵਿੱਚੋਂ ਮੂੰਹ ਬਾਹਰ ਕੱਢ ਕੇ ਆਪਣੇ ਦਿਮਾਗ਼ ’ਚ ਘੁੰਮ ਰਿਹਾ ਵਿਚਾਰ ਆਪਣੇ ਕੋਲ ਰਜਾਈ ਲਈ ਪਏ ਭੋਲੇ ਗੁਰੂਸਰ ਨਾਲ ਸਾਂਝਾ ਕਰਨ ਲੱਗਿਆ ਸੀ,
‘‘… ਯਾਰ ਭੋਲਿਆ! ਅਧਿਆਤਮਵਾਦ ਬੰਦੇ ਨੂੰ ਸੱਚੀਓ ਬਾਹਰਲੀਆਂ ਜਿਉਂਦੀਆਂ ਜਾਗਦੀਆਂ ਹਕੀਕਤਾਂ ਤੋਂ ਦੂਰ ਰੱਖਣ ਦੀ ਵਾਹ ਲਾਉਂਦੇ ਐ।’’
‘‘ਸਾਥੀ! ਇਸੇ ਕਰਕੇ ਤਾਂ ਮਾਰਕਸ ਨੇ ਇਸ ਫਲਸਫ਼ੇ ਨੂੰ ਲੁਟੇਰੀਆਂ ਜਾਬਰ ਜਮਾਤਾਂ ਦਾ ਹਥਿਆਰ ਆਖਿਆ ਐ।’’ ਸਾਨੂੰ ਅਜਿਹੀਆਂ ਗੱਲਾਂ ਕਰਦਿਆਂ ਕਰਦਿਆਂ ਨੂੰ ਨੀਂਦ ਨੇ ਆ ਦਬੋਚਿਆ ਸੀ।
ਵਾਲੰਟੀਅਰਾਂ ਨੇ ਦੂਸਰੇ ਦਿਨ ਦੀ ਸਵੇਰ ਦੇ ਸੱਤ ਵਜੇ ਸਾਰਿਆਂ ਨੂੰ ਜਗਾਇਆ। ਧੁੰਦ ਬਿਨਾਂ ਸ਼ੱਕ ਬਾਹਰ ਡਿੱਗ ਰਹੀ ਸੀ, ਪਰ ਠੰਢ ਰਾਤ ਜਿੰਨੀ ਨਹੀਂ ਸੀ। ਸਾਰੇ ਸਵੇਰੇ ਰੋਜ਼ਾਨਾ ਦੇ ਜ਼ਰੂਰੀ ਕੰਮ ਅੱਠ ਵਜੇ ਤੱਕ ਨਿਪਟਾ ਕੇ ਮੁੜ ਆਪੋ ਆਪਣੀ ਥਾਂ ਮੱਲ ਕੇ ਬੈਠ ਗਏ ਸਨ। ਬਾਬਾ ਜੀ ਨੂੰ ਰਾਤ ਨਾਲੋਂ ਨਜ਼ਲੇ ਤੋਂ ਕੁਝ ਰਾਹਤ ਮਿਲੀ ਨਜ਼ਰ ਆ ਰਹੀ ਸੀ। ਉਹ ਕੰਬਲ ਦੀ ਬੁੱਕਲ ਨੂੰ ਠੀਕ ਕਰਦੇ ਕਰਦੇ ਰਾਤੀਂ ਚੱਲਦੀ ਗੱਲ ਦੀ ਟੁੱਟੀ ਲੜੀ ਜੋੜਨ ਲੱਗੇ ਸਨ,
‘‘…ਸਾਥੀਓ! ਭਾਰਤ ਅੰਦਰਲੇ ਜਗੀਰੂ ਸਮਾਜ ਵਿੱਚ ਈ ਏਥੋਂ ਦੀ ਘਰੇਲੂ ਦਸਤਕਾਰੀ ਨੇ ਕਾਫ਼ੀ ਵਿਕਾਸ ਕੀਤਾ ਹੋਇਆ ਸੀ। ਉਨ੍ਹਾਂ ਸਮਿਆਂ ਵਿੱਚ ਬਰਤਾਨਵੀ ਸਾਮਰਾਜ ਈਸਟੀ ਇੰਡੀਆ ਵਪਾਰਕ ਕੰਪਨੀ ਦੇ ਲੇਬਲ ਹੇਠ ਭਾਰਤ ਵਿੱਚ ਪ੍ਰਵੇਸ਼ ਕਰ ਚੁੱਕਿਆ ਸੀ। ਭਾਰਤ ਦੀ ਘਰੇਲੂ ਦਸਤਕਾਰੀ ਈਸਟ ਇੰਡੀਆ ਕੰਪਨੀ ਦੇ ਪਸਾਰੇ ਸਾਹਮਣੇ ਰੋਕ ਬਣਨ ਲੱਗੀ ਸੀ। ਇਸੇ ਲਈ ਬਰਤਾਨਵੀ ਸਾਮਰਾਜ ਵੱਲੋਂ ਇੱਥੋਂ ਦੀ ਦਸਤਕਾਰੀ ਦੇ ਵਿਕਾਸ ਨੂੰ ਰੋਕਣ ਲਈ ਅਤਿਅੰਤ ਅੱਤਿਆਚਾਰੀ ਕਦਮ ਚੁੱਕੇ ਗਏ ਸਨ। ਇਨ੍ਹਾਂ ਅੱਤਿਆਚਾਰੀ ਕਦਮਾਂ ਨੂੰ ਪ੍ਰਤੱਖ ਰੂਪ ’ਚ ਦੇਖਣ ਲਈ ਇਤਿਹਾਸ ਵਿੱਚੋਂ ਢਾਕੇ ਦੇ ਕੱਪੜਾ ਦਸਤਕਾਰਾਂ ਦੇ ਅੰਗੂਠੇ ਵੱਢਣ ਵਾਲਾ ਦਰਦਨਾਕ ਸਾਕਾ ਪੜ੍ਹਿਆ ਜਾ ਸਕਦਾ ਏ…।’’ ਬਾਬਾ ਜੀ ਗੱਲ ਕਰਦੇ ਕਰਦੇ ਬਰਤਾਨਵੀ ਸਾਮਰਾਜ ਦੇ ਜਬਰ ਖ਼ਿਲਾਫ਼ ਭਾਰਤ ’ਚ ਉੱਠੀਆਂ ਲੋਕ ਲਹਿਰਾਂ ਬਾਰੇ ਚਾਨਣਾ ਪਾਉਣ ਲੱਗੇ। ਇਨ੍ਹਾਂ ਲਹਿਰਾਂ ਬਾਰੇ ਗੱਲ ਕਰਦਿਆਂ ਕਰਦਿਆਂ ਉਨ੍ਹਾਂ ਵੱਲੋਂ 1857 ਦੇ ਗ਼ਦਰ, ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਹੋਰਾਂ ਦੀ ਇਨਕਲਾਬੀ ਲਹਿਰ, ਕਿਰਤੀ ਪਾਰਟੀ ਦੀ ਲਹਿਰ ਅਤੇ ਕਮਿਊਨਿਸਟ ਲਹਿਰ ਬਾਰੇ ਵਿਸਥਾਰ ’ਚ ਗੱਲ ਕੀਤੀ ਗਈ। ਇਨ੍ਹਾਂ ਲਹਿਰਾਂ ਬਾਰੇ ਕਾਂਗਰਸ ਪਾਰਟੀ ਵੱਲੋਂ ਨਿਭਾਏ ਜਾਂਦੇ ਰਹੇ ਨਾਂਹ-ਪੱਖੀ ਰੋਲ ਦੀ ਵੀ ਕਰੜੇ ਸ਼ਬਦਾਂ ’ਚ ਆਲੋਚਨਾ ਕੀਤੀ ਗਈ ਸੀ। 15 ਅਗਸਤ 1947 ਨੂੰ ਭਾਰਤੀ ਹਾਕਮ ਜਮਾਤੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਬਰਤਾਨਵੀ ਸਾਮਰਾਜ ਦਰਮਿਆਨ ਹੋਏ ਸਮਝੌਤੇ ਦੀਆਂ ਪਰਤਾਂ ਫਰੋਲੀਆਂ ਗਈਆਂ ਸਨ। ਉਨ੍ਹਾਂ ਨੇ ਆਪਣੀ ਚਲਦੀ ਗੱਲ ਕੌਮਾਂਤਰੀ ਹਾਲਾਤ ਵੱਲ ਸੇਧਤ ਕਰ ਲਈ। ਅਜੇ ਉਹ ਕੌਮਾਂਤਰੀ ਹਾਲਤਾਂ ਬਾਰੇ ਜਾਣਕਾਰੀ ਦੇ ਹੀ ਰਹੇ ਸਨ ਕਿ ਏਨੇ ਨੂੰ ਵਾਲੰਟੀਅਰ ਵੱਲੋਂ ਖਾਣਾ ਤਿਆਰ ਹੋਣ ਦਾ ਸੁਨੇਹਾ ਦਿੱਤਾ ਗਿਆ।
ਖਾਣੇ ਦਾ ਸਮਾਂ ਸਮਾਪਤ ਹੋਣ ਦੇ ਨਾਲ ਹੀ ਸਟੱਡੀ ਸਰਕਲ ਦੀ ਕਾਰਵਾਈ ਮੁੜ ਚਾਲੂ ਹੋਈ। ਬਾਬਾ ਜੀ ਮੁੜ ਕੌਮਾਂਤਰੀ ਹਾਲਤ ਬਾਰੇ ਗੱਲ ਕਰਨ ਲੱਗੇ ਸਨ, ‘‘… ਬਈ ਨੌਜਵਾਨੋਂ! ਜਿੱਥੋਂ ਤੀਕ ਮੌਜੂਦਾ ਕੌਮਾਂਤਰੀ ਸਥਿਤੀ ਦੇ ਬਾਹਰਮੁਖੀ ਪੱਖ ਦਾ ਸਬੰਧ ਏ, ਇਹ ਓਦਾਂ ਦਾ ਈ ਏ ਜਿੱਦਾਂ ਦਾ ਕਾਮਰੇਡ ਮਾਓ-ਜ਼ੇ-ਤੁੰਗ ਦੱਸ ਰਹੇ ਨੇ… ਦੇਸ਼ ਮੁਕਤੀ ਚਾਹ ਰਹੇ ਨੇ, ਕੌਮਾਂ ਆਜ਼ਾਦੀ ਚਾਹ ਰਹੀਆਂ ਨੇ, ਲੋਕ ਇਨਕਲਾਬ ਚਾਹ ਰਹੇ ਨੇ। ਪਰ ਜਿੱਥੋਂ ਤੀਕ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਅੰਦਰੂਨੀ ਹਾਲਤ ਦੀ ਬਾਤ ਏ, ਉਹ ਪਹਿਲਾਂ ਜੈਸੀ ਨਹੀਂ ਏ। ਕਾਮਰੇਡ ਲੈਨਿਨ ਔਰ ਕਾਮਰੇਡ ਸਟਾਲਿਨ ਹੋਰਾਂ ਦੀ ਮ੍ਰਿਤੂ ਤੋਂ ਬਾਅਦ ਕੌਮਾਂਤਰੀ ਕਮਿਊਨਿਸਟ ਲਹਿਰ ਨੂੰ ਸੈੱਟਬੈਕ ਲੱਗੀ ਏ। ਰੂਸ ਔਰ ਕਈ ਦੂਸਰੇ ਸਮਾਜਵਾਦੀ ਦੇਸ਼ਾਂ ’ਚ ਸਾਮਰਾਜ ਪੱਖੀ ਭਾਰੂ ਹੋ ਚੁੱਕੇ ਨੇ। ਭਾਰਤ ਦੇ ਸੱਜੇ-ਖੱਬੇ ਵੀ ਜਮਾਤੀ ਸਾਂਝ-ਭਿਆਲੀ ਦਾ ਸ਼ਿਕਾਰ ਹੋ ਚੁੱਕੇ ਨੇ…’’ ਬਾਬਾ ਜੀ ਗੱਲ ਕਰਦੇ ਕਰਦੇ ਸੀਪੀਆਈ ਅਤੇ ਸੀਪੀਆਈਐੱਮ ਦੀ ਵਿਚਾਰਧਾਰਕ-ਸਿਆਸੀ ਲਾਈਨ ਬਾਰੇ ਘੰਟਾ, ਸਵਾ ਘੰਟਾ ਆਲੋਚਨਾਤਮਕ ਅੰਦਾਜ਼ ’ਚ ਬੋਲਦੇ ਰਹੇ। ਫਿਰ ਉਹ ਇਨ੍ਹਾਂ ਪਾਰਟੀਆਂ ਦੀ ਸਿਆਸੀ ਲਾਈਨ ਕਰਕੇ ਆ ਰਹੇ ਨਿਘਾਰ ਦੀ ਇੱਕ ਉਦਾਹਰਣ ਦੇਣ ਲੱਗੇ ਸਨ, ‘‘…ਇਨ੍ਹਾਂ ਭਾਈਆਂ ਦੀ ਸੋਧਵਾਦੀ ਲਾਈਨ ਨੇ ਤਾਂ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਬੁਰਜ਼ੂਆ ਸੋਚ ਦੀ ਸ਼ਿਕਾਰ ਬਣਾ ਛੱਡਿਆ ਏ। ਇਸ ਲਈ ਇਸ ਪੀੜ੍ਹੀ ਦਾ ਵੱਡਾ ਹਿੱਸਾ ਡਾਲਰਾਂ ਦੀ ਹਵਸ ’ਚ ਵਿਦੇਸ਼ਾਂ ਨੂੰ ਜਾਣ ਨੂੰ ਤਰਜੀਹ ਦੇ ਰਿਹਾ ਏ…।’’ ਬਾਬਾ ਜੀ ਦੀ ਇਸ ਗੱਲ ਨੇ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਫਿਰ ਬਾਬਾ ਜੀ ਬੋਲਦੇ-ਬੋਲਦੇ ਉਤਸ਼ਾਹ ਭਰੇ ਅੰਦਾਜ਼ ’ਚ ਬੋਲਣ ਲੱਗੇ ਸਨ, ‘‘…ਸਾਥੀਓ! ਨਿਰਾਸ਼ ਹੋਣ ਦੀ ਬਾਤ ਨਹੀਂ। ਜਮਾਤੀ ਸਟਰੱਗਲ ਨੂੰ ਨਾ ਹਾਕਮ ਜਮਾਤਾਂ ਰੋਕ ਸਕਦੀਆਂ ਏ ਔਰ ਨਾ ਹੀ ਸੋਧਵਾਦੀ-ਸੁਧਾਰਵਾਦੀ ਰੋਕ ਸਕਦੇ ਨੇ…।’’ ਉਹ ਬੋਲਦੇ ਬੋਲਦੇ ਕਾਮਰੇਡ ਚਾਰੂ ਮਜੂਮਦਾਰ ਹੋਰਾਂ ਵੱਲੋਂ ਮਾਓ ਵਿਚਾਰਧਾਰਾ ਦੀ ਰੌਸ਼ਨੀ ’ਚ ਪੈਦਾ ਕੀਤੀ ਗਈ ਨਕਸਲਬਾੜੀ ਲਹਿਰ ਬਾਰੇ ਜੋਸ਼ੀਲੇ ਅੰਦਾਜ਼ ’ਚ ਜਾਣਕਾਰੀ ਦੇਣ ਲੱਗ ਗਏ ਸਨ। ਇਸ ਲਹਿਰ ਬਾਰੇ ਉਨ੍ਹਾਂ ਵੱਲੋਂ ਤਕਰੀਬਨ ਇੱਕ ਘੰਟਾ ਜਾਣਕਾਰੀ ਦਿੱਤੀ ਗਈ। ਫਿਰ ਉਨ੍ਹਾਂ ਆਪਣੇ ਗੁੱਟ ਉਤਲੀ ਘੜੀ ਵੱਲ ਦੇਖਿਆ। ਘੜੀ ਸ਼ਾਮ ਦੇ ਚਾਰ ਵਜਾ ਰਹੀ ਸੀ। ਉਹ ਘੜੀ ਵੱਲੋਂ ਨਜ਼ਰ ਹਟਾ ਕੇ ਆਪਣੇ ਸਾਹਮਣੇ ਬੈਠੇ ਸਰੋਤਿਆਂ ਵੱਲ ਤੱਕਦੇ ਬੋਲੇ ਸਨ,
‘‘…ਨੌਜਵਾਨ ਸਾਥੀਓ! ਸਟੱਡੀ ਸਰਕਲ ਦਾ ਵਕਤ ਸਮਾਪਤ ਹੋ ਚੱਲਿਆ ਏ। ਅੰਤ ’ਚ ਮੈਂ ਤੁਹਾਨੂੰ ਇਹੀ ਆਖਣਾ ਚਾਵਾਂਗਾ ਕਿ ਸਾਨੂੰ ਅੱਜ ਤੋਂ ਹੀ ਆਪਣੇ-ਆਪਣੇ ਕਮਰਕਸੇ ਕੱਸ ਲੈਣੇ ਚਾਹੀਦੇ ਏ ਔਰ ਨਕਸਲਬਾੜੀ ਦੇ ਮਿਹਨਤਕਸ਼ ਸਾਥੀਆਂ ਤਰਫ਼ੋਂ ਦਿਖਾਏ ਗਏ ਮਾਰਗ ਦੇ ਸੁਨੇਹੇ ਨੂੰ ਪੰਜਾਬ ਦੇ ਮਿਹਨਤਕਸ਼ਾਂ ਦੇ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰ ਦੇਣਾ ਚਾਹੀਦਾ ਏ। ਭਵਿੱਖ ਮਿਹਨਤਕਸ਼ ਲੋਕਾਂ ਦਾ ਏ…’’ ਬਾਬਾ ਜੀ ਨੇ ਆਪਣੀ ਗੱਲ ਸਮੇਟਦਿਆਂ ਅੰਤ ’ਚ ਸਾਰਿਆਂ ਨੂੰ ‘ਲਾਲ ਸਲਾਮ’ ਆਖੀ ਸੀ। ਬਾਬਾ ਜੀ ਦੇ ਬੋਲਣੋਂ ਹਟਣ ਪਿੱਛੋਂ ਬੰਤ ਰਾਏਪੁਰ ਨੇ ਦੋ-ਢਾਈ ਮਿੰਟ ਦੇ ਸਮੇਂ ’ਚ ਸਾਰਿਆਂ ਦਾ ਧੰਨਵਾਦ ਕੀਤਾ।
ਪਾਰਕ ਤੋਂ ਮੀਲ ਜਾਂ ਪੌਣਾ ਮੀਲ ਦੀ ਦੂਰੀ ਉਤਲੀ, ਰੇਲਵੇ ਲਾਈਨ ਉਤਦੀ ਰੇਲਗੱਡੀ ਚੀਕਾਂ ਮਾਰਦੀ ਲੰਘੀ ਜਾ ਰਹੀ ਸੀ। ਉਸ ਦੀਆਂ ਚੀਕਾਂ ਆਪਮੁਹਾਰੀਆਂ ਸਾਡੇ ਸਾਰਿਆਂ ਦੇ ਕੰਨੀ ਪੈਣ ਲੱਗੀਆਂ ਸਨ। ਅਸੀਂ ਸਾਰੇ ਆਪਣੇ ਖੇਸ, ਲੋਈ ਜਾਂ ਕੰਬਲ ਦੀ ਬੁੱਕਲ ਮਾਰ ਕੇ ਇੱਕ ਦੂਸਰੇ ਨਾਲ ਹੱਥ ਮਿਲਾਉਣ ਲੱਗ ਪਏ ਸੀ। ਫਿਰ ਬਾਬਾ ਜੀ ਵੱਲ ਸਤਿਕਾਰ ਭਰੀ ਨਜ਼ਰ ਨਾਲ ਦੇਖਦੇ ਅਤੇ ਆਪਣਾ ਆਪਣਾ ਬੈਗ ਵਗੈਰਾ ਹੱਥ ਲੈਂਦੇ ਦੋ-ਦੋ ਜਾਂ ਤਿੰਨ-ਤਿੰਨ ਜਣਿਆਂ ਦੀ ਟੋਲੀ ’ਚ ਵਿਦਾ ਹੋਣੇ ਸ਼ੁਰੂ ਹੋਏ ਸੀ। ਕਮਰੇ ਤੋਂ ਬਾਹਰ ਆਕਾਸ਼ ਵਿੱਚ ਸੂਰਜ ਨਿਕਲਿਆ ਹੋਇਆ ਸੀ। ਸੂਰਜ ਦੀਆਂ ਕੋਸੀਆਂ ਕੋਸੀਆਂ ਕਿਰਨਾਂ ਪਤਲੀ ਪਈ ਹੋਈ ਧੁੰਦ ਨੂੰ ਚੀਰਦੀਆਂ ਕੱਚੀ ਸੜਕ ਦੇ ਦੋਵਾਂ ਪਾਸਿਆਂ ਦੀਆਂ ਖਾਲੀਆਂ ਵਿਚਲੇ ਗੁਲਾਬ ਗੇਂਦੇ ਦੇ ਬੂਟਿਆਂ ਨੂੰ ਲੱਗੇ ਫੁੱਲਾਂ ਨੂੰ ਚੁੰਮਦੀਆਂ ਜਾਪ ਰਹੀਆਂ ਹਨ।
ਸੰਪਰਕ: 76965-26937