ਪੱਤਰ ਪ੍ਰੇਰਕ
ਪਠਾਨਕੋਟ, 22 ਅਗਸਤ
ਸੁਜਾਨਪੁਰ ਪੁਲੀਸ ਨੇ ਪਿੰਡ ਸ਼ਹਿਰ ਛੰਨੀ ਵਿੱਚ ਰਾਵੀ ਦਰਿਆ ਵਿੱਚ ਰੇਤਾ ਹੇਠੋਂ ਨਿਕਲੇ ਅੰਗਰੇਜਾਂ ਦੇ ਸਮੇਂ ਦੇ ਪੁਲਨੁਮਾ ਪੁਰਾਣੇ ਲੋਹੇ ਦੇ ਸਕਰੈਪ ਤੋਂ ਐਂਗਲ, ਲੋਹਾ ਕੱਟ ਕੇ ਵੇਚਣ ਦੇ ਜੁਰਮ ’ਚ ਅਣਪਛਾਤੇ ਲੋਕਾਂ ਦੇ ਖਿਲਾਫ਼ ਚੋਰੀ ਅਤੇ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਡਰੇਨਜ਼ ਵਿਭਾਗ ਦੇ ਐਕਸੀਅਨ ਤੇ ਜ਼ਿਲ੍ਹਾ ਮਾਈਨਿੰਗ ਅਫਸਰ ਗੁਰਦਾਸਪੁਰ ਜਗਦੀਸ਼ ਰਾਜ ਨੇ ਐੱਸਐੱਸਪੀ ਪਠਾਨਕੋਟ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸ਼ਹਿਰ ਛੰਨੀ ਪਿੰਡ ਦੀ ਜ਼ਮੀਨ ਤੇ ਰਾਵੀ ਦਰਿਆ ਵਿੱਚ ਪੁਰਾਣੇ ਸਮੇਂ ਦੇ ਦੱਬੇ ਹੋਏ ਲੋਹੇ ਦੇ ਐਂਗਲ ਤੋਂ ਲੋਹੇ ਨੂੰ ਚੋਰੀ ਕਰਕੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੋਹੇ ਦਾ ਸਕਰੈਪ ਪੁਰਾਣੇ ਸਮੇਂ ਵਿੱਚ ਕਿਸੇ ਢਾਂਚੇ ਦਾ ਹਿੱਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਥੱਲਿਓਂ ਨਿਕਲਣ ਵਾਲੇ ਕਿਸੇ ਵੀ ਮਟੀਰੀਅਲ ਉਪਰ ਮਿਨਰਲ ਤੇ ਮਾਈਨਿੰਗ ਵਿਭਾਗ ਅਤੇ ਸਰਕਾਰ ਦਾ ਅਧਿਕਾਰ ਹੁੰਦਾ ਹੈ। ਸੁਜਾਨਪੁਰ ਪੁਲੀਸ ਵਲੋਂ ਇਸ ਸ਼ਿਕਾਇਤ ਦੇ ਅਧਾਰ ’ਤੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।