ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਮੌਜੂਦਾ ਲੌਕਡਾਊਨ ਖ਼ਤਮ ਹੋਣ ਤੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਕੂਲ, ਵਿਦਿਆਰਥੀਆਂ ਦੇ ਮਾਪਿਆਂ ਤੋਂ ਸਾਲਾਨਾ ਤੇ ਡਿਵੈਲਪਮੈਂਟ ਚਾਰਜਿਜ਼ ਨਹੀਂ ਲੈ ਸਕਦੇ। ਇਹ ਹੁਕਮ ਜਸਟਿਸ ਜਯੰਤ ਨਾਥ ਵੱਲੋਂ ਇੱਕ ਪ੍ਰਾਈਵੇਟ ਸਕੂਲ ਦੀ ਮਾਪੇ ਐਸੋਸੀਏਸ਼ਨ ਵੱਲੋਂ ਦਾਖ਼ਲ ਕੀਤੀ ਗਈ ਇੱਕ ਅਪੀਲ ਦੀ ਸੁਣਵਾਈ ਦੌਰਾਨ 25 ਅਗਸਤ ਨੂੰ ਦਿੱਤੇ ਹਨ। ਅਪੀਲ ਮੁਤਾਬਕ ਇੱਕ ਪ੍ਰਾਈਵੇਟ ਸਕੂਲ ਨੇ ਜੁਲਾਈ ਤੋਂ ਟਿਊਸ਼ਨ ਫ਼ੀਸ ਦੇ ਨਾਲ ਬੱਚਿਆਂ ਤੋਂ ਸਾਲਾਨਾ ਤੇ ਡਿਵੈਲਪਮੈਂਟ ਚਾਰਜਿਜ਼ ਲੈਣੇ ਸ਼ੁਰੂ ਕਰ ਦਿੱਤੇ ਸਨ। ਅਦਾਲਤ ਨੇ ਸਕੂਲ ਨੂੰ ਅਗਲੇ ਹੁਕਮਾਂ ਤੱਕ ਬੱਚਿਆਂ ਦੇ ਮਾਪਿਆਂ ਤੋਂ ਸਾਲਾਨਾ ਤੇ ਡਿਵੈਲਪਮੈਂਟ ਚਾਰਜਿਜ਼ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ। ਅਦਾਲਤ ਨੇ ਦਿੱਲੀ ਸਰਕਾਰ ਤੇ ਇਸ ਸਕੂਲ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ ਇਸ ਅਪੀਲ ’ਤੇ ਉਨ੍ਹਾਂ ਦਾ ਪੱਖ ਪੁੱਛਿਆ ਹੈ। ਕੇਸ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਮੁਕੱਰਰ ਕੀਤੀ ਗਈ ਹੈ। -ਪੀਟੀਆਈ