ਸ਼ਸ਼ੀਪਾਲ ਜੈਨ
ਖਰੜ, 5 ਸਤੰਬਰ
ਇੱਥੋਂ ਦਾ ਇਕ ਸਰਾਫ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਿਆ ਹੈ। ਊਹ ਗੰਗਾਨਗਰ ਨਾਲ ਸਬੰਧਤ ਦੱਸਿਆ ਗਿਆ ਹੈ। ਇਸ ਸਬੰਧੀ ਕਈ ਵਿਅਕਤੀਆਂ ਵੱਲੋਂ ਖਰੜ ਸਿਟੀ ਥਾਣੇ ਵਿੱਚ ਸ਼ਿਕਾਇਤ ਕੀਤੀ ਗਈ ਹੈ। ਇਸੇ ਦੌਰਾਨ ਚੰਡੀਗੜ੍ਹ ਦੇ ਸੈਕਟਰ-23 ਦੇ ਇੱਕ ਹੋਰ ਸਰਾਫ ਵੱਲੋਂ ਵੀ ਐੱਸ.ਐੱਸ.ਪੀ. ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਸਰਾਫ਼ ਉਸ ਦੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਿਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਦਸੰਬਰ 2019 ਵਿੱਚ ਊਹ ਖਰੜ ਦਾ ਸਰਾਫ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸ ਤੋਂ ਗਹਿਣੇ ਖਰੀਦਣ ਲੱਗ ਪਿਆ। ਉਸ ਉਪਰੰਤ ਖਰੜ ਦੇ ਸਰਾਫ ਨੇ ਜੁਲਾਈ 2020 ਵਿੱਚ ਸ਼ਿਕਾਇਤਕਰਤਾ ਨੂੰ 34 ਹਜ਼ਾਰ ਰੁਪਏ ਦੀ ਥਾਂ 3 ਲੱਖ ਰੁਪਏ ਦਾ ਚੈੱਕ ਦਿੱਤਾ ਜਿਸ ਨਾਲ ਖਰੜ ਦੇ ਜਿਊਲਰ ਦੇ ਉਸ ਕੋਲ ਪੈਸੇ ਜਮ੍ਹਾਂ ਹੋ ਗਏ। ਇਸ ਉਪਰੰਤ ਖਰੜ ਦਾ ਜਿਊਲਰ ਉਸ ਕੋਲ 31 ਜੁਲਾਈ ਨੂੰ ਆਇਆ ਅਤੇ 20 ਲੱਖ 76 ਹਜ਼ਾਰ ਰੁਪਏ ਦੇ ਗਹਿਣੇ ਲੈ ਗਿਆ ਅਤੇ 7 ਲੱਖ ਰੁਪਏ ਦਾ ਚੈੱਕ ਦੇ ਗਿਆ। ਇਹ ਚੈੱਕ 15 ਅਗਸਤ ਨੂੰ ਬੈਂਕ ਵੱਲੋਂ ਵਾਪਸ ਕਰ ਦਿੱਤਾ ਗਿਆ। ਇਸ ’ਤੇ ਚੰਡੀਗੜ੍ਹ ਦੇ ਜਿਊਲਰ ਨੇ ਉਸ ਨਾਲ ਫੋਨ ’ਤੇ ਸੰਪਰਕ ਕੀਤਾ ਪਰ ਉਸ ਦਾ ਫੋਨ ਬੰਦ ਮਿਲਿਆ। ਇਸ ਉਪਰੰਤ ਜਦੋਂ ਉਹ ਖਰੜ ਦੀ ਦੁਕਾਨ ’ਤੇ ਆਇਆ ਤਾਂ ਊਸ ਨੂੰ ਦੁਕਾਨ ਬੰਦ ਮਿਲੀ। ਉਸ ਨੂੰ ਪਤਾ ਲੱਗਾ ਕਿ ਸਰਾਫ ਫਰਾਰ ਹੋ ਗਿਆ ਹੈ। ਇਸੇ ਤਰ੍ਹਾਂ ਖਰੜ ਦੇ ਅਸ਼ੋਕ ਕੁਮਾਰ ਨੇ ਵੀ ਦੱਸਿਆ ਕਿ ਮੁਲਜ਼ਮ 12 ਲੱਖ ਦੇ ਗਹਿਣੇ ਅਤੇ ਕਿਟੀ ਦੀ ਰਕਮ ਲੈ ਕੇ ਉਹ ਫਰਾਰ ਹੋ ਗਿਆ ਹੈ। ਹੋਰਨਾਂ ਵਿਅਕਤੀਆਂ ਨੇ ਵੀ ਇਸ ਠੱਗੀ ਸਬੰਧੀ ਖਰੜ ਸਿਟੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।
ਪੀੜਤ ਲੋਕਾਂ ਨੇ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਫਰਾਰ ਸਰਾਫ ਨੂੰ ਛੇਤੀ ਕਾਬੂ ਕੀਤਾ ਜਾਵੇ ਤੇ ਊਨ੍ਹਾਂ ਦੀ ਰਕਮ ਵਾਪਸ ਦਿਵਾਈ ਜਾਏ। ਪੁਲੀਸ ਨੇ ਪੀੜਤ ਲੋਕਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਸਰਾਫ ਖ਼ਿਲਾਫ਼ ਜਾਂਚ ਮੁਕੰਮਲ ਹੋਣ ਮਗਰੋਂ ਕਾਰਵਾਈ ਕੀਤੀ ਜਾਵੇਗੀ।
ਥਾਣਾ ਮੁਖੀ ਵੱਲੋਂ ਜਾਂਚ ਦਾ ਭਰੋਸਾ
ਖਰੜ ਦੇ ਐੱਸਐੱਚਓ ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਜੋ ਸ਼ਿਕਾਇਤ ਚੰਡੀਗੜ੍ਹ ਦਿੱਤੀ ਗਈ ਹੈ ਉਸ ਦੀ ਜਾਂਚ ਚੰਡੀਗੜ੍ਹ ਪੁਲੀਸ ਕਰੇਗੀ। ਉਨ੍ਹਾਂ ਕਿਹਾ ਕਿ ਜੋ ਸ਼ਿਕਾਇਤ ਖਰੜ ਥਾਣੇ ਵਿੱਚ ਦਿੱਤੀ ਗਈ ਹੈ, ਉਸ ਦੀ ਜਾਂਚ ਖਰੜ ਪੁਲੀਸ ਵੱਲੋਂ ਕੀਤੀ ਜਾਵੇਗੀ।