ਸ਼ਗਨ ਕਟਾਰੀਆ
ਜੈਤੋ, 22 ਅਗਸਤ
ਇੱਥੋਂ ਦੇ ਬਿਸ਼ਨੰਦੀ ਬਾਜ਼ਾਰ ’ਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖ਼ਾ ’ਚ ਕਰੀਬ ਅੱਧੀ ਰਾਤ ਨੂੰ ਚੋਰਾਂ ਨੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ।
ਮੁੱਖ ਗੇਟ ਤੋਂ ਇਲਾਵਾ ਬੈਂਕ ਦਾ ਪਿਛਲੀ ਗਲੀ ਵਿੱਚ ਵੀ ਇੱਕ ਦਰਵਾਜ਼ਾ ਹੈ। ਜਾਣਕਾਰੀ ਅਨੁਸਾਰ ਦੋ ਵਿਅਕਤੀ ਪਿਛਲੇ ਦਰਵਾਜ਼ਿਓਂ ਬੈਂਕ ’ਚ ਦਾਖ਼ਲ ਹੋਏ। ਕੁਝ ਮਿੰਟਾਂ ਮਗਰੋਂ ਹੀ ਆਟੋਮੈਟਿਕ ਸਾਇਰਨ ਗੂੰਜਣ ਲੱਗ ਪਿਆ। ਚੋਰ ਫ਼ੁਰਤੀ ਨਾਲ ਵਾਪਸ ਤਾਂ ਚਲੇ ਗਏ ਪਰ ਸਾਇਰਨ ਵੱਜਣ ਦੀ ਸੂਚਨਾ ਪੁਲੀਸ ਥਾਣੇ ਅਤੇ ਬੈਂਕ ਦੇ ਕਰਮਚਾਰੀਆਂ ਦੇ ਮੋਬਾਈਲਾਂ ’ਤੇ ਇੰਟਰਨੈੱਟ ਤਕਨੀਕ ਰਾਹੀਂ ਪਹੁੰਚ ਗਈ। ਫ਼ੋਨ ਖੜਕਣ ’ਤੇ ਪੁਲੀਸ ਅਤੇ ਬੈਂਕ ਮੁਲਾਜ਼ਮ ਵਾਹੋ-ਦਾਹੀ ਬੈਂਕ ਵੱਲ ਭੱਜੇ। ਇੰਨੇ ਨੂੰ ਬੈਂਕ ਦੀ ਗੁਆਂਢੀ ਵਸੋਂ ਦੇ ਬਾਸ਼ਿੰਦੇ ਵੀ ਉੱਥੇ ਪਹੁੰਚ ਗਏ। ਪੁਲੀਸ ਵੱਲੋਂ ਬੈਂਕ ਦੇ ਸੀਸੀਟੀਵੀ ਕੈਮਰਿਆਂ ਦੀ ਖੰਘਾਲੀ ਗਈ ਰਿਕਾਰਡਿੰਗ ਵਿੱਚ ਦੋ ਵਿਅਕਤੀ ਵਿਖਾਈ ਦੇ ਰਹੇ ਹਨ। ਫਿਲਹਾਲ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।