ਬੰਗਲੂਰੂ, 13 ਅਗਸਤ
ਕਰਨਾਟਕ ਦੇ ਗ੍ਰਹਿ ਮੰਤਰੀ ਬਾਸਵਰਾਜ ਬੋਮਈ ਨੇ ਕਿਹਾ ਹੈ ਕਿ ਸ਼ਹਿਰ ’ਚ ਹਿੰਸਾ ਲਈ ਸੋਸ਼ਲ ਡੈਮਕਰੈਟਿਕ ਪਾਰਟੀ ਆਫ਼ ਇੰਡੀਆ (ਐੱਸਡੀਪੀਆਈ) ਦੀ ਭੂਮਿਕਾ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਮੈਂਬਰਾਂ ਦੀ ਦੰਗਿਆਂ ’ਚ ਸ਼ਮੂਲੀਅਤ ਸਬੰਧੀ ਵੀਡੀਓ ਫੁਟੇਜ ਅਤੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਂਜ ਐੱਸਡੀਪੀਆਈ ਨੇ ਹਿੰਸਾ ’ਚ ਆਪਣੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਉਪ ਮੁੱਖ ਮੰਤਰੀ ਸੀ ਐੱਨ ਅਸ਼ਵਥ ਨਰਾਇਣ ਨੇ ਕਿਹਾ ਕਿ ਸਰਕਾਰ ਐੱਸਡੀਪੀਆਈ ’ਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਹੋਈ ਹਿੰਸਾ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਗਏ 140 ਵਿਅਕਤੀਆਂ ’ਚੋਂ ਚਾਰ ਮੁਜ਼ੱਮਿਲ ਪਾਸ਼ਾ, ਫਿਰੋਜ਼, ਅਫ਼ਰਾਜ਼ ਪਾਸ਼ਾ ਅਤੇ ਸ਼ਾਇਕ ਆਦਿਲ ਨੂੰ ਇਸੇ ਜਥੇਬੰਦੀ ਨਾਲ ਜੁੜੇ ਹੋਏ ਹਨ। ਦੰਗੇ ਵਾਲੇ ਇਲਾਕਿਆਂ ’ਚ ਅੱਜ ਸ਼ਾਂਤੀ ਬਣੀ ਰਹੀ ਅਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਨੇ ਫਲੈਗ ਮਾਰਚ ਕੱਢਿਆ। ਉਧਰ ਕਾਂਗਰਸ ਵਿਧਾਇਕ ਬੀ ਜ਼ੈੱਡ ਜ਼ਮੀਰ ਅਹਿਮਦ ਖ਼ਾਨ ਅਤੇ ਭਾਜਪਾ ਵਿਧਾਇਕ ਐੱਸ ਏ ਰਾਮਦਾਸ ਵਿਚਕਾਰ ਪੁਲੀਸ ਫਾਇਰਿੰਗ ’ਚ ਮਾਰੇ ਗਏ ਤਿੰਨ ਵਿਅਕਤੀਆਂ ਦੀ ਮੌਤ ’ਤੇ ਸਿਆਸਤ ਸ਼ੁਰੂ ਹੋ ਗਈ ਹੈ। ਜ਼ਮੀਰ ਅਹਿਮਦ ਖ਼ਾਨ ਨੇ ਕਿਹਾ ਕਿ ਪੁਲੀਸ ਦੀ ਗੋਲੀ ਨਾਲ ਮਾਰੇ ਗਏ ਪਰਿਵਾਰਾਂ ਦੀ ਸਾਰ ਕੌਣ ਲਵੇਗਾ। ਇਸ ’ਤੇ ਰਾਮਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਖ਼ਮੀ ਹੋਏ ਪੁਲੀਸ ਕਰਮੀਆਂ ਅਤੇ ਜਿਨ੍ਹਾਂ ਦੀ ਸੰਪਤੀ ਦੀ ਸਾੜ-ਫੂਕ ਹੋਈ ਹੈ, ਉਨ੍ਹਾਂ ਬਾਰੇ ਵੀ ਸੋਚਣਾ ਚਾਹੀਦਾ ਹੈ।
-ਪੀਟੀਆਈ