ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਜੁਲਾਈ
ਸੂਬੇ ਵਿੱਚ ਸਰਕਾਰੀ ਵਿਭਾਗ ਗਊਆਂ ਦੇ ਨਾਂ ’ਤੇ ਕਰੋੜਾਂ ਰੁਪਏ ਸੈੱਸ ਤਾਂ ਇਕੱਠਾ ਕਰ ਰਹੇ ਹਨ ਪਰ ਉਸਨੂੰ ਅੱਗੇ ਇਸਤੇਮਾਲ ਕਰਨ ਲਈ ਟਰਾਂਸਫਰ ਨਹੀਂ ਕੀਤਾ ਜਾ ਰਿਹਾ, ਅਜਿਹਾ ਹੀ ਇੱਕ ਖੁਲਾਸਾ ਆਰਟੀਆਈ ਰਾਹੀਂ ਲਈ ਗਈ ਜਾਣਕਾਰੀ ਵਿੱਚ ਹੋਇਆ ਹੈ, ਜਿਸ ਵਿੱਚ ਹੈਰਾਨੀ ਵਾਲੀ ਗੱਲ ਵੇਖਣ ਨੂੰ ਮਿਲੀ ਹੈ ਕਿ ਪੰਜਾਬ ’ਚ ਲਾਵਾਰਿਸ ਪਸ਼ੂਆਂ ਦੇ ਨਾਂ ’ਤੇ ਪਾਵਰਕੌਮ ਨੇ ਲੋਕਾਂ ਦੇ ਬਿਜਲੀ ਬਿੱਲਾਂ ਰਾਹੀਂ ਗਊ ਸੈੱਸ ਲਗਾ ਕੇ 20 ਕਰੋੜ 64 ਲੱਖ ਰੁਪਏ ਇਕੱਠੇ ਤਾਂ ਕੀਤੇ ਹਨ, ਪਰ ਉਨ੍ਹਾਂ ਨੂੰ ਇਸਤੇਮਾਲ ਕਰਨ ਲਈ ਜਿਹੜੇ ਸਬੰਧਤ ਵਿਭਾਗ ਨੂੰ ਟਰਾਂਸਫਰ ਕੀਤੇ ਜਾਣੇ ਸੀ, ਉਨ੍ਹਾਂ ਨੂੰ ਸਿਰਫ਼ 6 ਕਰੋੜ 78 ਲੱਖ ਰੁਪਏ ਹੀ ਟਰਾਂਸਫਰ ਕੀਤੇ ਗਏ ਹਨ। ਜਿਸਦਾ ਖਮਿਆਜ਼ਾ ਗਊ ਸੈੱਸ ਦੇਣ ਦੇ ਬਾਵਜੂਦ ਆਮ ਜਨਤਾ ਨੂੰ ਭੁਗਤਨਾ ਪੈ ਰਿਹਾ ਹੈ, ਕਿਉਂਕਿ ਗਊ ਸੈੱਸ ਲੈਣ ਦੇ ਬਾਵਜੂਦ ਸਰਕਾਰ ਸੜਕਾਂ ’ਤੇ ਘੁੰਮ ਰਹੀਆਂ ਲਾਵਾਰਿਸ ਗਊਆਂ ਤੇ ਹੋਰ ਜਾਨਵਰਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕਰ ਸਕੀ ਹੈ।
ਇਸ ਸਬੰਧੀ ਜਾਣਕਾਰੀ ਲੁਧਿਆਣਾ ਦੇ ਆਰ.ਟੀ.ਆਈ ਐਕਟੀਵਿਸਟ ਰੋਹਿਤ ਸੱਭਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪਾਵਰਕੌਮ ਤੋਂ ਜਾਣਕਾਰੀ ਲਈ ਸੀ ਤੇ ਜਿਸ ’ਚ ਪੁੱਛਿਆ ਗਿਆ ਸੀ ਕਿ ਜਦੋਂ ਤੋਂ ਪੰਜਾਬ ਦੇ ਲੋਕਾਂ ’ਤੇ ਗਊ ਸੈੱਸ ਲਾਇਆ ਗਿਆ ਹੈ, ਉਸ ਸਮੇਂ ਤੋਂ ਹਰ ਸਾਲ ਪਾਵਰਕੌਮ ਨੂੰ ਕਿੰਨ੍ਹਾਂ ਗਊ ਸੈੱਸ ਇਕੱਠਾ ਹੋਇਆ ਹੈ ਤੇ ਗਊ ਸੈਸ ਨੂੰ ਅੱਗੇ ਸਰਕਾਰੀ ਵਿਭਾਗਾਂ ਨੂੰ ਕਿਸ ਤਰ੍ਹਾ ਜਾਰੀ ਕੀਤਾ ਜਾਂਦਾ ਹੈ। ਜਿਸ ਅਨੁਸਾਰ ਸਾਲ 2016 ਤੋਂ ਲੈ ਕੇ 2020 ਤੱਕ ਪਾਵਰਕੌਮ ਨੇ ਸੂਬੇ ਭਰ ’ਚ 20.64 ਕਰੋੜ ਰੁਪਏ ਤਾਂ ਇਕੱਠੇ ਕੀਤੇ ਹਨ ਪਰ ਇਸ ’ਚੋਂ ਸਿਰਫ਼ 6.78 ਕਰੋੜ ਰੁਪਏ ਹੀ ਅੱਗੇ ਵੱਖ-ਵੱਖ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੰ ਜਾਰੀ ਕੀਤੇ ਹਨ, ਬਾਕੀ ਦੇ ਪੈਸੇ ਹਾਲੇ ਵੀ ਪਾਵਰਕੌਮ ਦੱਬੀ ਬੈਠਾ ਹੈ। ਇਸੇ ਤਰ੍ਹਾਂ ਸਾਲ 2016-17 ’ਚ 2 ਕਰੋੜ 50 ਲੱਖ 37 ਹਜ਼ਾਰ 902, ਸਾਲ 2017-18 ’ਚ 2 ਕਰੋੜ 18 ਲੱਖ 68 ਹਜ਼ਾਰ 579, ਸਾਲ 2018-19 ’ਚ 7 ਕਰੋੜ 02 ਲੱਖ 45 ਹਜ਼ਾਰ 454, ਸਾਲ 2019-20 ’ਚ 7 ਕਰੋੜ 56 ਹਜ਼ਾਰ 137, ਸਾਲ 2020-21 ਦੇ ਅਪਰੈਲ ਮਹੀਨੇ ਤੱਕ ਪਾਵਰਕੌਮ ਨੇ 1 ਕਰੋੜ 29 ਲੱਖ 31 ਹਜ਼ਾਰ 270 ਰੁਪਏ ਗਊ ਸੈੱਸ ਇਕੱਠਾ ਕੀਤਾ ਗਿਆ।