ਕਰਾਚੀ, 31 ਜੁਲਾਈ
ਅਫ਼ਗਾਨਿਸਤਾਨ ਨਾਲ ਲਗਦੀ ਸਰਹੱਦ ਮੁੜ ਤੋਂ ਖੋਲ੍ਹਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ’ਚ ਤਿੰਨ ਵਿਅਕਤੀ ਮਾਰੇ ਗਏ ਅਤੇ 30 ਹੋਰ ਜ਼ਖ਼ਮੀ ਹੋ ਗਏ। ਬਲੋਚਿਸਤਾਨ ’ਚ ਚਮਨ ਸਰਹੱਦ ਦੇ ਲਾਂਘੇ ਨੂੰ ਕਰੋਨਾਵਾਇਰਸ ਕਾਰਨ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਇਕ ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ ਸਨ। ਫਰੰਟੀਅਰ ਕੋਰ ਦੇ ਜਵਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਪ੍ਰਦਰਸ਼ਨਕਾਰੀ ਧਰਨਾ ਖ਼ਤਮ ਨਹੀਂ ਕਰਦੇ, ਉਹ ਸਰਹੱਦ ਨਹੀਂ ਖੋਲ੍ਹਣਗੇ। ਇਸ ’ਤੇ ਲੋਕ ਭੜਕ ਗਏ ਅਤੇ ਉਨ੍ਹਾਂ ਫਰੰਟੀਅਰ ਕੋਰ ਦੇ ਦਫ਼ਤਰਾਂ ’ਤੇ ਹਮਲਾ ਕਰ ਦਿੱਤਾ ਜਿਸ ਮਗਰੋਂ ਭੀੜ ’ਤੇ ਗੋਲੀਆਂ ਚਲਾਈਆਂ ਗਈਆਂ। ਉਧਰ ਪੰਜਾਬ ਸੂਬੇ ਦੇ ਰਾਜਨਪੁਰ ਕਸਬੇ ’ਚ ਅਤਿਵਾਦ ਵਿਰੋਧੀ ਪੁਲੀਸ ਵੱਲੋਂ ਅਤਿਵਾਦੀਆਂ ਦੀ ਛੁਪਣਗਾਹ ’ਤੇ ਛਾਪਾ ਮਾਰਿਆ ਗਿਆ ਜਿਸ ’ਚ ਵੱਖਵਾਦੀ ਗੁੱਟ ਦੇ ਪੰਜ ਮੈਂਬਰ ਮਾਰੇ ਗਏ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਗੈਸ ਪਾਈਪਲਾਈਨਾਂ ਅਤੇ ਰੇਲ ਪਟੜੀਆਂ ਉਡਾਉਣ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ।
-ਪੀਟੀਆਈ