ਵਾਸ਼ਿੰਗਟਨ, 31 ਜੁਲਾਈ
ਟਰੰਪ ਪ੍ਰਸ਼ਾਸਨ ਨੇ ਕੰਮ ਨਾਲ ਜੁੜੇ ਵੀਜ਼ਾ ਪ੍ਰੋਗਰਾਮਾਂ ’ਚ ਸ਼ੋਸ਼ਣ ਤੇ ਧੋਖਾਧੜੀ ਰੋਕਣ ਲਈ ਕਈ ਕਦਮ ਚੁੱਕੇ ਹਨ। ਐੱਚ-1ਬੀ ਵੀਜ਼ਾ ਨੂੰ ਵੀ ਇਸ ਕਾਰਵਾਈ ਵਿਚ ਸ਼ਾਮਲ ਕੀਤਾ ਗਿਆ ਹੈ। ਅਮਰੀਕੀ ਨਾਗਰਿਕਤਾ ਤੇ ਆਵਾਸ ਸੇਵਾਵਾਂ ਦੇ ਅਧਿਕਾਰੀ ਨੇ ਇਹ ਜਾਣਕਾਰੀ ਸੰਸਦ ਮੈਂਬਰਾਂ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਤੋਂ ਆਉਣ ਵਾਲੇ ਜ਼ਿਆਦਾਤਰ ਤਕਨੀਕੀ ਪੇਸ਼ੇਵਰ ਐੱਚ-1ਬੀ ਵੀਜ਼ਾ ’ਤੇ ਹੀ ਅਮਰੀਕਾ ਆਉਂਦੇ ਹਨ। ਆਵਾਸ ਸੇਵਾ ਨੇ ਨੇਮ, ਨੀਤੀਆਂ ਤੇ ਕੁਝ ਅਪਰੇਸ਼ਨਲ ਤਬਦੀਲੀਆਂ ਕੀਤੀਆਂ ਹਨ ਜਿਨ੍ਹਾਂ ਨਾਲ ਅਮਰੀਕੀ ਕਾਮਿਆਂ ਅਤੇ ਕਾਰੋਬਾਰਾਂ ਦੇ ਆਰਥਿਕ ਹਿੱਤ ਸੁਰੱਖਿਅਤ ਹੋਣਗੇ। ਨਾਗਰਿਕ ਤੇ ਆਵਾਸ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਜੋਸਫ਼ ਐਡਲੋਅ ਨੇ ਦੱਸਿਆ ਕਿ ਚੋਣਵੇਂ ਐੱਚ-1ਬੀ ਪਟੀਸ਼ਨਰਾਂ ਨੂੰ ਹੁਣ ਫ਼ੀਸ ਅਦਾ ਕਰਨੀ ਪਵੇਗੀ ਜਿਸ ਨਾਲ ਅਮਰੀਕੀ ਕਾਮਿਆਂ ਨੂੰ ਸਿਖ਼ਲਾਈ ਦਿੱਤੀ ਜਾਵੇਗੀ। ਐੱਲ-1 ਵੀਜ਼ਾ ਨਾਲ ਜੁੜੇ ਕਈ ਨੇਮ ਵੀ ਬਦਲੇ ਗਏ ਹਨ। ਐੱਚ-1ਬੀ ਵੀਜ਼ਾ ਜਾਰੀ ਕਰਨ ਨਾਲ ਜੁੜੀ ਪ੍ਰਕਿਰਿਆ ਵੀ ਬਦਲੀ ਗਈ ਹੈ। ਨਵੇਂ ਨੇਮਾਂ ਤਹਿਤ ਅਮਰੀਕੀ ਸੰਸਥਾਵਾਂ ਤੋਂ ਮਾਸਟਰ ਡਿਗਰੀ ਕਰਨ ਵਾਲਿਆਂ ਜਾਂ ਇਸ ਤੋਂ ਉਪਰਲੇ ਪੱਧਰ ਦੀ ਸਿੱਖਿਆ ਲੈਣ ਵਾਲਿਆਂ ਨੂੰ ਲਾਹਾ ਮਿਲੇਗਾ। ਨਿਆਂ ਵਿਭਾਗ ਨਾਲ ਤਾਲਮੇਲ ਵੀ ਵਧਾਇਆ ਜਾਵੇਗਾ ਤਾਂ ਕਿ ਧੋਖਾਧੜੀ ਕਰਨ ਵਾਲੇ ਰੁਜ਼ਗਾਰਦਾਤਾ ਦੀ ਬਿਹਤਰ ਢੰਗ ਨਾਲ ਸ਼ਨਾਖ਼ਤ ਕਰ ਕੇ ਉਸ ਨੂੰ ਹਟਾਇਆ ਜਾ ਸਕੇ। ‘ਐੱਚ-1ਬੀ ਐਂਪਲਾਇਰ ਡੇਟਾ ਹੱਬ’ ਵੀ ਬਣਾਇਆ ਗਿਆ ਹੈ ਜਿੱਥੋਂ ਜਨਤਕ ਤੌਰ ’ਤੇ ਜਾਣਕਾਰੀ ਮਿਲ ਸਕੇਗੀ।
-ਪੀਟੀਆਈ