ਜ਼ੁਬਾਨਾਂ ਬਨਾਮ ਧਰਮ
31 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਅਭੈ ਸਿੰਘ ਦਾ ਭਾਸ਼ਾਵਾਂ ਦੇ ਮਸਲੇ ’ਤੇ ਲੇਖ ਵਧੀਆ ਲੱਗਿਆ। ਲੇਖਕ ਨੇ ਜਿਹੜੀਆਂ ਤੰਗਨਜ਼ਰ ਤਾਕਤਾਂ ਦੀ ਗੱਲ ਕੀਤੀ ਹੈ, ਉਨ੍ਹਾਂ ਕੱਟੜਪੰਥੀਆਂ ਨੇ ਧਰਮ ਨਿਰਪੱਖ ਭਾਰਤ ਵਿਚ ਭਾਸ਼ਾਵਾਂ ਦਾ ਵੀ ਮਜ਼ਹਬੀਕਰਨ ਕਰ ਦਿੱਤਾ ਹੈ। ਪਹਿਲੀ ਗੱਲ, ਮੁਸਲਮਾਨ ਭਾਰਤ ਵਿਚ ਸਭ ਤੋਂ ਵੱਡੀ ਘੱਟਗਿਣਤੀ ਹੈ ਅਤੇ ਉਰਦੂ ਨਾਲ ਜੁੜੇ ਹੋਏ ਹਨ। ਹਿੰਦੀ ਤੋਂ ਬਾਅਦ ਅਗਰ ਕਿਸੇ ਦੂਸਰੀ ਭਾਸ਼ਾ ਨੂੰ ਖ਼ਾਸ ਦਰਜਾ ਮਿਲਣਾ ਚਾਹੀਦਾ ਹੈ ਤਾਂ ਉਹ ਸਿਰਫ਼ ਉਰਦੂ ਹੈ। ਦੂਸਰੀ ਗੱਲ, ਅੱਜਕੱਲ੍ਹ ਭਾਰਤ ’ਤੇ ਕਾਬਜ਼ ਕੱਟੜਪੰਥੀਆਂ ਦੇ ਪੁਰਖਿਆਂ ਨੇ ਸੰਸਕ੍ਰਿਤ ਜਿਹੀ ਅਮੀਰ ਭਾਸ਼ਾ ਨੂੰ ਲੋਕ-ਭਾਸ਼ਾ ਵਜੋਂ ਪ੍ਰਚੱਲਿਤ ਨਾ ਹੋਣ ਦੇਣ ਦੇ ਬੱਜਰ ਗੁਨਾਹ ਕੀਤਾ ਅਤੇ ਇਸ ਭਾਸ਼ਾ ਨੂੰ ਅਗਿਆਨਪੁਣੇ ਦੀ ਭੇਟ ਚੜ੍ਹਾ ਕੇ ਦੇਸ਼ ਵਿਚੋਂ ਤਕਰੀਬਨ ਲੋਪ ਕਰਵਾ ਦਿੱਤਾ। ਅਗਰ ਇਸ ਭਾਸ਼ਾ ਨੂੰ ਇਕ ਵਰਗ ਦੀ ਜਗੀਰ ਨਾ ਬਣਾ ਕੇ, ਅਖੌਤੀ ਹੇਠਲੇ ਦਰਜੇ ਦੇ ਲੋਕਾਂ ਨੂੰ, ਇਸ ਦੇ ਇਸਤੇਮਾਲ ਤੋਂ ਨਾ ਰੋਕਿਆ ਹੁੰਦਾ ਤਾਂ ਅੱਜ ਇਹ ਪੁਰਾਤਨ ਭਾਸ਼ਾ ਕੌਮਾਂਤਰੀ ਭਾਸ਼ਾ ਬਣਨ ਦਾ ਦਮ ਰੱਖਦੀ ਹੁੰਦੀ ਪਰ ਅਫ਼ਸੋਸ ਇਹ ਲੋਕ ਅੱਜ ਫਿਰ ਜ਼ੁਬਾਨਾਂ ਦਾ ਮਜ਼ਹਬੀਕਰਨ ਕਰ ਕੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਤਿਆਰ ਕਰਨ ਲੱਗੇ ਹੋਏ ਹਨ।
ਜਸਵੰਤ ਰਾਏ, ਚੰਡੀਗੜ੍ਹ
ਰੌਚਿਕ ਅਤੇ ਸਿੱਖਿਆਦਾਇਕ
31 ਜੁਲਾਈ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਗਿਆਨ ਸਿੰਘ ਦਾ ਮਿਡਲ ‘ਸੀਤਾ ਰਾਮ ਦਾ ਕਰਜ਼ਾ’ ਰੌਚਿਕ ਅਤੇ ਸਿੱਖਿਆਦਾਇਕ ਹੈ। ਵਿਹਲੜ ਲੋਕਾਂ ਲਈ ਮਿਸਾਲ ਹੈ ਸੀਤਾ ਰਾਮ। ਉਸ ਨੇ ਮੁਫ਼ਤ ਖਾਣੇ ਤੋਂ ਕੋਰੀ ਨਾਂਹ ਕਰ ਕੇ ਮਿਹਨਤ ਮਜ਼ਦੂਰੀ ਬਦਲੇ ਰੋਜ਼ੀ ਕਮਾਉਣ ਨੂੰ ਪਹਿਲ ਦਿੱਤੀ। ਆਪਣਾ ਪੂਰਾ ਪਰਿਵਾਰ ਖ਼ਤਮ ਹੋ ਜਾਣ ਦੇ ਬਾਵਜੂਦ ਇਕ ਵਾਰ ਡੋਲ ਜਾਣ ਮਗਰੋਂ ਮੌਤ ਦੇ ਮੂੰਹ ਤੋਂ ਬਚ ਕੇ ਮੁੜ ਸੰਭਲ ਜਾਣਾ, ਅਜਿਹੀਆਂ ਮਿਸਾਲਾਂ ਸਮਾਜ ਵਿਚ ਬਹੁਤ ਘੱਟ ਮਿਲਦੀਆਂ ਹਨ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਨਰੋਆ ਸਭਿਆਚਾਰ ਅਤੇ ਸ਼ਾਸਕ
30 ਜੁਲਾਈ ਨੂੰ ਸੁੱਚਾ ਸਿੰਘ ਖੱਟੜਾ ਦਾ ਮਿਡਲ ‘ਲੋਕ ਕੀ ਕਹਿਣਗੇ’ ਪੜ੍ਹਿਆ। ਲੋਕ ਕੀ ਕਹਿਣਗੇ ਵਾਲੀ ਫ਼ਿਕਰਮੰਦੀ ਨਰੋਏ ਸਭਿਆਚਾਰ ਦਾ ਮਾਲਿਕ ਇਨਸਾਨ ਹੀ ਕਰ ਸਕਦਾ ਹੈ। ਨਰੋਆ ਸਭਿਆਚਾਰ ਸਾਨੂੰ ਵਿਰਾਸਤ ਵਿਚ ਮਾਂ ਬਾਪ, ਪੁਰਖਿਆਂ ਅਤੇ ਇਸ ’ਤੇ ਉਸਰੇ ਸਮਾਜ ਵਿਚੋਂ ਮਿਲਦਾ ਹੈ। ਹਰ ਦੌਰ ਵਿਚ ਸ਼ਾਸਕਾਂ ਦੀ ਆਪਣੇ ਹਿੱਤਾਂ ਖਾਤਰ ਸਮਾਜਿਕ ਕਦਰਾਂ-ਕੀਮਤਾਂ ਨੂੰ ਢਾਹ ਲਗਾਉਣ ਵਾਲੀ ਨਾਕਾਰਾਤਮਕ ਭੂਮਿਕਾ ਦੇ ਉਲਟ ਸਮਾਜਿਕ ਕਦਰਾਂ-ਕੀਮਤਾਂ ਦੀ ਰਾਖੀ ਵਾਸਤੇ ਆਵਾਜ਼ ਬੁਲੰਦ ਕਰਨ ਦੀਆਂ ਅਨੇਕਾਂ ਮਿਸਾਲਾਂ ਵੀ ਇਤਿਹਾਸ ਵਿਚ ਮਿਲਦੀਆਂ ਹਨ। ਉਸਾਰੂ ਅਤੇ ਅਗਾਂਹਵਧੂ ਸਭਿਆਚਾਰ ਨੂੰ ਮਧੋਲੇ ਬਿਨਾਂ ਅਜੋਕਾ ਸ਼ਾਸਕ ਵਰਗ ਆਪਣੇ ਜਮਾਤੀ ਹਿੱਤਾਂ ਦੇ ਨਿਸ਼ਚਿਤ ਨਤੀਜੇ ਪ੍ਰਾਪਤ ਨਹੀਂ ਕਰ ਸਕਦਾ। ਇਸ ਪ੍ਰਸੰਗ ਵਿਚ ਅੱਜ ਜੋ ਹਾਲਾਤ ਹਨ, ਉਸ ਬਾਰੇ ਸਭ ਲਈ ਸੋਚਣ ਦੀ ਘੜੀ ਹੈ।
ਵਿਜੈ ਕੁਮਾਰ, ਨੰਗਲ
ਮਹਿੰਗੀ ਬਿਜਲੀ
29 ਜੁਲਾਈ ਨੂੰ ਇੰਜਨੀਅਰ ਭੁਪਿੰਦਰ ਸਿੰਘ ਦਾ ਲੇਖ ‘ਸਰਕਾਰੀ ਥਰਮਲ ਪਲਾਂਟ ਬੰਦ ਹੋਣ ਦੀ ਕਗ਼ਾਰ ’ਤੇ’ ਪੜ੍ਹਿਆ। ਥਰਮਲਾਂ ਦੀ ਮਾੜੀ ਹਾਲਤ ਦਾ ਖਮਿਆਜ਼ਾ ਨਾ ਸਿਰਫ਼ ਪੀਐੱਸਪੀਸੀਐੱਲ ਨੂੰ ਭੁਗਤਣਾ ਪੈ ਰਿਹਾ ਹੈ ਬਲਕਿ ਸਮੁੱਚੇ ਪੰਜਾਬ ਦੀ ਜਨਤਾ ਮਹਿੰਗੀ ਬਿਜਲੀ ਹੋਣ ਕਾਰਨ ਇਹ ਭਾਰ ਝੱਲ ਰਹੀ ਹੈ। ਜੇ ਪ੍ਰਾਈਵੇਟ ਸੈਕਟਰ ’ਚ ਚੱਲ ਰਹੇ ਥਰਮਲ ਪਲਾਂਟਾਂ ਵਿਚੋਂ ਘੱਟੋ-ਘੱਟ ਇਕ ਨੂੰ ਸਰਕਾਰ ਦੁਆਰਾ ਖ਼ਰੀਦ ਕੇ ਚਲਾਇਆ ਜਾਵੇ ਤਾਂ ਸਹੀ ਭਾਅ ਸਿਰ ਬਿਜਲੀ ਦਿੱਤੀ ਜਾ ਸਕਦੀ ਹੈ।
ਕ੍ਰਿਸ਼ਨ ਕੁਮਾਰ, ਚੰਡੀਗੜ੍ਹ
ਬਚਪਨ ਚੇਤੇ ਆਇਆ
29 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਅਮਰਜੀਤ ਸਿੰਘ ਮਾਨ ਦਾ ਮਿਡਲ ‘ਠੂਣ੍ਹਿਆਂ ਵਾਲੇ ਦਿਨ’ ਪੜ੍ਹ ਕੇ ਚੰਗਾ ਲੱਗਾ। ਲੇਖਕ ਨੇ ਦੱਸਿਆ ਹੈ ਕਿ ਕਿਵੇਂ ਉਸ ਨੇ ਬਚਪਨ ਵਿਚ ਸੁਹਾਗੇ ’ਤੇ ਠੂਣ੍ਹੇ ਲਏ ਸਨ। ਸੱਚਮੁੱਚ ਪੜ੍ਹ ਕੇ ਆਪਣਾ ਬਚਪਨ ਚੇਤੇ ਆ ਗਿਆ। ਅਜਿਹੀਆਂ ਲਿਖਤਾਂ ਦਿਲ ਨੂੰ ਸਕੂਨ ਬਖ਼ਸ਼ਦੀਆਂ ਹਨ।
ਮਨਦੀਪ ਨਿੱਕੂ, ਪਿੰਡ ਸ਼ਹਿਣਾ (ਬਰਨਾਲਾ)
ਸੰਵਿਧਾਨ ਬਨਾਮ ਭਾਜਪਾ
29 ਜੁਲਾਈ ਨੂੰ ਪਹਿਲੇ ਸਫ਼ੇ ਦੀ ਖ਼ਬਰ ਮੁਤਾਬਿਕ ਸੰਵਿਧਾਨ ਦੀ ਪ੍ਰਸਤਾਵਨਾ ’ਚੋਂ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਹਟਾਉਣ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਹੈ। ਸੰਸਦ ਦੇ ਪਿਛਲੇ ਸੈਸ਼ਨ ਵਿਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਸੰਵਿਧਾਨ ਦੀ ਪ੍ਰਸਤਾਵਨਾ ਵਿਚ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਸ਼ਬਦਾਂ ਨੂੰ ਬਾਅਦ ਵਿਚ ਜੋੜਿਆ ਗਿਆ ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਨ੍ਹਾਂ ਸ਼ਬਦਾਂ ਉੱਤੇ ਹੋਈ ਭਰਵੀਂ ਬਹਿਸ ਵਿਚ ਬਹੁ-ਗਿਣਤੀ ਨੇ ਹਮਾਇਤ ਕੀਤੀ ਸੀ। ਅਟਲ ਬਿਹਾਰੀ ਵਾਜਪਾਈ ਦੀ ਹਕੂਮਤ ਸਮੇਂ ਸਾਰੀਆਂ ਵਿਰੋਧੀ ਪਾਰਟੀਆਂ ਰਾਮ ਮੰਦਰ, ਅੰਧਰਾਸ਼ਟਰਵਾਦ ਅਤੇ ਸੰਵਿਧਾਨ ਨਾਲ ਛੇੜ-ਛਾੜ ਨੂੰ ‘ਲੁਕਵਾਂ ਏਜੰਡਾ’ ਆਖਦੀਆਂ ਰਹੀਆਂ ਪਰ ਹੁਣ ਪਿਛਲੇ ਤਕਰੀਬਨ 7 ਸਾਲਾਂ ਤੋਂ ਤਾਂ ਇਹ ਏਜੰਡਾ ਭਾਜਪਾ ਵੱਲੋਂ ‘ਨੰਗਾ’ ਕਰ ਦਿੱਤਾ ਗਿਆ ਹੈ। ਹੁਣ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ।
ਗੁਰਦਿਆਲ ਸਹੋਤਾ, ਲੁਧਿਆਣਾ
ਕਿਰਤੀਆਂ ਦੀ ਆਵਾਜ਼
28 ਜੁਲਾਈ ਦੇ ਲੋਕ ਸੰਵਾਦ ਸਫ਼ੇ ’ਤੇ ਜਗਤਾਰ ਸਿੰਘ ਲਾਂਬਾ ਦਾ ਉੱਘੇ ਕਮਿਊਨਿਸਟ ਨੇਤਾ ਸਤਪਾਲ ਡਾਂਗ ਬਾਰੇ ਲੇਖ ‘ਕਿਰਤੀਆਂ ਦੀ ਆਵਾਜ਼’ ਪੜ੍ਹ ਕੇ ਉਨ੍ਹਾਂ ਦੇ ਲੋਕਪੱਖੀ, ਇਨਕਲਾਬੀ, ਇਮਾਨਦਾਰ ਅਤੇ ਸਾਦੇ ਕਿਰਦਾਰ ਨੂੰ ਵਾਕਈ ਲਾਲ ਸਲਾਮ ਕਰਨਾ ਬਣਦਾ ਹੈ। ਉਹ ਸਹੀ ਅਰਥਾਂ ਵਿਚ ਕਿਰਤੀਆਂ ਨੂੰ ਸਮਰਪਿਤ ਸਨ ਅਤੇ ਸਾਰੀ ਉਮਰ ਉਨ੍ਹਾਂ ਦੇ ਹੱਕਾਂ ਲਈ ਲੜਦੇ ਰਹੇ। ਉਨ੍ਹਾਂ ਨੇ ਸਿਆਸਤ ਨੂੰ ਲੋਕ ਸੇਵਾ ਵਜੋਂ ਨਿਭਾਇਆ ਅਤੇ ਕਮਿਊਨਿਸਟ ਅਸੂਲਾਂ ਉੱਤੇ ਸਖ਼ਤੀ ਨਾਲ ਪਹਿਰਾ ਦਿੱਤਾ। ਉਨ੍ਹਾਂ ਨੇ ਨਾ ਸਿਰਫ਼ ਅਤਿਵਾਦ ਦਾ ਡਟਵਾਂ ਵਿਰੋਧ ਅਤੇ ਮੁਕਾਬਲਾ ਕੀਤਾ ਬਲਕਿ ਝੂਠੇ ਪੁਲੀਸ ਮੁਕਾਬਿਲਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿਚ ਵੀ ਅਹਿਮ ਰੋਲ ਨਿਭਾਇਆ। ਅਫ਼ਸੋਸ ਹੈ ਕਿ ਅੱਜ ਦੇ ਕਮਿਊਨਿਸਟ ਨੇਤਾ ਸਤਪਾਲ ਡਾਂਗ ਵਰਗੀ ਸਮਰਪਿਤ ਭਾਵਨਾ ਵਾਂਗ ਕਿਰਤੀ ਜਮਾਤ ਦੇ ਹੱਕਾਂ ਦੀ ਰਾਖੀ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਦੁੱਖ ਇਸ ਗੱਲ ਦਾ ਵੀ ਹੈ ਕਿ ਇਹ ਨੇਤਾ ਦੁਨੀਆਂ ਭਰ ਦੇ ਮਿਹਨਤਕਸ਼ਾਂ ਨੂੰ ਤਾਂ ਇਕ ਹੋਣ ਦਾ ਨਾਅਰਾ ਦਿੰਦੇ ਹਨ ਪਰ ਛੋਟੇ ਛੋਟੇ ਸਿਧਾਂਤਕ ਮਤਭੇਦਾਂ ਕਰ ਕੇ ਆਪ ਖ਼ੁਦ ਕਈ ਧੜਿਆਂ ਵਿਚ ਵੰਡੇ ਪਏ ਹਨ। ਇਨ੍ਹਾਂ ਨੂੰ ਮਿਲ-ਬੈਠ ਕੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਬਿਨਾਂ ਹੋਰ ਸਮਾਂ ਗੁਆਏ ਏਕਤਾ ਕਰਨ ਦੀ ਲੋੜ ਹੈ।
ਦਮਨਜੀਤ ਕੌਰ, ਅੰਮ੍ਰਿਤਸਰ