ਸ਼ਗਨ ਕਟਾਰੀਆ
ਜੈਤੋ, 22 ਅਗਸਤ
ਇਥੋਂ ਦੇ ਬਿਸ਼ਨੰਦੀ ਬਾਜ਼ਾਰ ’ਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖ਼ਾ ’ਚ ਕਰੀਬ ਅੱਧੀ ਰਾਤ ਨੂੰ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।
ਮੁੱਖ ਗੇਟ ਤੋਂ ਇਲਾਵਾ ਬੈਂਕ ਦਾ ਪਿਛਲੀ ਗਲ਼ੀ ਵਿਚ ਵੀ ਇਕ ਦਰਵਾਜ਼ਾ ਹੈ। ਜਾਣਕਾਰੀ ਅਨੁਸਾਰ ਦੋ ਵਿਅਕਤੀ ਪਿਛਲੇ ਦਰਵਾਜ਼ਿਓਂ ਬੈਂਕ ’ਚ ਦਾਖ਼ਲ ਹੋਏ। ਕੁਝ ਮਿੰਟਾਂ ਮਗਰੋਂ ਹੀ ਆਟੋਮੈਟਿਕ ਸਾਇਰਨ ਗੂੰਜਣ ਲੱਗ ਪਿਆ ਜਿਸ ਤੋਂ ਬਾਅਦ ਚੋਰ ਭੱਜ ਗਏ ਪਰ ਸਾਇਰਨ ਵੱਜਣ ਦੀ ਸੂਚਨਾ ਪੁਲੀਸ ਥਾਣੇ ਅਤੇ ਬੈਂਕ ਦੇ ਕਰਮਚਾਰੀਆਂ ਦੇ ਮੋਬਾਇਲ ਫ਼ੋਨਾਂ ’ਤੇ ਇੰਟਰਨੈੱਟ ਤਕਨੀਕ ਰਾਹੀਂ ਪਹੁੰਚ ਗਈ। ਪੁਲੀਸ ਅਤੇ ਬੈਂਕ ਮੁਲਾਜ਼ਮ ਤੁਰਤ ਮੌਕੇ ’ਤੇ ਪੁੱਜੀ। ਬੈਂਕ ਨੇੜਲੇ ਇਲਾਕੇ ਦੇ ਲੋਕ ਵੀ ਘੁੱਗੂ ਦੀ ਆਵਾਜ਼ ਸੁਣ ਕੇ ਉਥੇ ਇਕੱਠੇ ਹੋ ਗਏ। ਸੀਸੀਟੀਵੀ ਦੀ ਫੁਟੇਜ ਦੇ ਆਧਾਰ ’ਤੇ ਪੁਲੀਸ ਬੈਂਕ ਵਿੱਚ ਦਾਖਲ ਹੋਣ ਵਾਲਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।