ਕਸ਼ਮੀਰ ਬਨਾਮ ਬੇਗ਼ਾਨਗੀ
5 ਅਗਸਤ ਦੇ ਸੰਪਾਦਕੀ ‘ਦੁੱਖਾਂ ਦੀ ਰੋਟੀ, ਸੂਲਾਂ ਦਾ ਸਾਲਣ’ ਅਤੇ ਇਸੇ ਨਾਲ ਸਬੰਧਿਤ ‘ਇਕਲਾਪੇ ਦੇ ਅੰਤਹੀਣ ਵਰ੍ਹੇ ਅਤੇ ਪਿਛਲੇ 366 ਦਿਨ’ (ਸਵਰਾਜਬੀਰ) ਕਸ਼ਮੀਰ ਸਮੱਸਿਆ ਨੂੰ ਹੱਲ ਕਰਨ ਦੇ ਨਾਂ ਹੇਠ ਉੱਥੋਂ ਦੀ ਸਿਆਸਤ ਨੂੰ ਕੁਚਲਣ ਅਤੇ ਲੋਕਾਂ ਨੂੰ ਖੌਫ਼ ਦੇ ਹਨੇਰੇ ਵਿਚ ਧੱਕਣ, ਉਸ ਤੋਂ ਵੀ ਪਹਿਲਾਂ ਗੁਆਂਢੀ ਦੇਸ਼ ਵੱਲੋਂ ਆਪਣੇ ਲੋਕਾਂ ਨੂੰ ਰੋਟੀ-ਰੋਜ਼ੀ ਦੇਣ ਦੀ ਥਾਂ ਕਸ਼ਮੀਰ ਦਾ ਸੁਪਨਾ ਵੇਚਣ ਦੀ ਕਸ਼ਮੀਰੀਆਂ ਦੇ ਪੱਖ ਤੋਂ ਗੱਲ ਬਾਖ਼ੂਬੀ ਕੀਤੀ ਗਈ ਹੈ। ਜਮਹੂਰੀਅਤ ਦਾ ਅਰਥ ਬਹੁਗਿਣਤੀ ਦਾ ਘੱਟਗਿਣਤੀਆਂ ’ਤੇ ਦਾਬਾ ਨਹੀਂ ਹੁੰਦਾ ਸਗੋਂ ਕਮਜ਼ੋਰਾਂ ਅਤੇ ਘੱਟਗਿਣਤੀਆਂ ਦਾ ਵਿਸ਼ੇਸ਼ ਖਿਆਲ ਰੱਖਣਾ ਵੀ ਹੁੰਦਾ ਹੈ ਤਾਂ ਕਿ ਉਨ੍ਹਾਂ ਨੂੰ ਬੇਗ਼ਾਨਗੀ ਦਾ ਅਹਿਸਾਸ ਨਾ ਹੋਏ। ਇਹ ਬੇਗ਼ਾਨਗੀ ਤੇ ਧੱਕੇਸ਼ਾਹੀ ਦਾ ਅਹਿਸਾਸ ਖਲਾਅ ਵਿਚੋਂ ਪੈਦਾ ਨਹੀਂ ਹੁੰਦਾ ਪਰ ਸਮਾਂ ਪੈਣ ’ਤੇ ਰਿਸਦਾ ਜ਼ਖ਼ਮ ਜ਼ਰੂਰ ਬਣ ਜਾਂਦਾ ਹੈ। ਨਾਗਰਿਕ ਹੋਣ ਦੇ ਨਾਤੇ ਸਾਡੇ ਵਿਚੋਂ ਹਰ ਕੋਈ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸਿਆਸੀ ਫ਼ੈਸਲਿਆਂ ਲਈ ਜ਼ਿੰਮੇਵਾਰ ਹੈ ਅਤੇ ਜੋ ਕੁਝ ਮੰਦਾ ਚੰਗਾ ਵਾਪਰ ਰਿਹਾ ਹੈ, ਉਸ ਦੇ ਜੋ ਸਿੱਟੇ ਨੇੜ ਜਾਂ ਦੂਰ ਭਵਿੱਖ ਵਿਚ ਸਾਹਮਣੇ ਆਉਣਗੇ, ਉਨ੍ਹਾਂ ਦਾ ਅਸਰ ਵੀ ਸਭ ’ਤੇ ਪੈਣਾ ਹੈ। ਸਾਡਾ ਸਮਾਜ ਪਹਿਲਾਂ ਹੀ ਬਹੁਤ ਸਾਰੀਆਂ ਵੰਡੀਆਂ ਦਾ ਸ਼ਿਕਾਰ ਹੈ। ਹੁਣ ਲੋੜ ਸਮਾਜਿਕ ਨਿਆਂ ਵਾਲੀ ਦਿਸ਼ਾ ਵੱਲ ਮੋੜਾ ਕੱਟਣ ਦੀ ਹੈ। ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੀ ਭੂਮਿਕਾ ਪਛਾਨਣ ਦੀ ਲੋੜ ਹੈ ਤਾਂ ਕਿ ਕੱਲ੍ਹ ਨੂੰ ਪਛਤਾਵਾ ਪੱਲੇ ਨਾ ਪਵੇ।
ਮੁਲਖ ਸਿੰਘ, ਪਿਪਲੀ (ਹਰਿਆਣਾ)
ਸਕੂਲ ਸਿੱਖਿਆ ਦਾ ਕੱਚ-ਸੱਚ
4 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਕੌਮੀ ਸਿੱਖਿਆ ਨੀਤੀ : ਸਕੂਲ ਸਿੱਖਿਆ ਦਾ ਕੱਚ-ਸੱਚ’ ਪੜ੍ਹਿਆ। ਜਿਨ੍ਹਾਂ ਮਾਹਿਰਾਂ ਦੀ ਰਾਏ ਨਾਲ ਨਵੀਂ ਸਿੱਖਿਆ ਨੀਤੀ ਤਿਆਰ ਕੀਤੀ ਗਈ ਹੈ, ਉਨ੍ਹਾਂ ਦੇ ਨਾਂ ਸਰਕਾਰ ਨੂੰ ਜਨਤਕ ਕਰਨੇ ਚਾਹੀਦੇ ਹਨ। ਲਕੋ ਤਾਂ ਸ਼ੱਕ ਦੇ ਬੀਜ ਹੀ ਬੀਜੇਗਾ। ਲੇਖਕ ਨੇ ਸ਼ੱਕ ਦੀ ਸੂਈ ਦੀ ਦਿਸ਼ਾ ਬਿਲਕੁਲ ਸਹੀ ਪਛਾਣੀ ਹੈ-ਪੁਰਾਤਨਤਾ ਦੀ ਤੂਤੀ ਬੁਲੰਦ ਕਰਨਾ। ਸਿੱਖਿਆ ਨੀਤੀ ਨੂੰ ਵਿਆਪਕ ਪੱਧਰ ’ਤੇ ਵਿਚਾਰਨਾ ਸਮੇਂ ਦੀ ਲੋੜ ਹੈ। ਇਸ ਤੋਂ ਬਿਨਾ ਸਰਨਾ ਨਹੀਂ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
ਪਰਮਾਣੂ ਬੰਬ ਅਤੇ ਸਿਆਸੀ ਆਗੂ
3 ਅਗਸਤ ਨੂੰ ਪਰਵਾਜ਼ ਪੰਨੇ ਉੱਤੇ ਐਸਪੀ ਸਿੰਘ ਦਾ ਲੇਖ ‘75 ਸਾਲਾਂ ਬਾਅਦ ਹੀਰੋਸ਼ੀਮਾ ਵਿਚ ਜਿਊਂਦੇ ਅਸੀਂ’ ਪੜ੍ਹਿਆ। ਜਿੱਥੇ ਪਰਮਾਣੂ ਬੰਬਾਂ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰ ਨੂੰ ਬਰਬਾਦ ਕਰ ਦਿੱਤਾ, ਉਵੇਂ ਅੱਜ ਪਰਮਾਣੂ ਬੰਬਾਂ ਦੀ ਥਾਂ ਰਾਜਨੀਤਕ ਆਗੂਆਂ ਨੇ ਲੈ ਲਈ ਹੈ ਜੋ ਦੇਸ਼ ਨੂੰ ਬਰਬਾਦੀ ਦੇ ਰਾਹ ਲਿਜਾ ਰਹੇ ਹਨ। ਇਸੇ ਕਰਕੇ ਅੱਜ ਦੇਸ਼ ਭਰ ’ਚ ਬਹੁਤ ਭ੍ਰਿਸ਼ਟਾਚਾਰ ਫੈਲ ਗਿਆ ਹੈ।
ਹਰਦੇਵ ਸਿੰਘ, ਈਮੇਲ
ਵਜੂਦ ਝੰਜੋੜਿਆ ਗਿਆ
1 ਅਗਸਤ ਦੇ ਸਤਰੰਗ ਪੰਨੇ ਉੱਤੇ ਸਾਂਵਲ ਧਾਮੀ ਦਾ ਲੇਖ ‘ਨਿਹੰਗ ਖ਼ਾਨ ਦੇ ਵਾਰਸ’ ਵਜੂਦ ਨੂੰ ਝੰਜੋੜ ਗਿਆ। ਮੁਸਲਿਮ ਭਾਈਚਾਰੇ ਵਿਚ ਕੇਵਲ ਇਕ ਸਰਦਾਰ ਨਿਹੰਗ ਖ਼ਾਨ ਹੀ ਨਹੀਂ, ਹੋਰ ਵੀ ਅਜਿਹੀਆਂ ਸਨਮਾਨਿਤ ਸ਼ਖ਼ਸੀਅਤਾਂ ਹੋਈਆਂ ਹਨ ਜਿਨ੍ਹਾਂ ਦਾ ਨਾਮ ਸਿੱਖ ਜਗਤ ਵਿਚ ਸਤਿਕਾਰ ਨਾਲ ਲਿਆ ਜਾਂਦਾ ਹੈ। ਇਨ੍ਹਾਂ ਵਿਚ ਅੱਤੇਵਾਲੀ (ਫਤਹਿਗੜ੍ਹ ਸਾਹਿਬ) ਦੇ ਰਾਜਪੂਤ ਮੁਸਲਮਾਨ ਸਰਦਾਰ ਅੱਤੇ ਖਾਂ (ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਵਿਚ ਅਹਿਮ ਭੂਮਿਕਾ ਨਿਭਾਈ ਸੀ), ਰਾਏਕੋਟ ਦਾ ਸਰਦਾਰ ਰਾਲੇ ਕੱਲਾ (ਜਿਸ ਨੇ ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਕੇ ਬਿਖੜੇ ਪੈਂਡਿਆਂ ’ਤੇ ਸਫ਼ਰ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਦਾ ਢੁੱਕਵਾਂ ਸਤਿਕਾਰ ਕੀਤਾ ਸੀ) ਅਤੇ ਸਢੋਰਾ ਦੇ ਸੂਫ਼ੀ ਫ਼ਕੀਰ ਬੁੱਧੂ ਸ਼ਾਹ (ਜਿਸ ਨੇ ਭੰਗਾਣੀ ਦੀ ਲੜਾਈ ਵਿਚ ਲੜਦੇ ਹੋਏ ਆਪਣੇ ਚਾਰ ਪੁੱਤਰ ਸ਼ਹੀਦ ਕਰਵਾਏ) ਦੇ ਨਾਮ ਵਰਨਣਯੋਗ ਹਨ। ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਬਹਾਦਰ ਵਿਰੁੱਧ ਮੁਹਿੰਮਾਂ ਵਿਚ ਭਾਗ ਲੈਣ ਵਾਲੇ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਅਤੇ ਹੋਰ ਹਿੰਦੂ ਰਾਜਪੂਤ ਤੇ ਜਾਟ ਰਾਜਿਆਂ ਦੀ ਸੂਚੀ ਬਹੁਤ ਲੰਮੀ ਹੈ। ਅਸਲ ਵਿਚ ਗੁਰਬਾਣੀ ਵਿਚ ਵੀ ਸਿੱਖੀ ਦਾ ਜਿੰਨਾ ਤਿੱਖਾ ਵਿਰੋਧ ਬ੍ਰਾਹਮਣੀ ਕਾਂਡਾਂ ਨਾਲ ਹੈ, ਇੰਨਾ ਪ੍ਰਚੰਡ ਵਿਰੋਧ ਇਸਲਾਮ ਦੇ ਸਬੰਧ ਵਿਚ ਦਿਖਾਈ ਨਹੀਂ ਦਿੰਦਾ। 18ਵੀਂ ਸਦੀ ਦਾ ਸਿੱਖਾਂ ਦਾ ਸੰਘਰਸ਼ ਮੁਗ਼ਲ ਸਰਕਾਰ ਵਿਰੁੱਧ ਰਾਜਨੀਤਕ ਸੰਘਰਸ਼ ਸੀ, ਸਿੱਖ ਮੁਸਲਿਮ ਲੜਾਈ ਨਹੀਂ ਸੀ। ਇਸ ਤੱਥ ਨੂੰ ਸਿਦਕ ਦਿਲੀ ਨਾਲ ਸਮਝਣ ਦੀ ਲੋੜ ਹੈ। ਰਾਜਨੀਤੀ ਦੇ ਸੌਦਾਗਰਾਂ ਵੱਲੋਂ ਸੌੜੇ ਰਾਜਨੀਤਕ ਹਿਤਾਂ ਲਈ ਕੂੜ ਪ੍ਰਚਾਰ ਕਰ ਕੇ ਭਾਈਚਾਰਿਆਂ ਦਰਮਿਆਨ ਪਾਟਕ ਪਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ।
ਸੁਖਪਾਲ ਸਿੰਘ ਹੁੰਦਲ, ਮੁਹਾਲੀ
ਜਾਗਰੂਕਤਾ ਦੀ ਜਾਗ
7 ਅਗਸਤ ਦੇ ਮੋਹਨ ਸ਼ਰਮਾ ਦੇ ਮਿਡਲ ‘ਤਪੱਸਵੀ ਨੂੰ ਸਿਜਦਾ’ ਵਿਚ ਵਾਤਾਵਰਨ ਪ੍ਰੇਮੀ, ਬੇਸਹਾਰਿਆਂ ਦਾ ਸਹਾਰਾ ਭਗਤ ਪੂਰਨ ਸਿੰਘ ਜੀ ਦੀ ਗੱਲ ਕੀਤੀ ਹੈ। ਜਦੋਂ ਅਜੇ ਵਾਤਾਵਰਨ ਬਾਰੇ ਬਹੁਤ ਘੱਟ ਲਿਖਿਆ ਜਾਂਦਾ ਸੀ, ਉਸ ਵੇਲੇ ਭਗਤ ਪੂਰਨ ਸਿੰਘ ਦੇ ਹਰ ਪਰਚੇ ਵਿਚ ਇਸ ਚਿੰਤਾ ਦਾ ਵਰਨਣ ਕੀਤਾ ਹੁੰਦਾ ਸੀ। ਲੋਕਾਂ ਨੂੰ ਜਾਗਰੂਕ ਕਰਨ ਦੇ ਉਨ੍ਹਾਂ ਦੇ ਯਤਨ ਸਾਰੀ ਉਮਰ ਚੱਲਦੇ ਰਹੇ। ਲਾਵਾਰਿਸ ਪਸ਼ੂਆਂ ਦੀ ਸਮੱਸਿਆ ਹੁਣ ਜਿੰਨਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ, ਜੇ ਕਿਤੇ ਉਸ ਵੇਲੇ ਹੀ ਪੁਖ਼ਤਾ ਹੱਲ ਕੀਤੇ ਹੁੰਦੇ ਤਾਂ ਬਹੁਤ ਸਾਰੇ ਘਰਾਂ ਦੇ ਚਿਰਾਗ਼ ਨਾ ਬੁਝਦੇ ਅਤੇ ਨਾ ਹੀ ਬੇਜ਼ੁਬਾਨ ਪਸ਼ੂ ਭੁੱਖ ਤੋਂ ਮਜਬੂਰ ਕਿਸਾਨਾਂ ਦੀਆਂ ਫ਼ਸਲਾਂ ਉਜਾੜਦੇ, ਨਾ ਹੀ ਕਿਸਾਨਾਂ ਨੂੰ ਸਾਰੀ ਸਾਰੀ ਰਾਤ ਜਾਗ ਕੇ ਆਪਣੀਆਂ ਫ਼ਸਲਾਂ ਦੀ ਰਾਖੀ ਕਰਨੀ ਪੈਂਦੀ। ਭਗਤ ਜੀ ਨੇ ਬਹੁਤ ਸਮਾਂ ਪਹਿਲਾਂ ਇਨ੍ਹਾਂ ਸਮੱਸਿਆਵਾਂ ਬਾਰੇ ਸੁਚੇਤ ਕੀਤਾ ਸੀ। ਸੱਚਮੁੱਚ ਇਸ ਤਪੱਸਵੀ ਨੂੰ ਸਿਜਦਾ ਕਰਨ ਦੇ ਨਾਲ ਨਾਲ ਸਾਨੂੰ ਉਨ੍ਹਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਲੋੜ ਹੈ।
ਅੰਮ੍ਰਿਤ ਕੌਰ ਬਡਰੁੱਖਾਂ, ਸੰਗਰੂਰ