ਨਵੀਂ ਦਿੱਲੀ, 4 ਸਤੰਬਰ
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਅੰਤ੍ਰਿਮ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ। ਦੋਸ਼ੀ ਨੇ ਮਾੜੀ ਸਿਹਤ ਦਾ ਹਵਾਲਾ ਦੇ ਕੇ ਅਰਜ਼ੀ ਦਿੱਤੀ ਸੀ ਪਰ ਚੀਫ਼ ਜਸਟਿਸ ਐੱਸਏ ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਇਸ ਨੂੰ ਰੱਦ ਕਰ ਦਿੱਤਾ। ਸੀਨੀਅਰ ਵਕੀਲ ਵਿਕਾਸ ਸਿੰਘ ਨੇ ਸੱਜਣ ਕੁਮਾਰ ਵੱਲੋਂ ਨੂੰ ਪੇਸ਼ ਹੁੰਦਿਆਂ ਸਿਹਤ ਦੇ ਅਧਾਰ ‘ਤੇ ਅੰਤ੍ਰਿਮ ਜ਼ਮਾਨਤ ਦੀ ਮੰਗ ਕੀਤੀ। ਵਕੀਲ ਨੇ ਕਿਹਾ ਕਿ ਉਸ ਦਾ ਮੁਵੱਕਿਲ 20 ਮਹੀਨਿਆਂ ਤੋਂ ਜੇਲ੍ਹ ਵਿਚ ਹੈ ਅਤੇ ਉਸ ਦਾ ਤਕਰੀਬਨ 16 ਕਿੱਲੋ ਭਾਰ ਘੱਟ ਚੁੱਕਾ ਹੈ। ਸੀਨੀਅਰ ਐਡਵੋਕੇਟ ਐੱਚਐੱਸ ਫੂਲਕਾ, ਜੋ ਕੁਝ ਦੰਗਾ ਪੀੜਤਾਂ ਲਈ ਪੇਸ਼ ਹੋਏ ਹਨ, ਨੇ ਇਸ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਜਿਸ ਵੀ ਇਲਾਜ ਦੀ ਜ਼ਰੂਰਤ ਹੈ ਉਹ ਪਹਿਲਾਂ ਹੀ ਦਿੱਤਾ ਜਾ ਰਿਹਾ ਹੈ।