ਨਵੀਂ ਦਿੱਲੀ, 28 ਅਗਸਤ
ਕੇਂਦਰ ਦੀ ‘ਟੈਸਟ, ਟਰੈਕ ਐਂਡ ਟਰੀਟ’ ਪਹੁੰਚ ਸਦਕਾ ਕੋਵਿਡ-19 ਰਿਕਵਰੀ ਦਰ 76.28 ਫੀਸਦ ਹੋ ਗਈ ਹੈ ਤੇ ਮੌਤ ਦਰ ਵਿੱਚ ਕਮੀ ਆਈ ਹੈ। ਇਸੇ ਦੌਰਾਨ ਲੰਘੇ 24 ਘੰਟਿਆਂ ’ਚ ਕਰੋਨਾ ਦੇ ਰਿਕਾਰਡ 77,266 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਲਾਗ ਦੇ ਮਰੀਜ਼ਾਂ ਦੀ ਗਿਣਤੀ 33,87,500 ਹੋ ਗਈ, ਜਿਨ੍ਹਾਂ ਵਿੱਚੋਂ 25,83,948 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਲਾਗ ਦੇ ਹੁਣ ਤੱਕ 7,42,023 ਸਰਗਰਮ ਕੇਸ ਹਨ, ਜੋ ਕਿ ਕੁੱਲ ਮਰੀਜ਼ਾਂ ਦਾ 21.90 ਫ਼ੀਸਦੀ ਬਣਦੇ ਹਨ। ਦੇਸ਼ ’ਚ 1,057 ਸੱਜਰੀਆਂ ਮੌਤਾਂ ਨਾਲ ਮ੍ਰਿਤਕਾਂ ਦਾ ਅੰਕੜਾ 61,529 ਹੋ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਾਜ਼ੇਟਿਵ ਕੇਸਾਂ ਦੇ ਅਸਰਦਾਰ ਇਲਾਜ ਸਦਕਾ ਅੱਜ ਤੱਕ ਕੋਵਿਡ-19 ਕਾਰਨ ਮੌਤਾਂ ਦੀ ਦਰ ਘਟ ਕੇ 1.82 ਫ਼ੀਸਦੀ ਰਹਿ ਗਈ ਹੈ। ਸਰਗਰਮ ਕੇਸਾਂ ਤੇ ਮੁਕਾਬਲੇ ਰਿਕਵਰੀ ਦਰ 3.5 ਗੁਣਾ ਹੈ।
ਭਾਰਤ ਨੂੰ 2021 ’ਚ ਮਿਲ ਸਕਦੀ ਹੈ ਕੋਵਿਡ ਵੈਕਸੀਨ: ਬਰਨਸੀਟੀਨ ਵੱਲੋਂ ਇੱਕ ਰਿਪੋਰਟ ’ਚ ਕਿਹਾ ਗਿਆ ਕਿ ਕੋਵਿਡ-19 ਵੈਕਸੀਨ ਦੇ ਪ੍ਰੀਖਣ ਤੇਜ਼ ਗਤੀ ਨਾਲ ਅੱਗੇ ਵਧਣ ਸਦਕਾ ਵੈਕਸੀਨ 2021 ਦੀ ਪਹਿਲੀ ਤਿਮਾਹੀ ਤੱਕ ਭਾਰਤ ਦੇ ਬਾਜ਼ਾਰਾਂ ਵਿੱਚ ਆਉਣ ਦੀ ਸੰਭਾਵਨਾ ਹੈ। ਵਿਸ਼ਵ ਪੱਧਰ ’ਤੇ 4 ਅਜਿਹੇ ਤਜਰਬੇ ਚੱਲ ਰਹੇ ਹਨ ਜਿਨ੍ਹਾਂ ਦੀ ਸਾਲ 2020 ਦੇ ਅੰਤ ਤੱਕ ਜਾਂ 2021 ਦੀ ਸ਼ੁਰੂਆਤ ’ਚ ਵੈਕਸੀਨ ਆ ਸਕਦੀ ਹੈ। ਭਾਰਤ ਦਾ ਇਸ ਸਬੰਧੀ ਦੋ ਕੰਪਨੀਆਂ ਏਜ਼ੈੱਡ/ਆਕਸਫੋਰਡ ਨਾਲ ਕਰਾਰ ਹੈ।