ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 21 ਅਗਸਤ
ਕਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸੂਬੇ ਦੇ ਮੁੱਖ ਮੰਤਰੀ ਨੇ ਫਿੰਗਰ ਪ੍ਰਿੰਟ ਲਗਾ ਕੇ ਕੋਈ ਵੀ ਕੰਮ ਕਰਨ ’ਤੇ ਰੋਕ ਲਗਾਈ ਹੋਈ ਹੈ ਜਦੋਂਕਿ ਖੁਰਾਕ ਸਪਲਾਈ ਵਿਭਾਗ ਵੱਲੋਂ ਇਨ੍ਹਾਂ ਹੁਕਮਾਂ ਦੇ ਊਲਟ ਡਿੱਪੂ ਹੋਲਡਰਾਂ ਰਾਹੀਂ ਰਾਸ਼ਨ ਤੇ ਕਣਕ ਵੰਡਣ ਮੌਕੇ ਬਾਇਓਮੀਟ੍ਰਿਕ ਮਸ਼ੀਨਾਂ ’ਤੇ ਲਾਭਪਾਤਰੀਆਂ ਦੇ ਅੰਗੂਠੇ ਲਗਵਾਏ ਜਾ ਰਹੇ ਹਨ। ਅਜਿਹੇ ਵਿੱਚ ਕਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਉੱਤੇ ਵਿਰਾਮ ਲੱਗ ਰਿਹਾ ਹੈ।
ਬੀਪੀਐੱਲ ਕਾਰਡ ਧਾਰਕਾਂ ਨੂੰ ਰਿਆਇਤੀ ਦਰਾਂ ’ਤੇ ਕਣਕ ਦੇਣ ਮੌਕੇ ਡਿੱਪੂ ਹੋਲਡਰਾਂ ਵੱਲੋਂ ਬਾਇਓਮੀਟ੍ਰਿਕ ਮਸ਼ੀਨਾਂ ’ਤੇ ਅੰਗੂਠੇ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦੋਂ ਕਿ ਘਰੇਲੂ ਕੰਮਕਾਜੀ ਔਰਤਾਂ ਦੇ ਨਾਲ ਮਜ਼ਦੂਰੀ ਕਰਨ ਵਾਲੇ ਵਿਅਕਤੀਆਂ ਦੇ ਅੰਗੂਠਿਆਂ ਦੇ ਨਿਸ਼ਾਨਾਂ ਨੂੰ ਮਸ਼ੀਨਾਂ ਕਈ ਵਾਰ ਸਕੈਨ ਵੀ ਨਹੀਂ ਕਰਦੀਆਂ ਹਨ ਜਿਸ ਕਾਰਨ ਕਈ ਵਾਰ ਪਰਿਵਾਰ ਦੇ ਦੋ ਜਾਂ ਤਿੰਨ ਮੈਂਬਰਾਂ ਦੇ ਅੰਗੂਠਿਆਂ ਦੇ ਨਿਸ਼ਾਨ ਇਨ੍ਹਾਂ ਬਾਇਓਮੀਟ੍ਰਿਕ ਮਸ਼ੀਨਾਂ ਰਾਹੀਂ ਲਏ ਜਾਂਦੇ ਹਨ।
ਡਿੱਪੂ ਹੋਲਡਰਾਂ ਦਾ ਕਹਿਣਾ ਹੈ ਕਿ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਬਾਇਓਮੀਟ੍ਰਿਕ ਮਸ਼ੀਨਾਂ ’ਤੇ ਲਾਭਪਾਤਰੀਆਂ ਦੇ ਅੰਗੂਠੇ ਲਗਵਾ ਕੇ ਉਨ੍ਹਾਂ ਨੂੰ ਕਣਕ ਦਿੱਤੀ ਜਾ ਰਹੀ ਹੈ, ਇਸ ਲਈ ਊਨ੍ਹਾਂ ਵੱਲੋਂ ਆਪਣੇ ਖਰਚੇ ’ਤੇ ਮਸ਼ੀਨਾਂ ਲਿਆਂਦੀਆਂ ਗਈਆਂ ਹਨ ਅਤੇ ਲਾਭਪਾਤਰੀਆਂ ਦੇ ਹੱਥ ਸਾਫ਼ ਕਰਵਾਊਣ ਲਈ ਸੈਨੇਟਾਈਜ਼ਰ ਵਰਤਿਆ ਜਾ ਰਿਹਾ ਹੈ। ਕਰਤਾਰਪੁਰ ਵਿੱਚ ਪੂਜਾ ਰਾਣੀ, ਰੀਨਾ ਰਾਜਪੂਤ, ਬਿਮਲਾ ਦੇਵੀ, ਚੰਦਰਕਾਂਤਾ, ਅਰਗਾ ਦੇਵੀ, ਪਰਵਿੰਦਰ ਕੁਮਾਰ, ਧਰਮੇਸ਼ ਗਿੱਲ, ਜਸ਼ਨ ਤੇ ਧਰਮ ਸਿੰਘ ਨੇ ਦੱਸਿਆ ਕਿ ਡਿੱਪੂ ਹੋਲਡਰਾਂ ਵੱਲੋਂ ਕਣਕ ਦੇਣ ਲਈ ਮਸ਼ੀਨਾਂ ’ਤੇ ਵਾਰ-ਵਾਰ ਅੰਗੂਠੇ ਲਗਵਾਏ ਜਾਣ ਤੋਂ ਉਹ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਕਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਸਕੱਤਰ ਕਸ਼ਮੀਰ ਸਿੰਘ ਤੇ ਭਾਰਤ ਨੌਜਵਾਨ ਸਭਾ ਦੇ ਵੀਰ ਕੁਮਾਰ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਭਪਾਤਰੀਆਂ ਨੂੰ ਕਣਕ ਦੇਣ ਮੌਕੇ ਮਸ਼ੀਨਾਂ ’ਤੇ ਅੰਗੂਠੇ ਲਗਵਾਏ ਜਾਣ ਦੀ ਥਾਂ ਬਦਲਵੇਂ ਪ੍ਰਬੰਧ ਕੀਤੇ ਜਾਣ।
‘ਹਦਾਇਤਾਂ ਅਨੁਸਾਰ ਅੰਗੂਠੇ ਲਵਾਏ ਜਾ ਰਹੇ ਨੇ’
ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਨਰਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਡਿੱਪੂ ਹੋਲਡਰ ਕਣਕ ਵੰਡਣ ਮੌਕੇ ਸਬੂਤ ਵਜੋਂ ਲਾਭਪਾਤਰੀਆਂ ਦੇ ਬਾਇਓਮੀਟ੍ਰਿਕ ਨਮੂਨੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਪਹਿਲਾਂ ਹੀ ਊੱਚ ਅਧਿਕਾਰੀਆਂ ਨੂੰ ਮਸ਼ੀਨਾਂ ਰਾਹੀਂ ਨਮੂਨੇ ਨਾ ਲੈਣ ਦੀ ਸਿਫ਼ਾਰਿਸ਼ ਕੀਤੀ ਜਾ ਚੁੱਕੀ ਹੈ।