ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਗਸਤ
ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਾਲ ਭਲਾਈ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਨਵਚੇਤਨਾ ਬਾਲ ਭਲਾਈ ਕਮੇਟੀ ਨੇ ਸਥਾਨਕ ਡੀਸੀ ਕੰਪਲੈਕਸ ਵਿੱਚ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕਰਦੀਆਂ ਪੇਂਟਿੰਗਾਂ ਲਾਈਆਂ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਸਮਾਜਿਕ ਬੁਰਾਈਆਂ ਵਿਰੁੱਧ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਜਨਤਕ ਥਾਵਾਂ ਅਤੇ ਡੀਸੀ ਕੰਪਲੈਕਸ ਵਿੱਚ ‘ਪਾਣੀ ਬਚਾਓ, ਪ੍ਰਦੂਸ਼ਣ, ਕੋਵਿਡ-19, ਬੇਟੀ ਬਚਾਓ, ਬੇਟੀ ਪੜ੍ਹਾਓ’ ਆਦਿ ਵਿਸ਼ਿਆਂ ’ਤੇ ਤਿਆਰ ਕਰਵਾਈਆਂ ਪੇਂਟਿੰਗਾਂ ਲਾਈਆਂ ਗਈਆਂ। ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਵਰਨਜੀਤ ਕੌਰ ਨੂੰ ਵੀ ਪੇਂਟਿੰਗ ਭੇਟ ਕੀਤੀ ਗਈ। ਸ੍ਰੀ ਸੇਖੋਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਰਟਿਸਟ ਅਮਰ ਸਿੰਘ, ਗੋਪਾਲ ਕ੍ਰਿਸ਼ਨ ਸ਼ਰਮਾ, ਕੁਲਵੰਤ ਸੀਰਾ, ਦਵਿੰਦਰ ਕੌਰ, ਮੋਨਿਕਾ ਚੁੱਘ ਵੱਲੋਂ ਤਿਆਰ ਕੀਤੀਆਂ ਪੇਂਟਿੰਗਾਂ ਡੀਸੀ ਕੰਪਲੈਕਸ ਦੇ ਵੱਖ ਵੱਖ ਦਫਤਰਾਂ ਵਿੱਚ ਲਾਈਆਂ ਗਈਆਂ ਹਨ। ਡੀਈਓ ਸੈਕੰਡਰੀ ਨੇ ਪੇਂਟਿੰਗਾਂ ਦੀ ਤਾਰੀਫ਼ ਕੀਤੀ ਤੇ ਕਮੇਟੀ ਵੱਲੋਂ ਅਰੰਭੇ ਸਮਾਜਿਕ ਕੰਮ ਲਈ ਸ਼ਲਾਘਾ ਕੀਤੀ।