ਜਗਤਾਰ ਅਣਜਾਣ
ਮੌੜ ਮੰਡੀ, 3 ਸਤੰਬਰ
ਸ਼ਹਿਰ ਦੇ ਹਸਪਤਾਲ ਕਿਰਨ ਨਰਸਿੰਗ ਹੋਮ ‘ਚ ਬੀਤੀ ਰਾਤ ਗਰਭਵਤੀ ਔਰਤ ਦੀ ਜਣੇਪੇ ਦੌਰਾਨ ਮੌਤ ਹੋ ਗਈ, ਜਿਸ ਮਗਰੋਂ ਪੀੜਤ ਪਰਿਵਾਰ ਅਤੇ ਮੁਹੱਲਾ ਵਾਸੀਆਂ ਨੇ ਮ੍ਰਿਤਕ ਔਰਤ ਦੀ ਲਾਸ਼ ਨਰਸਿੰਗ ਹੋਮ ਦੇ ਗੇਟ ਅੱਗੇ ਰੱਖ ਕੇ ਧਰਨਾ ਲਗਾ ਦਿੱਤਾ। ਹਸਪਤਾਲ ਦੇ ਸੰਚਾਲਕਾਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ।
ਮ੍ਰਿਤਕ ਔਰਤ ਦੇ ਪਤੀ ਅਰਜਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਰੇਖਾ (28) ਦਾ ਜਣੇਪਾ ਕਰਵਾਉਣ ਲਈ 1 ਸਤੰਬਰ ਨੂੰ ਉਸ ਨੂੰ ਕਿਰਨ ਨਰਸਿੰਗ ਹੋਮ ਵਿਚ ਲੈ ਕੇ ਆਇਆ ਸੀ, ਜਿੱਥੇ ਡਾ. ਪਵਨ ਗਰਗ ਅਤੇ ਡਾ. ਕਿਰਨ ਗਰਗ ਨੇ ਉਸ ਦੀ ਪਤਨੀ ਨੂੰ ਦਾਖ਼ਲ ਕਰ ਲਿਆ। ਜਦੋਂ ਉਸ ਦੀ ਪਤਨੀ ਦੀ ਹਾਲਤ ਵਿਗੜਨ ਲੱਗੀ ਤਾਂ ਡਾਕਟਰ ਨੇ ਉਨ੍ਹਾਂ ਨੂੰ ਤਿੰਨ ਯੂਨਿਟ ਖੂਨ ਲਿਆਉਣ ਲਈ ਕਿਹਾ। ਜਦੋਂ ਉਸ ਨੇ ਉਨ੍ਹਾਂ ਨੂੰ ਰੇਖਾ ਦੀ ਵਿਗੜਦੀ ਹਾਲਤ ਬਾਰੇ ਪੁੱਛਿਆ ਤਾਂ ਡਾਕਟਰ ਨੇ ਕਿਹਾ ਕਿ ਜੱਚਾ ਬੱਚਾ ਦੋਵੇਂ ਠੀਕ ਹੋ ਜਾਣਗੇ। ਇਸ ਮਗਰੋਂ ਉਨ੍ਹਾਂ ਖੂਨ ਦਾ ਪ੍ਰਬੰਧ ਕੀਤਾ ਪਰ ਰੇਖਾ ਦੀ ਹਾਲਤ ਹੋਰ ਖ਼ਰਾਬ ਹੋ ਗਈ।
ਉਨ੍ਹਾਂ ਦੱਸਿਆ ਕਿ 2 ਸਤੰਬਰ ਰਾਤ 8 ਵਜੇ ਡਾਕਟਰਾਂ ਨੂੰ ਪਤਾ ਲੱਗ ਸੀ ਗਿਆ ਕਿ ਰੇਖਾ ਅਤੇ ਉਸ ਦੇ ਪੇਟ ‘ਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਹੈ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਧੋਖੇ ‘ਚ ਰੱਖਦਿਆਂ ਕਿਹਾ ਕਿ ਉਹ ਰੇਖਾ ਨੂੰ ਬਠਿੰਡਾ ਰੈਫਰ ਕਰ ਰਹੇ ਹਨ ਅਤੇ ਉਹ ਗੱਡੀ ਦਾ ਪ੍ਰਬੰਧ ਕਰ ਲੈਣ। ਇਸ ਮਗਰੋਂ ਉਹ ਗੱਡੀ ਰਾਹੀਂ ਸਿਵਲ ਹਸਪਤਾਲ ਬਠਿੰਡਾ ਗਏ। ਉੱਥੇ ਡਾਕਟਰਾਂ ਨੇ ਗੱਡੀ ਹੀ ‘ਚ ਜਾਂਚ ਦੌਰਾਨ ਦੱਸਿਆ ਕਿ ਰੇਖਾ ਦੀ ਮੌਤ ਹੋ ਚੁੱਕੀ ਹੈ। ਇਸ ਮਗਰੋਂ ਪਰਿਵਾਰ ਨੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਰੇਖਾ ਦੀ ਮ੍ਰਿਤਕ ਦੇਹ ਹਸਪਤਾਲ ਦੇ ਗੇਟ ਅੱਗੇ ਰੱਖ ਕੇ ਧਰਨਾ ਲਗਾਇਆ ਅਤੇ ਪੁਲੀਸ ਪ੍ਰਸ਼ਾਸਨ ਤੋਂ ਡਾਕਟਰਾਂ ਖ਼ਿਲਾਫ ਦੋਹਰੇ ਕਤਲ ਕੇਸ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਸਾਬਕਾ ਕੌਂਸਲਰ ਗੁਰਜੀਤ ਪਾਲ ਸਿੰਘ ਗਿੰਨੀ, ਬਬਲੂ ਰਾਮ, ਨਰੇਸ਼ ਕੁਮਾਰ, ਮਮਤਾ ਰਾਣੀ ਮੌਜੂਦ ਸਨ। ਇਸ ਸਬੰਧੀ ਡੀਐੱਸਪੀ ਮੌੜ ਰਛਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੱਲੋਂ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ।
ਬੌਕਸ:: ਪਰਿਵਾਰ ਨਾਲ ਸਮੌਝਤੇ ਦੀ ਗੱਲ ਚੱਲ ਰਹੀ ਹੈ: ਡਾਕਟਰ ਗਰਗ
ਇਸ ਸਬੰਧੀ ਕਿਰਨ ਨਰਸਿੰਗ ਹੋਮ ਦੇ ਸੰਚਾਲਕ ਡਾ. ਪਵਨ ਗਰਗ ਨੇ ਕਿਹਾ ਕਿ ਪਰਿਵਾਰ ਨਾਲ ਸਮਝੌਤੇ ਸਬੰਧੀ ਗੱਲਬਾਤ ਚੱਲ ਰਹੀ ਹੈ, ਜੋ ਵੀ ਫ਼ੈਸਲਾ ਹੋਇਆ ਬਾਅਦ ‘ਚ ਉਸ ਬਾਰੇ ਦੱਸ ਦਿੱਤਾ ਜਾਵੇਗਾ।