ਨਵੀਂ ਦਿੱਲੀ, 28 ਅਗਸਤ
ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋਸ਼ੀ ਦੀ ਅੰਤ੍ਰਿਮ ਜ਼ਮਾਨਤ ਦੀ ਮਿਆਦ ਵਧਾਉਣ ਦੀ ਅਰਜ਼ੀ ਕੋਵਿਡ-19 ਮਹਾਮਾਰੀ ਕਾਰਨ ਬੇਅਰਥ ਹੋ ਗਈ ਹੈ ਕਿਉਂਕਿ ਅਦਾਲਤ ਨੇ ਪਹਿਲਾਂ ਹੀ ਅਜਿਹੇ ਮਾਮਲਿਆਂ ਵਿੱਚ ਰਾਹਤ ਦੀ ਮਿਆਦ 31 ਅਕਤੂਬਰ ਤੱਕ ਵਧਾ ਚੁੱਕੀ ਹੈ।ਜਸਟਿਸ ਜੇਆਰ ਮਿਧਾ ਅਤੇ ਬ੍ਰਿਜੇਸ਼ ਸੇਠੀ ਦੇ ਬੈਂਚ ਨੇ ਕਿਹਾ ਕਿ ਚੀਫ਼ ਜਸਟਿਸ ਡੀਐੱਨ ਪਟੇਲ ਦੀ ਅਗਵਾਈ ਵਾਲੇ ਪੂਰੇ ਬੈਂਚ ਨੇ ਪਹਿਲਾਂ ਹੀ ਸਾਰੇ ਅੰਤ੍ਰਿਮ ਆਦੇਸ਼ਾਂ ਨੂੰ 31 ਅਕਤੂਬਰ ਤੱਕ ਵਧਾ ਦਿੱਤਾ ਸੀ, ਜੋ 31 ਅਗਸਤ ਨੂੰ ਜਾਂ ਇਸ ਤੋਂ ਬਾਅਦ ਖਤਮ ਹੋਣ ਵਾਲੇ ਸਨ। ਅਦਾਲਤ ਨੇ ਖਦਸ਼ਾ ਜਤਾਇਆ ਸੀ ਕਿ ਜੇ ਕੈਦੀ ਅੰਤ੍ਰਿਮ ਜ਼ਮਾਨਤ ਜਾਂ ਪੈਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਵਾਪਸ ਆ ਜਾਂਦੇ ਹਨ ਤਾਂ ਜੇਲ੍ਹਾਂ ਵਿਚ ਕੈਦੀਆਂ ਵਿਚ ਕੋਵਿਡ-19 ਫੈਲਣ ਦਾ ਖ਼ਤਰਾ ਵਧ ਸਕਦਾ ਹੈ।” 1 ਜੂਨ ਨੂੰ ਹਾਈ ਕੋਰਟ ਨੇ ਗੁਰਦੇ ਦੀ ਗੰਭੀਰ ਬਿਮਾਰੀ ਤੋਂ ਪੀੜਤ ਦੋਸ਼ੀ ਨਰੇਸ਼ ਸਹਿਰਾਵਤ ਦੀ ਉਮਰ ਕੈਦ ਨੂੰ 12 ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਸੀ। ਅਦਾਲਤ ਨੇ ਕੈਦੀ ਨੂੰ ਇਸ ਆਧਾਰ ‘ਤੇ ਰਾਹਤ ਦਿੱਤੀ ਸੀ ਕਿ ਉਸ ਨੂੰ ਕੋਵਿਡ-19 ਦਾ ਜ਼ਿਆਦਾ ਖ਼ਤਰਾ ਹੈ।