ਰਾਮ ਸਰਨ ਸੂਦ
ਅਮਲੋਹ, 6 ਅਗਸਤ
ਰਾਮ ਮੰਦਿਰ ਅਮਲੋਹ ਵਿਚ ਸ੍ਰੀ ਰਾਮ ਮੰਦਰ ਨਿਰਮਾਣ ਸ਼ੁਰੂ ਹੋਣ ਦੀ ਖੁਸ਼ੀ ਵਿਚ ਹਵਨ ਕਰਵਾਇਆ ਗਿਆ, ਜਿਸ ਵਿਚ ਮੰਦਰ ਕਮੇਟੀ ਦੇ ਰਾਜਪਾਲ ਗਰਗ, ਰਾਕੇਸ਼ ਗਰਗ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ, ਮੀਤ ਪ੍ਰਧਾਨ ਵਿਨੋਦ ਮਿੱਤਲ ਆਦਿ ਨੇ ਸ਼ਿਰਕਤ ਕੀਤੀ, ਜਿਉਂ ਹੀ ਹਵਨ ਸਮਾਪਤ ਹੋਇਆ ਤਾਂ ਕਰੀਬ 2 ਕੁਇੰਟਲ ਲੱਡੂ ਸ਼ਹਿਰ ਵਿਚ ਵੰਡੇ ਜਾਣ ਦੇ ਮਾਮਲੇ ਨੂੰ ਲੈ ਕੇ ਟਕਰਾਰ ਦਾ ਮਾਹੌਲ ਬਣ ਗਿਆ ਅਤੇ ਥਾਣਾ ਅਮਲੋਹ ਦੇ ਮੁਖੀ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਨੂੰ ਮੰਦਿਰ ਦੇ ਅੰਦਰ ਹੀ ਲੱਡੂ ਵੰਡਣ ਲਈ ਦਬਾਅ ਪਾਇਆ ਗਿਆ ਪ੍ਰੰਤੂ ਨਾ ਰੁਕਣ ਕਾਰਨ ਉਨ੍ਹਾਂ ਮੌਕੇ ‘ਤੇ ਡੀਐੱਸਪੀ ਨੂੰ ਵੀ ਬੁਲਾ ਲਿਆ। ਇਸੇ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਦੋ ਰਿਕਸ਼ਿਆਂ ਵਿਚ ਲੱਡੂਆਂ ਨੂੰ ਲੈ ਕੇ ਵੰਡਣ ਚਲੇ ਗਏ ਜਦੋਂਕਿ ਬਾਕੀ ਵਿਅਕਤੀਆਂ ਨੂੰ ਪੁਲੀਸ ਨੇ ਇਕੱਠੇ ਹੋ ਕੇ ਮੰਦਿਰ ਦੇ ਅੰਦਰ ਹੀ ਰੋਕ ਦਿੱਤਾ, ਜਿਸ ਕਾਰਨ ਸ੍ਰੀ ਰਾਜਪਾਲ ਗਰਗ ਦੀ ਅਗਵਾਈ ਹੇਠ ਪੁਲੀਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਪੁਲੀਸ ਕਾਰਗੁਜ਼ਾਰੀ ਦੀ ਸਖ਼ਤ ਆਲੋਚਨਾ ਕੀਤੀ। ਪੁਲੀਸ ਦਾ ਕਹਿਣਾ ਸੀ ਕਿ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਵਿਚ ਦਫ਼ਾ 144 ਲਗਾਈ ਹੋਈ ਹੈ ਅਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਅਨੰਦ ਸਾਗਰ ਸ਼ਰਮਾ ਵੱਲੋਂ ਵੀ ਇਸ ਸਬੰਧੀ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਸਨ।