ਰਵਿੰਦਰ ਰਵੀ
ਬਰਨਾਲਾ, 27 ਅਗਸਤ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ‘ਮਿਸ਼ਨ ਫ਼ਤਹਿ’ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ। ਇਸ ਕੰਪਲੈਕਸ ਦੇ ਬਾਹਰ ਮੁੱਖ ਸੜਕ ‘ਤੇ ਕਰੋਨਾ ਟੈਸਟ ‘ਚ ਵਰਤੋਂ ਆਉਣ ਵਾਲੀਆਂ ਸਰਿੰਜਾਂ, ਦਸਤਾਨਿਆਂ ਤੇ ਟੈਸਟ ਕਿੱਟਾਂ ਤੋਂ ਇਲਾਵਾ ਹੋਰ ਸਾਮਾਨ ਖਿਲਰਿਆ ਪਿਆ ਸੀ ਜੋ ਕਰੋਨਾ ਮਹਾਮਾਰੀ ਨਿਯਮਾਂ ਅਨੁਸਾਰ ਸਰਾਸਰ ਗਲਤ ਸੀ। ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਵੱਲੋਂ ਰੋਜ਼ਾਨਾ ‘ਮਿਸ਼ਨ ਫ਼ਤਹਿ’ ਦੀ ਕਾਮਯਾਬੀ ਦੇ ਸੋਹਲੇ ਗਾਏ ਜਾਂਦੇ ਹਨ, ਪਰ ਪ੍ਰਬੰਧਕੀ ਕੰਪਲੈਕਸ ਅੱਗੇ ਕਰੋਨਾ ਟੈਸਟ ਕਰਨ ਤੋਂ ਬਾਅਦ ਵੱਡੀ ਮਾਤਰਾ ‘ਚ ਸੜਕ ‘ਤੇ ਸੁੱਟੇ ਸਾਮਾਨ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਕੰਮ-ਕਾਰ ’ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਿਹਤ ਵਿਭਾਗ ਦੀ ਕਰੋਨਾ ਟੈਸਟ ਕਰਨ ਵਾਲੀ ਟੀਮ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਵਿਸ਼ੇਸ਼ ਸੱਦੇ ‘ਤੇ ਜ਼ਿਲ੍ਹੇ ਦੇ 135 ਅਧਿਕਾਰੀਆਂ ‘ਤੇ ਮੁਲਾਜ਼ਮਾਂ ਦੇ ਕਰੋਨਾ ਟੈਸਟ ਕੀਤੇ ਗਏ ਸਨ। ਇਹ ਟੈਸਟ ਕਈ ਟੀਮਾਂ ਵੱਲੋਂ ਕਈ ਘੰਟਿਆਂ ‘ਚ ਕੀਤਾ ਗਿਆ ਸੀ। ਸਿਹਤ ਵਿਭਾਗ ਦੇ ਕਰੋਨਾ ਸਬੰਧੀ ਹੁਕਮਾਂ ਅਨੁਸਾਰ ਟੈਸਟ ਕਰਨ ਵਾਲੀ ਟੀਮ ਵੱਲੋਂ ਟੈਸਟ ‘ਚ ਵਰਤੋਂ ਆਉਣ ਵਾਲੇ ਸਾਮਾਨ ਨੂੰ ਟੈਸਟ ਕਰਨ ਤੋਂ ਬਾਅਦ ਆਪਣੀ ਦੇਖ-ਰੇਖ ‘ਚ ਖ਼ਤਮ ਕਰਨਾ ਹੁੰਦਾ ਹੈ ਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਕੀਤੇ ਗਏ ਟੈਸਟਾਂ ‘ਚ ਅਜਿਹਾ ਨਹੀਂ ਕੀਤਾ ਗਿਆ।
ਅਣਗਹਿਲੀ ਕਰਨ ਵਾਲੇ ਮੁਲਾਜ਼ਮਾਂ ’ਤੇ ਹੋਵੇਗੀ ਕਾਰਵਾਈ: ਸਿਵਲ ਸਰਜਨ
ਸਿਵਲ ਸਰਜਨ ਡਾ. ਗਰਿੰਦਰਬੀਰ ਸਿੰਘ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸੜਕ ’ਤੇ ਕਰੋਨਾ ਟੈਸਟ ਕਿੱਟਾਂ ਦਾ ਮਿਲਣਾ ਗੰਭੀਰ ਲਾਪ੍ਰਵਾਹੀ ਹੈ। ਉਨ੍ਹਾਂ ਮੰਨਿਆ ਕਿ ਬੀਤੇ ਦਿਨੀਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ 135 ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਕਰੋਨਾ ਟੈਸਟ ਕੀਤੇ ਗਏ ਸਨ।
ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜ਼ਮਾਂ ਨੇ ਅਣਗਹਿਲੀ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।