ਇਕਬਾਲ ਸਿੰਘ ਸ਼ਾਂਤ
ਲੰਬੀ, 3 ਸਤੰਬਰ
‘ਲੌਕਡਾਊਨ’ ਦੌਰਾਨ ਲੱਗਪਗ ਇਕਾਂਤਵਾਸ ਵਿੱਚ ਵਿਚਰ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਖੇਤੀ ਆਰਡੀਨੈਂਸਾਂ ਬਾਰੇ ਮੈਦਾਨ ’ਚ ਉੱਤਰ ਆਏ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿੱਧਾ ਸਿਆਸੀ ਘੇਰਾਬੰਦੀ ਕਰਦਿਆਂ ਉਨਾਂ ’ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ। ਸ੍ਰੀ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਆਪਣੀ ਸਰਕਾਰ ਦੀਆਂ ਨਾਕਾਮੀਆਂ ਲੁਕਾਊਣ ਆਰਡੀਨੈਂਸ ਦੇ ਮੁੱਦੇ ਨੂੰ ਭਖਾ ਕੇ ਜਨਤਾ ਦਾ ਧਿਆਨ ਵੰਡਾਉਣ ਦੀ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ। ਊਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫੇਸਬੁੱਕ ਪੇਜ਼ ’ਤੇ ਲੱਗਪਗ 10 ਮਿੰਟ ਲੰਮੀ ਵੀਡੀਓ ’ਚ ਖੇਤੀ ਆਰਡੀਨੈਂਸ ਸਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਜਾਰੀ ਪੱਤਰ ਦਾ ਜ਼ਿਕਰ ਕੀਤਾ। ਸਾਬਕਾ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ, ‘ਕੈਪਟਨ ਨੇ ਕਦੇ ਪੰਜਾਬ ਲਈ ਕੁਝ ਨਹੀਂ ਕੀਤਾ, ਸਗੋਂ ਉਹ ਪੰਜਾਬ ਨੂੰ ਪਲ-ਪਲ ’ਤੇ ਸਿਆਸੀ, ਆਰਥਿਕ, ਧਾਰਮਿਕ ਅਤੇ ਸਮਾਜਿਕ ਖੋਰਾ ਲਾਉਣ ਵਾਲੀ ਪਾਰਟੀ ਕਾਂਗਰਸ ’ਚ ਮੁੱਖ ਮੰਤਰੀ ਦਾ ਅਹੁਦਾ ਹੰਢਾ ਰਿਹਾ ਹੈ।’ ਊਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਸਿੱਖਾਂ ਦੇ ਘਾਣ ਤੇ ਅਮਰਿੰਦਰ ਸਿੰਘ ਦਾ ਇਤਿਹਾਸ ਐੱਸਵਾਈਐੱਲ ਦੇ ਨਿਰਮਾਣ ਵਰਗੇ ਪੰਜਾਬ ਮਾਰੂ ਫ਼ੈਸਲਿਆਂ ਨਾਲ ਭਰਿਆ ਪਿਆ ਹੈ। ਅਮਰਿੰਦਰ ਸਿੰਘ ਦੀ ਪੰਜਾਬ ਨੂੰ ਦੇਣ ਹੈ ਕਿ ਉਸਨੇ ਇੰਦਰਾ ਗਾਂਧੀ ਵੱਲੋਂ ਐੱਸ.ਵਾਈ.ਐੱਲ. ਨਹਿਰ ਦਾ ਨੀਂਹ ਪੱਥਰ ਰੱਖਣ ਮੌਕੇ ਉੱਥੇ ਮੁਬਾਰਕਬਾਦ ਦਿੱਤੀ ਸੀ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਹੱਕਾਂ ਲਈ ਸੰਘਰਸ਼ ਕਰਦਾ ਰਹੇਗਾ।