ਹਰਜੀਤ ਸਿੰਘ
ਜ਼ੀਰਕਪੁਰ, 6 ਅਗਸਤ
ਜ਼ੀਰਕਪੁਰ ਖੇਤਰ ਦੇ ਵੀਆਈਪੀ ਰੋਡ ’ਤੇ ਸਥਿਤ ਪੈਂਟਾ ਹੋਮਜ਼ ਸੁਸਾਇਟੀ ਦੇ ਨੇੜੇ ਦੁਕਾਨਾਂ ਵਿੱਚ ਰਹਿੰਦੇ ਇੱਕ ਪਰਿਵਾਰ ਦੀ 32 ਸਾਲਾ ਔਰਤ ਅਤੇ ਉਸ ਦੀ 8 ਸਾਲਾ ਦੀ ਧੀ ਨੇ ਆਪਣੇ ਬੇਟੇ ਦੀ ਹੋਈ ਮੌਤ ਦੇ ਸਦਮੇ ਕਾਰਨ ਫਾਹਾ ਲੈ ਲਿਆ ਜਿਨ੍ਹਾਂ ਨੂੰ ਗੁਆਂਢੀਆਂ ਨੇ ਸੈਕਟਰ 32 ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੇ ਦੌਰਾਨ 8 ਸਾਲਾ ਲੜਕੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦਕਿ ਮਾਂ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਜਾਣਕਾਰੀ ਦਿੰਦੇ ਹੋਏ ਪੜਤਾਲੀਆ ਅਫ਼ਸਰ ਏਐਸਆਈ ਰਮੇਸ਼ਵਰ ਦਾਸ ਨੇ ਦੱਸਿਆ ਕਿ ਅੱਜ ਪੁਲੀਸ ਨੂੰ ਸੈਕਟਰ 32 ਹਸਪਤਾਲ ਤੋਂ ਜਾਣਕਾਰੀ ਮਿਲੀ ਸੀ ਕਿ ਖੇਤਰ ਦੀ ਇੱਕ 32 ਸਾਲਾ ਔਰਤ ਪੂਨਮ ਪਤਨੀ ਰੌਣਕੀ ਜੋ ਕਿ ਪੈਂਟਾ ਹੋਮਜ਼ ਵੀਆਈਪੀ ਰੋਡ ’ਤੇ ਰਹਿੰਦੀ ਸੀ, ਦੇ ਤਿੰਨ ਬੱਚੇ ਸਨ। ਪੂਨਮ ਦਾ ਇੱਕ ਲੜਕਾ ਦੀਪਕ ਜੋ ਨਸ਼ਾ ਕਰਨ ਦਾ ਆਦੀ ਸੀ, ਦੀ ਲੰਘੀ 3 ਅਗਸਤ ਨੂੰ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਪੂਨਮ ਅਤੇ ਉਸ ਦੀ 8 ਸਾਲਾ ਦੀ ਲੜਕੀ ਸਿਆ ਮਾਨਸਿਕ ਤੌਰ ਤੇ ਪ੍ਰੇਸ਼ਾਨ ਸਨ ਤੇ ਅੱਜ ਸ਼ਾਮ ਨੂੰ ਊਨ੍ਹਾਂ ਨੇ ਆਪਣੇ ਕਮਰੇ ’ਚ ਫਾਹਾ ਲੈ ਲਿਆ। ਗੁਆਂਢੀਆਂ ਨੇ ਦੋਵਾਂ ਨੂੰ ਫੌਰਨ ਥੱਲੇ ਉਤਾਰ ਕੇ ਚੰਡੀਗੜ੍ਹ ਸੈਕਟਰ 32 ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ 8 ਸਾਲਾ ਸਿਆ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਪੂਨਮ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ। ਪੁਲੀਸ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।