ਨਵੀਂ ਦਿੱਲੀ, 6 ਅਗਸਤ
ਸੁਪਰੀਮ ਕੋਰਟ ਨੇ ਟੀਵੀ ਨਿਊਜ਼ ਐਂਕਰ ਅਮੀਸ਼ ਦੇਵਗਨ ਖਿਲਾਫ਼ ਦਰਜ ਕੇਸਾਂ ਤਹਿਤ ਕਾਰਵਾਈ ਨਾ ਕਰਨ ਦੀ ਮਿਆਦ 31 ਅਗਸਤ ਤੱਕ ਵਧਾ ਦਿੱਤੀ ਹੈ। ਟੀਵੀ ਪ੍ਰੋਗਰਾਮ ਦੌਰਾਨ ਸੂਫ਼ੀ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਉਸ ਉਪਰ ਕੇਸ ਦਰਜ ਕੀਤਾ ਗਿਆ ਸੀ। ਬੈਂਚ ਨੇ ਦੇਵਗਨ ਖਿਲਾਫ਼ ਦਰਜ ਇਕ ਐੱਫਆਈਆਰ ਜਬਲਪੁਰ ਤੋਂ ਨੋਇਡਾ ਤਬਦੀਲ ਕਰਨ ਦੇ ਤੱਥ ਦਾ ਵੀ ਨੋਟਿਸ ਲਿਆ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੁਣਵਾਈ ਦੌਰਾਨ ਬੈਂਚ ਨੇ ਉਸ ਦੇ ਵਕੀਲਾਂ ਨੂੰ ਕਿਹਾ ਕਿ ਉਹ ਆਪਣੀ ਅਰਜ਼ੀ ’ਚ ਸੋਧ ਕਰਨ ਅਤੇ ਅਗਲੀ ਸੁਣਵਾਈ 31 ਅਗਸਤ ਤੱਕ ਮੁਲਤਵੀ ਕਰ ਦਿੱਤੀ। ਹੁਣ ਯੂਪੀ ਸਰਕਾਰ ਨੂੰ ਦੇਵਗਨ ਦੀ ਅਰਜ਼ੀ ’ਤੇ ਜਵਾਬ ਦਾਖ਼ਲ ਕਰਨਾ ਪਵੇਗਾ ਕਿਉਂਕਿ ਉਸ ਨੇ ਐੱਫਆਈਆਰ ਰੱਦ ਕਰਨ ਅਤੇ ਜਾਂਚ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
-ਪੀਟੀਆਈ