ਪਿੰਡ ਵਸਦੇ ਜੀਅ ਦੀ ਕਥਾ
27 ਅਗਸਤ ਨੂੰ ਨਜ਼ਰੀਆ ਪੰਨੇ ’ਤੇ ਰਣਜੀਤ ਲਹਿਰਾ ਦੇ ਮਿਡਲ ‘ਜਦੋਂ ਡਫੀਟਡ ਸਰਪੰਚ ਨੇ ਥਾਣੇਦਾਰ ਪੜ੍ਹਨੇ ਪਾਇਆ’ ਨੇ ਹਰ ਪਿੰਡ, ਨਗਰ ਵਿਚ ਵਸਦੇ ਉਸ ਇਨਸਾਨ ਨੂੰ ਚਿਤਰਿਆ ਹੈ ਜੋ ਮਨੁੱਖਤਾ ਜਾਂ ਸਮਾਜ ਦੀ ਭਲਾਈ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਗ਼ੈਰ ਇਖ਼ਲਾਕੀ ਕੰਮ ਤੋਂ ਕੋਹਾਂ ਦੂਰ ਅਤੇ ਅਨੈਤਿਕਤਾ ਨਾਲ ਸਮਝੌਤਾ ਨਾ ਕਰਨ ਕਾਰਨ ਵੋਟ ਦੀ ਰਾਜਨੀਤੀ ਹਰ ਕਾਲ ਵਿਚ ਫ਼ਤਵਾ ਉਸ ਦੇ ਉਲਟ ਹੀ ਦਿੰਦੀ ਆਈ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਅਚਾਨਕ ਆਈ ਸਮੱਸਿਆ ਦੇ ਹੱਲ ਲਈ ਲੋਕ ਉਸ ਦਾ ਹੀ ਦਰ ਖੜਕਾਉਂਦੇ ਹਨ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
ਪਰਾਲੀ, ਕਿਸਾਨ ਤੇ ਸਰਕਾਰ
26 ਅਗਸਤ ਨੂੰ ‘ਪਰਾਲੀ ਜਲਾਉਣ ਦਾ ਮੁੱਦਾ’ ਪੜ੍ਹਿਆ। ਇਕ ਪਾਸੇ ਤਾਂ ਸਰਕਾਰ ਕਾਰੋਬਾਰੀਆਂ-ਉਦਯੋਗਪਤੀਆਂ ਦੇ ਪ੍ਰਾਜੈਕਟਾਂ ਨੂੰ ਲਾਭ ਦੇਣ ਲਈ ਵਾਤਾਵਰਨ ਪ੍ਰਭਾਵੀ ਮੁਲੰਕਣ ਐਕਟ ਵਿਚ ਸੋਧ ਲਈ ਖਰੜਾ ਪੇਸ਼ ਕਰ ਕੇ ਵਿਵਾਦਪੂਰਨ ਕੰਮ ਕਰ ਰਹ ਹੈ, ਦੂਸਰੇ ਪਾਸੇ ਕਿਸਾਨਾਂ ਨੂੰ ਪ੍ਰਤੀ ਏਕੜ ਪਰਾਲੀ ਸਾੜਨ ਲਈ ਮੁਆਵਜ਼ਾ ਦੇਣ ਤੋਂ ਵੀ ਹੱਥ ਪਿੱਛੇ ਖਿੱਚ ਰਹੀ ਹੈ। ਵਾਤਾਵਰਨ ਦਾ ਮੁੱਦਾ ਗੰਭੀਰ ਹੈ ਪਰ ਸਰਕਾਰ ਨੂੰ ਖੇਤੀ ਪ੍ਰਤੀ ਗ਼ਲਤ ਨੀਤੀਆਂ ਨੂੰ ਦਰੁਸਤ ਕਰਨਾ ਚਾਹੀਦਾ ਹੈ ਅਤੇ ਬਾਕੀ ਫ਼ਸਲਾਂ ਦੀ ਖ਼ਰੀਦ ਦੀ ਗਾਰੰਟੀ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨ ਕਣਕ-ਝੋਨੇ ਵਾਲੇ ਫ਼ਸਲੀ ਚੱਕਰ ਵਿਚੋਂ ਬਾਹਰ ਆ ਸਕਣ।
ਨਵਜੋਤ ਸਿੰਘ ਜੌਹਲ (ਸੰਗਰੂਰ)
(2)
ਵੱਖ-ਵੱਖ ਪ੍ਰਾਂਤਾਂ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ ਪਰਾਲੀ ਸਾੜਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਜਾਵੇ। ਪਿਛਲੇ ਕੁਝ ਕੁ ਸਾਲਾਂ ਤੋਂ ਪਰਾਲੀ ਦਾ ਮੁੱਦਾ ਉਠਾਇਆ ਜਾ ਰਿਹਾ ਹੈ ਪਰ ਇਸ ਦਾ ਕੋਈ ਸਾਰਥਿਕ ਹੱਲ ਨਹੀਂ ਨਿਕਲਿਆ। ਸਰਕਾਰਾਂ ਨੂੰ ਅਜੇ ਵੀ ਇਸ ਦਾ ਹੱਲ ਕੱਢ ਲੈਣਾ ਚਾਹੀਦਾ ਹੈ। ਜੇਕਰ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਦਾ ਖ਼ਰਚ ਦਿੱਤਾ ਜਾਵੇ ਤਾਂ ਇਹੀ ਪਰਾਲੀ ਕਿਸੇ ਲੋੜ ਵਾਲੇ ਉਦਯੋਗ ਨੂੰ ਮੁਹੱਈਆ ਕਰਾਈ ਜਾ ਸਕਦੀ ਹੈ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਬਲਜੀਤ ਗਰੇਵਾਲ, ਰੌਂਤਾ
ਦਿਲ ਜਿੱਤਣਾ ਪੈਂਦਾ…
25 ਅਗਸਤ ਦੇ ਨਜ਼ਰੀਆ ਪੰਨੇ ’ਤੇ ‘ਜੰਮੂ ਕਸ਼ਮੀਰ ਦੀ ਸਿਆਸਤ’ ਲੇਖ ਪੜ੍ਹਿਆ। ਇਸ ਵਿਚ ਧਾਰਾ-370 ਤੇ 35 ਏ ਹਟਾਉਣ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬਦਲਣਾ ਤੇ ਉਸ ਤੋਂ ਬਾਅਦ ਡੋਮੀਸਾਈਲ ਬਾਰੇ ਫ਼ੈਸਲਾ ਕਰਨਾ ਦਰਸਾਉਂਦਾ ਹੈ ਕਿ ਸਿਰਫ਼ ਕਾਨੂੰਨ ਨੂੰ ਲਾਗੂ ਕਰਨਾ ਹੀ ਉਸ ਥਾਂ ਦਾ ਵਿਕਾਸ ਨਹੀਂ ਹੁੰਦਾ, ਬਲਕਿ ਉੱਥੋਂ ਦੀ ਜਨਤਾ ਲਈ ਕੰਮ ਕਰਕੇ ਦਿਲ ਜਿੱਤਣਾ ਪੈਂਦਾ ਹੈ। ਇਹ ਭਾਵੇਂ ਜੰਮੂ ਕਸ਼ਮੀਰ ਦਾ ਮਾਮਲਾ ਹੈ ਜਾਂ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਦਾ ਮਸਲਾ ਹੈ, ਕੇਂਦਰ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਤੁਸੀਂ ਸੋਚੋ ਇੰਟਰਨੈੱਟ ਤੋਂ ਬਗੈਰ ਜੰਮੂ-ਕਸ਼ਮੀਰ ਦੇ ਲੋਕ ਕਿੱਦਾਂ ਸੁੱਖ-ਸੁਨੇਹੇ ਦਿੰਦੇ ਹੋਣਗੇ ਜਾਂ ਉੱਥੇ ਬੱਚੇ ਕਿਸ ਤਰ੍ਹਾਂ ਆਨਲਾਈਨ ਪੜ੍ਹਦੇ ਹੋਣਗੇ?
ਨੇਹਾ ਜਮਾਲ, ਮੁਹਾਲੀ
ਖੂਨਦਾਨ ਬਨਾਮ ਡਰ
25 ਅਗਸਤ ਦਾ ਮਿਡਲ ‘ਜਦੋਂ ਪਹਿਲੀ ਵਾਰ ਖੂਨਦਾਨੀ ਬਣੇ’ ਲੇਖਕ ਡਾ. ਹਜ਼ਾਰਾ ਸਿੰਘ ਚੀਮਾ ਪੜਿ੍ਹਆ। ਪੜ੍ਹ ਕੇ ਮੱਲੋਮੱਲੀ ਉਹ ਦਿਨ ਯਾਦ ਆ ਗਿਆ ਜਦੋਂ ਮੈਂ ਵੀ ਪਹਿਲੀ ਵਾਰ ਖੂਨ ਦਾਨ ਕੀਤਾ ਸੀ। ਸੂਈ ਦਾ ਬਹੁਤਾ ਡਰ ਨਹੀਂ ਸੀ ਪਰ ਨੇੜਲੇ ਸਾਥੀਆਂ ਨੇ ਹੋਰ ਡਰ ਪੈਦਾ ਕਰ ਦਿੱਤਾ। ਕਹਿੰਦੇ, ‘ਬਾਅਦ ਚ ਚੱਕਰ ਬਹੁਤ ਆਉਂਦੇ ਨੇ। ਬੰਦਾ ਡਿੱਕਡੋਲੇ ਖਾਈ ਜਾਂਦਾ ਕਈ ਦਿਨ।’ ਡਰ ਤਾਂ ਲਗਿਆ ਸੀ ਕਿ ਕੰਮ ਤੋਂ ਵੀ ਛੁੱਟੀ ਨਹੀਂ ਕਰ ਸਕਦੀ । ਘਰ ਦੇ ਕੰਮ ਤੋਂ ਛੁੱਟੀ ਤਾਂ ਚਲੋ ਮਿਲਣੀ ਹੀ ਕੀ ਸੀ! ਉਂਜ ਇਹ ਵਹਿਮ ਦੂਰ ਹੋ ਗਿਆ ਕਿ ਖੂਨਦਾਨ ਨਾਲ ਕੋਈ ਕਮਜ਼ੋਰੀ ਨਹੀਂ ਹੁੰਦੀ।
ਮਨਦੀਪ ਕੌਰ, ਲੁਧਿਆਣਾ
ਆਵਾਜ਼ ਦਬਾਉਣ ਦੀ ਕਾਰਵਾਈ
25 ਅਗਸਤ ਦੇ ਲੋਕ ਸੰਵਾਦ ਪੰਨੇ ’ਤੇ ‘ਬਲਿਟਸਕ੍ਰੀਗ ਦੇ ਪੈਂਤੜਿਆਂ ਦੇ ਦੌਰ ਵਿਚ’ ਲੇਖ ਵਿਚ ਸੁਕੀਰਤ ਨੇ ਕੁਝ ਘਟਨਾਵਾਂ ਦੀ ਉਦਾਹਰਨ ਦੇ ਕੇ ਭਗਵਾਂ ਬ੍ਰਿਗੇਡ ਵੱਲੋਂ ਆਪਣੇ ਹਰ ਮਤਭੇਦੀ ਨੂੰ ਕੁਸਕਣ ਤੋਂ ਰੋਕਣ ਲਈ ਹਰ ਹੀਲਾ ਵਰਤਣ ਦੇ ਵਧਦੇ ਰੁਝਾਨ ’ਤੇ ਜਾਇਜ਼ ਚਿੰਤਾ ਪ੍ਰਗਟਾਈ ਹੈ। ਕੁਝ ਵਰ੍ਹੇ ਪਹਿਲਾਂ ਹੀ ਲਾਲ ਕ੍ਰਿਸ਼ਨ ਅਡਵਾਨੀ ਨੇ ਇਸ ਦੌਰ ਦੀ ਅਣਐਲਾਨੀ ਐਮਰਜੈਂਸੀ ਨਾਲ ਤੁਲਨਾ ਕੀਤੀ ਸੀ, ਜੋ ਹੁਣ ਤਾਂ ਉਸ ਤੋਂ ਵੀ ਵੱਧ ਚੁੱਕੀ ਹੈ ਤੇ ਹੋਰ ਵੀ ਵਧਦੀ ਜਾਵੇਗੀ ਜਦ ਤਕ ਆਮ ਜਨਤਾ ਦੀ ਜ਼ਮੀਰ ਨਹੀਂ ਜਾਗਣੀ ਸ਼ੁਰੂ ਹੁੰਦੀ।
ਅਮਰਜੀਤ ਵੋਹਰਾ, ਰਾਏਕੋਟ