ਅਰਬੀ ਫ਼ਾਰਸੀ ਦਾ ਸ਼ਬਦ ਅਰਜ਼ਦਾਸ਼ਤ ਪੰਜਾਬ ਅੱਪੜ ਕੇ ਅਰਦਾਸ ਤੇ ਅਰਜੋਈ ਬਣ ਗਿਆ। ਦੁਆ ਅਰਬੀ ਦਾ ਸ਼ਬਦ ਹੈ: ਪਰਮਾਤਮਾ ਦੀ ਉਸਤਤ, ਇਹਦਾ ਕੀਰਤਿ ਗਾਨ: ਕੀਰਤਨ। ਸੰਸਕ੍ਰਿਤ ਦੇ ਸ਼ਬਦ ਪ੍ਰਾਰਥਨਾ ਦਾ ਅਰਥ ਹੈ: ਪਰ+ਅਰਥ: ਦੂਸਰੇ ਦਾ/ਵਾਸਤੇ ਬੇਨਤੀ, ਨਿਮਿਤ ਕਾਰਜ।
ਅਜੋਕੀ ਪੰਜਾਬੀ ਕਵਿਤਾ ਵਿਚ ਅਰਦਾਸ ਨਾਂਮਾਤ੍ਰ ਹੈ। ਅਜੋਕੀ ਪੰਜਾਬੀ ਚਿਤ੍ਰਕਾਰੀ ਦਾ ਵੀ ਇਹੀ ਹਾਲ ਹੈ। ਫ਼ਾਰਸੀ ਸ਼ਬਦਾਂ ਨਾਲ਼ ਲੱਦੀ ਹੋਈ ਫ਼ੈਜ਼ ਦੀ ਆਹਲਾ ਨਜ਼ਮ ‘ਦੁਆ’ ਪਾਠਕ ਇੰਟਰਨੈੱਟ ‘ਤੇ ਪੜ੍ਹ-ਸੁਣ ਸਕਦੇ ਹਨ।
– ਅਮਰਜੀਤ ਚੰਦਨ
ਸਮੁੰਦਰ ਦੇ ਕਿਨਾਰੇ ਪਿਪਲ ਦੀ ਨੋਕ
ਨਾਲ ਲਟਕ ਰਹੀ ਜਲ ਬੂੰਦ ਦੀ
ਅਰਦਾਸ
ਹੇ ਸਾਗਰ! ਬਲ ਵਾਲੇ ਸਾਗਰ!
ਲਹਿ ਲਹਿ ਕਰਦੇ ਸਾਗਰ!
ਪਲਮ ਰਹੀ ਪਿਪਲ-ਪਤ ਨੋਕੋਂ
ਮਿਲਾਂ ਕਿਵੇਂ? ਰਤਨਾਗਰ!
ਜੇ ਕੁੱਦਾਂ ਤਾਂ ਪਵਾਂ ਰੇਤ ਵਿਚ,
ਉਡ ਪਹੁੰਚਣ ਦਾ ਤਾਣ ਨਹੀਂ,
ਉਛਲ ਝੋਪ ਏ ਬੂੰਦ ਉਮਾਹੀ,
ਹੇ ਮਿਹਰਾਂ ਦੇ ਨਾਗਰ!
ਅਰਦਾਸ
ਕਰਤਾਰ! ਜਗਤ-ਅਧਾਰ ਪਿਤਾ! ਮੈਂ ਨੀਚ ਅਧਮ ਇਕ ਬਾਲ ਤਿਰਾ,
ਕਰ ਸਕਾਂ ਕਥਨ ਇਕਬਾਲ ਕਿਵੇਂ, ਇਸ ਅਲਪ ਅਕਲ ਦੇ ਨਾਲ ਤਿਰਾ।
ਜਦ ਸੁਰਤ ਨਿਗਾਹ ਦੌੜਾਂਦੀ ਹੈ, ਚੁੰਧਿਆ ਕੇ ਚੁਪ ਰਹਿ ਜਾਂਦੀ ਹੈ,
ਤਕ ਤਣਿਆ ਕੁਦਰਤ ਜਾਲ ਤਿਰਾ, ਵੈਰਾਟ ਸਰੂਪ ਵਿਸ਼ਾਲ ਤਿਰਾ।
ਇਕ ਬੀਜੋਂ ਬਿਰਛ ਨਿਕਲਦੇ ਨੂੰ, ਪੁੰਗਰਦੇ, ਫੁਲਦੇ, ਫਲਦੇ ਨੂੰ,
ਰਗ ਰਗ ਵਿਚ ਖੂਨ ਉਛਲਦੇ ਨੂੰ, ਤਕ ਪਾਵੇ ਨਜ਼ਰ ਜਮਾਲ ਤਿਰਾ।
ਗ੍ਰਹ, ਤਾਰੇ, ਬਿਜਲੀ, ਸੂਰਜ, ਚੰਨ, ਨਦ, ਸਾਗਰ, ਪਰਬਤ, ਬਨ ਉਪਬਨ,
ਬ੍ਰਹਮੰਡ ਤਿਰੇ, ਭੂ-ਖੰਡ ਤਿਰੇ, ਆਕਾਸ਼ ਤਰਾ, ਪਾਤਾਲ ਤਿਰਾ।
ਤੂੰ ਆਦਿ ਅੰਤ ਬਿਨ, ਅਜਰ, ਅਟਲ, ਤੂੰ ਅਗਮ, ਅਗੋਚਰ, ਅਤੁਲ, ਅਚਲ,
ਅਜ, ਅਮਰ, ਅਰੂਪ, ਅਨਾਮ, ਅਕਲ, ਅਨਵਰਤ, ਅਖੰਡ ਜਲਾਲ ਤਿਰਾ।
ਵਿਧਿ, ਨਾਰਦ, ਸ਼ੇਸ਼ ਵਿਆਸ ਜਿਹੇ, ਅੰਗਿਰਾ ਆਦਿ ਲਿਖ ਹਾਰ ਗਏ,
ਕੁਝ ਹਾਲ ਤਿਰਾ ਜਦ ਕਹਿਣ ਲਗੇ, ਕਰ ਸਕੇ ਨਾ ਹੱਲ ਸਵਾਲ ਤਿਰਾ।
ਤੂੰ ਝਲਕੇਂ ਹਰ ਆਈਨੇ ਵਿਚ, ਜ਼ੱਰੇ ਜ਼ੱਰੇ ਦੇ ਸੀਨੇ ਵਿਚ,
ਸੀਨੇ ਦੇ ਗੁਪਤ ਖ਼ਜ਼ੀਨੇ ਵਿਚ, ਧਨ ਮਾਲ, ਅਮੋਲਕ ਲਾਲ ਤਿਰਾ।
ਕਲੀਆਂ ਵਿਚ ਲੁਕ ਲੁਕ ਵਸਦਾ ਹੈਂ, ਫੁਲ ਦੇ ਚਿਹਰੇ ਪਰ ਹਸਦਾ ਹੈਂ,
ਚੜ੍ਹ ਵਾ ਦੇ ਘੋੜੇ ਨਸਦਾ ਹੈਂ, ਵਾਹ ਰੰਗਬਰੰਗ ਖ਼ਿਆਲ ਤਿਰਾ।
ਸਬਜ਼ ਦੇ ਨਾਦ ਨਿਹਾਨੀ ਵਿਚ, ਪੰਛੀ ਦੀ ਲੈ ਮਸਤਾਨੀ ਵਿਚ,
ਨਦੀਆਂ ਦੇ ਸ਼ੋਰ ਰਵਾਨੀ ਵਿਚ, ਹੈ ਗੂੰਜ ਰਿਹਾ ਸੁਰਤਾਲ ਤਿਰਾ।
ਸ੍ਰਿਸ਼ਟੀ ਰਚ ਦੇਵੇਂ ਮੌਜ ਲਿਆ, ਅਰ ਪਰਲੈ ਕਰੇਂ ਇਕ ਨਿਗਾਹ ਫਿਰਾ,
ਰੇਤਾ ਦਰਯਾ, ਦਰਯਾ ਰੇਤਾ, ਵਾਹ ਨਦਰ-ਨਿਹਾਲ ! ਕਮਾਲ ਤਿਰਾ।
ਹਰ ਮੰਦਰ ਜੈਜੈਕਾਰ ਤਿਰਾ, ਹਰ ਸੂਰਤ ਪਰ ਝਲਕਾਰ ਤਿਰਾ,
ਮਹਿਕਾਰ ਤਿਰੀ, ਸ਼ਿੰਗਾਰ ਤਿਰਾ, ਪਰਤਾਪ ਤਿਰਾ, ਇਕਬਾਲ ਤਿਰਾ॥
ਅਰਦਾਸ
ਅੱਖਾਂ ਮੇਰੀਆਂ ਦੇ ਵਿਚ ਸ਼ਰਮ ਹੋਵੇ,
ਵਿਚ ਜੀਭ ਮੇਰੀ ਦੇ ਮਿਠਾਸ ਹੋਵੇ।
ਮਨੂਆ ਸਾਫ਼ ਹੋਵੇ, ਟੋਰ ਹੋਏ ਸਿੱਧੀ,
ਅੰਦਰ ਗ਼ੈਰਤ ਤੇ ਸੁਥਰਾ ਲਬਿਾਸ ਹੋਵੇ।
ਸੱਚੋ-ਸੱਚ ਕਹਿਣੋਂ ਕਦੇ ਟਲ਼ਾਂ ਨਾ ਮੈਂ,
ਮੈਨੂੰ ਕਿਸੇ ਤੋਂ ਜ਼ਰਾ ਨਾ ਤ੍ਰਾਸ ਹੋਵੇ।
ਸੀਨੇ ਦਿਲ ਹੋਵੇ, ਦਿਲ ਵਿਚ ਦਰਦ ਹੋਵੇ,
ਦਾਰੂ ਦਰਦ ਵਾਲਾ ਮੇਰੇ ਪਾਸ ਹੋਵੇ॥
ਅਰਦਾਸ
ਸ਼ਾਂਤਮਈ ਦੇ ਸੀਤਲ ਸਾਗਰ!
ਲਗੀਆਂ ਤੋੜ ਨਿਭਾਵੋ, ਮੇਹਰ ਕਮਾਵੋ।
ਜਿੰਦੜੀ ਵਾਰਾਂ, ਘੋਲ ਘੁਮਾਵਾਂ,
ਗੁਰ ਜੀ! ਦਰਸ ਦਿਖਾਵੋ, ਚਿਰ ਨਾ ਲਾਵੋ।
ਵਾਂਙ ਤਰੇਲ ਰਵ੍ਹਾਂ ਨਿੱਤ ਰੋਂਦੀ,
ਫੁਲਾਂ ਵਾਂਙ ਹਸਾਵੋ, ਇਕ ਦਿਨ ਆਵੋ।
‘ਸ਼ਰਫ਼’ ਤੱਤੀ ਦੀ ਕੁੱਲੀ ਅੰਦਰ,
ਚਰਨ ਪਵਿੱਤਰ ਪਾਵੋ, ਚੰਨ ਚੜ੍ਹਾਵੋ॥
ਅਰਦਾਸ
ਖੱਸ ਲੈ! ਤੇਰਾ ਹੀ ਹੈ ਸਾਮਾਨ ਬੇਸ਼ਕ ਖੱਸ ਲੈ
ਬਖ਼ਸ਼ਿਆ ਤੇਰਾ ਹੀ ਹੈ ਸਨਮਾਨ ਬੇਸ਼ਕ ਖੱਸ ਲੈ
ਸਿੰਚ ਕੇ ਲਹੂ ਦਾ ਜਿਗਰ ਦਾ ਪਾਲ਼ਿਆ ਮੈਂ ਪੋਸਿਆ
ਦਿਲ ਮੇਰੇ ਵਿਚ ਲੁਕਿਆ ਅਰਮਾਨ ਬੇਸ਼ਕ ਖੱਸ ਲੈ
ਮਾਲਿਕਾ ਸੰਸਾਰ ਤੇਰਾ, ਸਵਰਗ ਨਾਲ਼ੋਂ ਘੱਟ ਨਹੀਂ
ਮੌਜਾਂ, ਸੁਆਦਾਂ, ਐਸ਼ ਦੀ ਇਹ ਖਾਣ ਬੇਸ਼ਕ ਖੱਸ ਲੈ
ਜਾਣਨਾਂ ਮੈਂ ਜਨਮ ਇਹ ਉੱਤਮ ਚੁਰਾਸੀ ਲੱਖ ਤੋਂ
ਬਖ਼ਸ਼ਿਆ ਜਾਮਾ ਤਿਰਾ ਇਨਸਾਨ ਬੇਸ਼ਕ ਖੱਸ ਲੈ
ਮਾਣ ਹੈ ਮੈਨੂੰ ਮੇਰੀ ਜਾਦੂ-ਬਿਆਨੀ ‘ਤੇ ਬੜਾ
ਬੇਅਸਰ ਕਰਦੇ ਬਿਸ਼ਕ ਇਹ ਮਾਣ ਬੇਸ਼ਕ ਖੱਸ ਲੈ
ਹੁੱਜਤਾਂ ਦਲੀਲਾਂ ਫ਼ਲਸਫ਼ੇ, ਮਰਜ਼ਾਂ ਦਿਮਾਗ਼ੀ ਲੱਗੀਆਂ
ਉਲਟ ਛੱਡ ਇਹ ਖੋਪਰੀ, ਸਭ ਗਿਆਨ ਬੇਸ਼ਕ ਖੱਸ ਲੈ
ਮੋਹ ਦੀਆਂ ਕੜੀਆਂ ਦੇ ਵਿਚ ਲੰਮੀ ਉਮਰ ਇਕ ਕੈਦ ਹੈ
ਖੱਸ ਲੈ ਮੇਰੀ ਜਵਾਨੀ, ਪ੍ਰਾਣ ਬੇਸ਼ਕ ਖੱਸ ਲੈ
ਇਕ ਬਖ਼ਸ਼ ਦੇ ਸਿਰਫ਼ ਇਕ ਦੌਲਤ ਵਤਨ ਦੇ ਪਿਆਰ ਦੀ
ਫਿਰ ਬਿਸ਼ਕ ਮਰਜ਼ੀ ਤਿਰੀ ਜਿੰਦ ਜਾਨ ਬੇਸ਼ਕ ਖੱਸ ਲੈ
ਜੋਸ਼ੂਆ ਫ਼ਜ਼ਲ਼ਦੀਨ (1903-1973)
ਪ੍ਰਾਰਥਨਾ
ਪਾਪ ਅੰਦਰ ਜੇ ਫੱਸ ਕੇ ਡਿੱਗਾਂ ਇਕ ਵਾਰੀ,
ਡਿੱਗਾ ਰਹਾਂ ਨਾਂ ਮਾਲਿਕਾ ਮੈਂ ਉਮਰਾਂ ਸਾਰੀ।
ਫੜ ਕੇ ਫੇਰ ਖਲਿਹਾਰ ਦਈਂ ਪੈਰਾਂ ਤੇ ਮੈਨੂੰ,
ਘੋਲ ਘੁਮਾਵਾਂ ਜਿੰਦੜੀ ਮੈਂ ਤੈਥੋਂ ਸਾਰੀ।
ਫੁੱਲ ਜਿਥੋਂ ਤੋੜੀਂਦੜੇ ਫਿਰ ਲੱਗਣ ਓਥੇ,
ਫਲ ਜਿਥੋਂ ਝੰਬੇਂਦੜੇ ਫਿਰ ਲੱਗਣ ਓਥੇ।
ਫਲ ਮੇਰਾ ਚਾ ਝੰਬਿਆ ਪਾਪਾਂ ਨੇ ਮੇਰੇ,
ਫੁਲ ਰੱਬਾ ਇਕ ਵਾਰ ਚਾ ਫਿਰ ਲੱਗਣ ਓਥੇ।
ਮੋਹ ਤੇਰਾ, ਮਨ ਮੋਹਣਾ ਮੋਹ ਲੈਂਦਾ ਸੱਭਾਂ,
ਡਿੱਗੇ ਢੱਠੇ ਮਾੜਿਆਂ ਸਹਿ ਲੈਂਦਾ ਸੱਭਾਂ।
ਮੁੱਢ ਕਦੀਮੋਂ ਲੈਇ ਕੇ ਅੱਜ ਤੀਕਣ ਰੱਬਾ,
ਪਕੜੇਂ ਤੂੰ ਨਿਮਾਣਿਆਂ ਸੈਹ ਲੈਂਦਾ ਸੱਭਾਂ।
ਮੈਂ ਵੀ ਹਾਂ ਨਿਮਾਨੜਾ ਇਕ ਡਿੱਗਾ ਢੱਠਾ,
ਪਾਪਾਂ ਮੈਨੂੰ ਮਾਰ ਕੇ ਚਾ ਕੀਤਾ ਘੱਟਾ।
ਇਸ ਘੱਟੇ ਨੂੰ ਸਾਂਭ ਕੇ ਚਾ ਕਰੀਂ ਪਵਿੱਤਰ,
ਘਟਿਓਂ ਹੈ ਸਾਂ ਥਾਪਿਆ ਨਿਤ ਰਹਾਂ ਨ ਘੱਟਾ।
ਤੇਰੀ ਨਜ਼ਰ ਸਵੱਲੜੀ ਜਿਸ ਪਾਸੇ ਹੋਏ,
ਪਾਸਾ ਉਹ ਤਰ ਜਾਉਂਦਾ ਵਿਚ ਖ਼ਲਕੇ ਸੋਹੇ।
ਵੱਧਦਾ ਫੁਲਦਾ ਜਾਉਂਦਾ ਰਹੇ ਹਰਿਆ ਭਰਿਆ,
ਪਤਝੜ ਓਹਨੂੰ ਆਣ ਕੇ ਨਾ ਮੂਲੇ ਛੋਹੇ।
ਝਖੜ ਝੁੱਲਣ ਕਹਰ ਦੇ ਜਾਂ ਅੰਦਰ ਡੱਲਾਂ,
ਧੁੰਧੂਕਾਰ ਹਨੇਰ ਹੋਣ ਜਾਂ ਅੰਦਰ ਝੱਲਾਂ।
ਬਹੁੜੇਂ ਜਾਂ ਉਸ ਵੇਲੜੇ ਚਾ ਥੰਮੇਂ ਮੈਨੂੰ,
ਮੂਲ ਨਾ ਬਹਿ ਕੇ ਮੌਤ ਦੇ ਮੂੰਹ ਅੰਦਰ ਹੱਲਾਂ।
ਫੇਰ ਰਬਾ ਹੱਥ ਜੋੜ ਕੇ ਮੈਂ ਅਰਜ਼ ਗੁਜ਼ਾਰਾਂ,
ਜੂਠੇ ਬੇਰ ਲਿਆਣ ਕੇ ਮੈਂ ਫ਼ਰਜ਼ ਗੁਜ਼ਾਰਾਂ।
ਜੂਠ ਇਹਨਾਂ ਦਾ ਗੌਲ ਨਾ ਜੇ ਸੁੱਚੇ ਜਾਣੇਂ।
ਵਿਸਰਾਂ ਮੈਂ ਤਨ ਮਨ ਦੇ ਚਾ ਮਰਜ਼ ਹਜ਼ਾਰਾਂ॥
ਹੇ ਪ੍ਰਭੂ
ਹੇ ਪਰਮ ਦੇਸ
ਹੇ ਪਰਮ ਕਾਲ
ਰੁੱਖ ਦੀ ਸਮਾਧੀ ਹੋ ਜਾਏ ਮੇਰਾ ਜੀਵਨ
ਮਿੱਟੀ ਮੇਰੀ ਮਾਂ, ਪਾਣੀ ਪਿਤਾ
ਹਵਾ ਦੇ ਵਰਕਿਆਂ ‘ਤੇ ਖ਼ੁਸ਼ਬੋ ਦੇ ਵਾਕ ਲਿਖਾਂ
ਹਰੇ ਹਰੇ ਪੱਤੇ ਮੇਰੇ ਬੋਲ
ਹੇ ਮਹਾਮੌਨ
ਦੇਵੋ ਮੈਨੂੰ ਚੁੱਪ ਦੀ ਜ਼ਬਾਨ
ਕੰਨਾਂ ਤਕ ਪਹੁੰਚਣ ਤੋਂ ਪਹਿਲਾਂ
ਬਹੁਤ ਪਹਿਲਾਂ
ਰੂਹ ਜਿਹਨੂੰ ਲਏ ਪਹਿਚਾਨ
ਧਰਤੀ ਚ ਥੋੜ੍ਹਾ ਕੁ ਡੂੰਘਾ
ਰਤਾ ਕੁ ਉੱਚਾ ਵਿਚ ਆਕਾਸ਼
ਏਨਾ ਕੁ ਹੋਵੇ ਮੇਰਾ ਵਾਸ
ਲਿਖੋ ਨਾ ਰੱਬ ਜੀ ਮੈਨੂੰ ਭੂਗੋਲ ਵਿਚ
ਲਿਖੋ ਨਾ ਵਿਚ ਇਤਿਹਾਸ
ਨਕਸ਼ਿਆਂ ਚ ਪੋਥੀਆਂ ਚ
ਜੀਵਨ ਦੀ ਲਾਲਸਾ
ਪੱਤਿਆਂ ‘ਤੇ ਪਈ ਗਰਦ ਵਾਂਗ ਦਿਓ ਝਾੜ
ਦੁਨੀਆ ਨੇ ਮੇਰੀ ਗਿਰਦ ਵਲ਼ੀ ਜੋ ਤੜਾਗੀ
ਉਹਨੂੰ ਤੋੜ ਜਾਣ ਦਿਓ ਬਾਹਰ
ਕੁਝ ਦੇਰ ਹੋਰ ਪ੍ਰਭੂ ਬਖ਼ਸ਼ੋ ਸਮਾਧੀ
ਨਿੱਕੀ ਨਿੱਕੀ ਰਿਵੀ ਜਿਹੇ ਮੇਰੇ ਸਾਹ
ਫੇਰ ਮਿਹਰਵਾਨ
ਜਿਥੇ ਚਾਹੋ
ਹੁੰਮਸ ਦੇ ਵਾਂਗ ਮੈਨੂੰ ਦੇਵਣਾ ਮੁਕਾ
ਅਰਦਾਸ
ਰਾਜਕੁਮਾਰੀ ਸਾਡੇ ਘਰ ਵਿਚ ਝਾੜੂ ਪੋਚਾ ਲਾਵੇ
ਊਸ਼ਾ ਰਾਣੀ ਸਾਡੇ ਮੈਲ਼ੇ ਕੱਪੜੇ ਧੋਵਣ ਆਵੇ
ਰਾਜਕੁਮਾਰੀ ਸਦਾਨੰਦ ਦੀ ਬੇਟੀ
ਊਸ਼ਾ ਰਾਣੀ ਰਾਮ ਲਖਨ ਦੀ ਬੀਵੀ
ਸਦਾਨੰਦ ਨੇ ਸਾਡੇ ਘਰ ਦੀਆਂ ਕੰਧਾਂ ਚਿਣੀਆਂ
ਲੈਂਟਰ ਪਾਇਆ
ਰਾਮ ਲਖਨ ਨੇ ਫ਼ਰਸ਼ਾਂ ਪਾਈਆਂ
ਬਿਰਜੂ, ਰਾਮ ਖਿਲਾਵਨ, ਅੰਗਨੂੰ, ਦੇਵਕੀਨੰਦਨ
ਇੱਟਾਂ ਢੋਈਆਂ
ਰੇਤਾ ਤੇ ਸੀਮਿੰਟ ਰਲ਼ਾਇਆ
ਇਹ ਸੀਮਿੰਟ ਜੋ ਛੋਟੇ ਭਾਈ ਦੇਸਾ ਸਿੰਘ ਦੇ
ਕੈਨੇਡਿਓਂਂ ਘੱਲੇ ਪੈਸਿਆਂ ਨਾਲ਼ ਸੀ ਬੁੱਕ ਕਰਾਇਆ
ਪਿਆ ਪਿਆ ਹੀ ਪੱਥਰ ਹੋ ਜਾਣਾ ਸੀ
ਰਾਜ ਮਿਸਤਰੀ ਤੇਜਾ ਸਿੰਘ ਤਾਂ
ਬੱਸ ਡੀ.ਪੀ.ਸੀ. ਪਾ ਕੇ ਮਸਕਟ ਚਲਾ ਗਿਆ ਸੀ
ਰੁਲ਼ੀਆ ਸਿੰਘ ਮਜ਼ਦੂਰ ਵੀ ਇਕ ਦਿਨ ਆਇਆ
ਫਿਰ ਨਾ ਆਇਆ
ਕਹਿੰਦੇ ਉਸ ਨੇ ਆਟੋ ਪਾਇਆ
ਸੋਨੂੰ ਤੇ ਮੋਨੂੰ ਨੂੰ ਰਿਕਸ਼ੇ ਵਿਚ ਬਿਠਾ ਕੇ
ਰਾਮ ਭਰੋਸੇ ਰੋਜ਼ ਸਕੂਲ ਲਿਜਾਂਦਾ
ਅਤੇ ਬਥੇਰੇ ਹੋਰ
ਜਿਨ੍ਹਾਂ ਦੇ ਨਾਮ ਨ ਜਾਣਾਂ
ਫ਼ੈਕਟਰੀਆਂ ਵਿਚ ਕੰਮ ਕਰਦੇ ਨੇ
ਪੈਲ਼ੀਆਂ ਵਿਚ ਪਨੀਰੀ ਲਾਉਂਦੇ
ਜੀਰੀ ਲਾਉਂਦੇ
ਫ਼ਸਲਾਂ ਵੱਢਦੇ
ਇਹ ਡਾਰਾਂ ਦੀਆਂ ਡਾਰਾਂ
ਕਦੀ ਕਦੀ ਤਾਂ ਡਰ ਲਗਦਾ ਹੈ
ਕਿੱਧਰ ਉਡਦੀਆਂ ਜਾਂਦੀਆਂ ਨੇ ਦਸਤਾਰਾਂ
ਕਦੀ ਕਦੀ ਚੰਗਾ ਵੀ ਲੱਗਦਾ
ਦੇਸ਼ ਦੇਸ਼ਾਂਤਰ ਜਿੱਥੇ ਜਾਵੋ
ਦਿਸ ਹੀ ਪੈਂਦੀਆਂ ਨੇ ਦਸਤਾਰਾਂ
ਸਤ ਸਮੁੰਦਰ ਪਾਰ ਵੀ ਝੂਲਣ ਝੰਡੇ
ਲਿਸ਼ਕਣ ਖੰਡੇ
ਰਿੱਝਣ ਦੇਗਾਂ
ਪੱਕਣ ਮੰਡੇ
ਸਤ ਸਮੁੰਦਰੋਂ ਏਧਰ
ਸਾਡੀ ਨਵੀਂ ਵਸੀ ਆਬਾਦੀ
ਸ਼ਾਮ ਪਈ ਭਈਆਂ ਦੇ ਬੱਚੇ
ਸਿਰ ਤੇ ਫਟੇ ਪਰੋਲੇ ਧਰ ਕੇ
ਗੁਰੂਦੁਆਰੇ ਆ ਬਹਿੰਦੇ ਨੇ
ਨਾਲ਼ ਨਾਲ਼ ਪੜ੍ਹਦੇ ਨੇ ਬਾਣੀ
ਸਤਿਗੁਰ ਸੱਜਣ ਮਿਲ਼ਿਆ
ਨਾਨਕ ਨਾਮ ਮਿਲੈ ਤਾਂ ਜੀਵਾਂ
ਤਨ ਮਨ ਥੀਵੇ ਹਰਿਆ
ਬੱਸ ਹੁਣ ਹੋਣੀ ਏਂ ਅਰਦਾਸ
ਨਵੇਂ ਆਏ ਨੂੰ ਕਹਿੰਦਾ –
ਇਕ ਪਹਿਲਾਂ ਦਾ ਆਇਆ ਬੱਚਾ
ਪਿੱਛੇ ਪਿੱਛੇ ਆਖੀਂ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਫਿਰ ਮਿਲਣਾ ਪਰਸ਼ਾਦ
ਆਉਂਦੀ ਏ ਖੁਸ਼ਬੋ
ਹੁੰਦੀ ਏ ਅਰਦਾਸ
ਖੁਆਰ ਹੋਏ ਸਭ ਮਿਲਹਿੰਗੇ
ਬਚੇ ਸ਼ਰਨ ਜੋ ਹੋਇ
ਖੁਆਰ ਹੋਇਆਂ ਤੇ ਸ਼ਰਨ ਪਿਆਂ ਦੇ ਬੱਚੇ
ਕਰਦੇ ਨੇ ਅਰਦਾਸ
ਫਿਰ ਵੀ ਮੈਨੂੰ ਡਰ ਲੱਗਦਾ ਹੈ
ਪਤਾ ਨਹੀਂ ਇਹ ਕਿਹੋ ਜਿਹੇ ਨਿਕਲਣਗੇ
ਵੱਡੇ ਹੋ ਕੇ
ਬਹੁਤੇ ਹੋ ਕੇ
ਅਪਣੇ ਡਰ ਤੋਂ ਡਰ ਕੇ
ਸ਼ਰਮਸਾਰ ਹੋ ਕਰਦਾ ਹਾਂ ਅਰਦਾਸ:
ਜੋ ਜਿਸ ਧਰਤੀ ਜੰਮੇ ਜਾਏ
ਉਸਨੂੰ ਏਥੇ ਈ ਰਿਜ਼ਕ ਥਿਆਏ
ਇਹ ਕਿਉਂ ਕਿਸੇ ਦੇ ਹਿੱਸੇ ਆਏ
ਬੈਸਣ ਬਾਰ ਪਰਾਏ
ਜਿੱਥੇ ਲੋਕੀਂ ਆਖਣ ਸਾਨੂੰ
ਇਹ ਕਿੱਥੋਂ ਦੇ ਜੰਮੇ ਜਾਏ
ਮੈਲ਼-ਕੁਚੈਲ਼ੇ ਕਾਲ਼ੇ ਪੀਲ਼ੇ ਭੂਰੇ ਪਾਕੀ
ਏਥੇ ਆਏ
ਜਾਂ ਫਿਰ ਸਾਰੀ ਧਰਤੀ ਇਕ ਹੋ ਜਾਏ
ਕੋਈ ਨਾ ਕਹੇ ਪਰਾਏ
ਇਹ ਮੇਰੀ ਅਰਦਾਸ
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ॥
ਅਰਦਾਸ
ਏਸ ਕਲਮ ਦੀ ਨੋਕ ਹੈ, ਤਿੱਖੀ ਖੰਡਿਓਂ ਧਾਰ।
ਡਾਢਾ ਬਿਖੜਾ ਪਾਵਣਾ ਇਸ ਲਿਖਣੀ ਦਾ ਸਾਰ॥
ਹੱਥ ਬੰਨ੍ਹ ਕੇ ਮੈਂ ਖੜ੍ਹਾ ਮਨ ਵਿਚ ਲੈ ਫ਼ਰਿਆਦ।
ਕਦ ਮੈਨੂੰ ਵੀ ਮਿਲ਼ੇਗਾ ਕਲਮ ਦਾ ਪ੍ਰਸਾਦ॥
ਕੌਲ ਨਿਭਾਵਾਂ ਕਲਮ ਦਾ, ਮਨ ਵਿਚ ਬਲ਼ਦੀ ਸਾਂਗ।
ਏਸ ਕਲਮ ਦੀ ਪ੍ਰੀਤ ਹੈ, ਮੁਕਤੀ ਦੀ ਨਾ ਤਾਂਘ॥
ਕਾਗਤ ਮਿੱਟੀ, ਕੰਬਦੀ ਉਂਗਲ਼, ਅੱਖਰ ਏਕਮਕਾਰ।
ਸਿੱਖਾਂ, ਭੁੱਲਾਂ, ਮੁੜ ਲਿਖਾਂ; ਜਨਮ ਲਵਾਂ ਕਈ ਵਾਰ॥
(ਲੰਮੀ ਕਵਿਤਾ ਲਿਖਣਸਰ ਵਿੱਚੋਂ)
ਦੁਆ
ਮੇਰੀਆਂ ਲੱਖ ਦੁਆਵਾਂ ਉਨ ਕੋ
ਜਿਨ੍ਹਾਂ ਦੇ ਹੁੰਦਿਆਂ ਮੈਂ ਹੁੰਦਾ ਹਾਂ –
ਇਸ ਦੁਨੀਆ ਵਿਚ ਆਉਂਦਾ ਤੱਕਿਆ ਅਪਣਾ ਪੁੱਤਰ
ਰੱਬ ਦੇ ਬੰਦੇ
ਯਾਰੜੇ ਮਿਤਰ
ਘਰ ਦੀ ਵਲਗਣ
ਤੇਰੀ ਕਾਇਆ।
ਮੇਰੀਆਂ ਲੱਖ ਸਲਾਮਾਂ ਉਨ ਕੋ
ਜਿਨ੍ਹਾਂ ਦਾ ਦਿੱਤਾ ਸੱਭੋ ਕੁਝ ਹੈ –
ਥਰ-ਥਰ ਜੀਉੜਾ
ਕਾਠ ਕੀ ਰੋਟੀ
ਅੱਖ ਦਾ ਪਾਣੀ
ਮਿਹਰ ਦਾ ਭਰਿਆ ਕਾਸਾ।
ਮੇਰੀਆਂ ਲੱਖ ਅਸੀਸਾਂ ਉਨ ਕੋ –
ਜੋ ਹਰ ਦਮ ਹੁੰਦੇ
ਕਦੇ ਵੀ ਹੁੰਦੇ-ਸੀ ਨਹੀਂ ਹੁੰਦੇ
ਨਾਲ਼ ਮੇਰੇ ਜੋ ਉੱਠਦੇ ਬਹਿੰਦੇ
ਹੱਸਦੇ ਰੋਂਦੇ
ਮੇਰੀਆਂ ਬਾਹਵਾਂ ਹੱਥੀਂ ਛਾਵਾਂ
ਮੇਰੀਆਂ ਲੱਖ ਦੁਆਵਾਂ ਉਨ ਕੋ॥
ਪੁਲ਼
ਰੱਬ ਸਲਾਮਤ ਰੱਖੇ
ਉਨ੍ਹਾਂ ਪੁਲ਼ਾਂ ਨੂੰ
ਜਿਨ੍ਹਾਂ ‘ਤੋਂ ਦੀ ਲੰਘ ਕੇ ਮੈਂ ਇਥੇ ਅਪੜਿਆ ਹਾਂ
ਪੁਲ਼ ਏਨੇ ਕਿ ਉਨਾਂ੍ਹ ਨੂੰ ਮਿਲਾਇਆਂ
ਕਿਤੇ ਪਹੁੰਚਣ ਦਾ ਪੂਰਾ ਰਸਤਾ ਬਣ ਜਾਏ
ਪੁਲ਼ ਸੜਕ ਦਾ ਨਿੱਕਾ-ਜਿਹਾ ਅੰਗ
ਚੀਚੀ ਨੂੰ ਹੀ ਮਿਲ਼ਦੀ ਹੈ ਵਡਿਆਈ ਮੁੰਦਰੀ ਦੀ
ਪੁਲ਼ ਰਸਤੇ ਦਾ ਮਾਣ ਰਖਦਾ ਹੈ
ਰਸਤੇ ਕਰਕੇ ਈ ਬਣਦਾ ਹੈ ਪੁਲ਼
ਪੁਲ਼ ਅਪਣੇ ਸਿਰਜਕ ਦਾ ਮਾਣ ਰਖਦਾ ਹੈ
ਇਨਸਾਨ ਇਨਸਾਨ ਦਾ ਮਾਣ ਰਖਦਾ ਹੈ ਦੂਜੇ ਦਾ ਪੁਲ਼ ਬਣ ਕੇ
ਮੈਂ ਅੱਜ ਇਥੇ ਅਪੜਿਆਂ ਹਾਂ
ਪੰਧ ਹਾਲੇ ਹੋਰ ਵੀ ਹੈ
ਹੋਰ ਵੀ ਆਉਣਗੇ ਰਸਤੇ ਵਿਚ ਪੁਲ਼
ਮੈਂ ਉਨ੍ਹਾਂ ਪੁਲ਼ਾਂ ਦੀ ਖ਼ੈਰ ਮੰਗਦਾ ਹਾਂ ਇਸ ਵੇਲੇ
ਰਹਿਰਾਸ ਦੇ ਵੇਲੇ
ਲਿਸ਼ਕਦੇ ਬੱਦਲ਼ਾਂ ਓਹਲਿਓਂ
ਧੁੱਪ ਦੀ ਝੜੀ ਸੀ ਲੱਗੀ
ਧੁੱਪ ਡੁੱਲ੍ਹਦੀ ਸੀ ਵਰ੍ਹਦੀ ਸੀ ਘੁਲ਼ਦੀ ਸੀ
ਜਿਉਂ ਪਾਣੀ ਵਿਚ ਲਲਾਰੀ ਡਲ਼ੀ ਰੰਗ ਦੀ ਪਾਈ
ਫਿਰ ਤਰਦੀ ਖੁਰਦੀ ਫਿਰ ਰਚਦੀ
ਜਿਉਂ ਗਾਵਣਹਾਰੇ ਕੋਮਲ ਸੁਰ ਗੰਧਾਰੀ* ਲਾਈ
*ਗੰਧਾਰੀ: ਆਕਾਸ਼
ਰਹਿਰਾਸ ਦੇ ਵੇਲੇ
ਤਲ਼ੀ ’ਤੇ ਰੱਖ ਹਵਾ ਵਲ ਉੜਾਈ ਚੁੰਮੀ
ਅੱਖੀਆਂ ਮੁੰਦ ਉਸ
ਸਿਰ ’ਤੇ ਲੈ ਕੇ ਪੱਲਾ
ਮਨ ਵਿਚ ਧਾਰ ਕੇ
ਵਰ੍ਹਦੀ ਡੁੱਲ੍ਹਦੀ ਧੁੱਪ ਵਸਾ ਕੇ
ਪਾਣੀ ਦੇ ਵਿਚ ਰਚਦੀ ਮਿਚਦੀ
ਇਕ-ਮਿਕ ਹੁੰਦੀ ਨੀਲ ਸਿਆਹੀ
ਉਸ ਸਿਆਹੀ ਨਾਲ਼ ਕਵੀ ਨੇ
ਲਿਖੀ ਇਹ ਕਵਿਤਾ
ਧੁੱਪ ਦੇ ਕਾਗਤ ਉੱਤੇ
ਰਹਿਰਾਸ ਦੇ ਵੇਲੇ
ਇਨ੍ਹਾਂ ਔਖਿਆਂ ਦਿਨਾਂ ਵਿਚ
ਸੋਹਣਿਆ
ਬੂਹੇ ਬੰਦ ਪਏ ਹੁੰਦੇ ਮਸੀਤਾਂ ਦੇ
ਤੇ ਜਿੰਦਰੇ ਲੱਗ ਗਏ ਸਾਡੇ ਕਾਬੇ ਨੂੰ
ਕਿਰਾਤ ਕਰਦੇ ਮੌਲਵੀ ਦੀ ਆਵਾਜ਼ ਇਚ
ਹਿਚਕੀਆਂ ਦੀ ਅੜਕਨ
ਸਾਫ਼ ਪਈ ਸੁਣੀਂਦੀ ਏ
ਰੌਣ ਸਿਆਪੇ ਵਾਲ਼ੀ ਕੰਧ ਦੇ ਸਾਮ੍ਹਣੇ
ਰੋਣ-ਸਿਆਪੇ ਦੀ ਮਨਾਹੀ ਏ
ਵੈਟੀਕਨ ਸਿਟੀ ਦਾ
ਲਾਟ ਪਾਦਰੀ
ਬਾਰੀ ਰਾਹੀਂ
ਲੱਗੇ ਵਿਹੜੇ ਵਿਚ ਅਪਣਾ
ਸਰਮਨ ਲੁਧ ਕੇ ਜਾ ਚੁੱਕਿਆ ਏ
ਬਨਾਰਸ ਦੇ ਪ੍ਰੋਹਤ
ਅਪਣੇ ਵਜਾਏ ਟੱਲ
ਬੱਸ ਆਪ ਹੀ ਪਏ ਸੁਣਦੇ ਨੇ
ਹੂ-ਹੱਕ* ਏ ਚਾਰ ਚੁਫੇਰੇ *ਸੰਨਾਟਾ
ਦੱਸਦੇ ਨੇ
ਹੱਥ ਮਿਲਣੀ ਮੌਤ ਸੁਨੇਹਾ ਏ
ਤੇ ਚਿਤਾਵਨੀ ਏ
ਦੂਰ ਰਹੋ ਇਕ ਦੂਜੇ ਤੋਂ
ਘੱਟੋ-ਘੱਟ ਸਤ ਫ਼ੁੱਟ
ਤਰੱਠੀਆਂ* ਅੱਖਾਂ ਨਾਲ਼ *ਡਰੀਆਂ
ਇਕ ਦੂਜੇ ਨੂੰ ਵੇਖਣ ਦੀ ਸੌਖ
ਪਤਾ ਨਹੀਂ ਹੋਰ ਕਿੰਨੇ ਕੁ ਦਿਨ ਹੈ?
ਰੋਜ਼ ਵਿਖਾਂਦੇ ਨੇ ਚੈਨਲਾਂ ਉੱਤੇ
ਤੇਰੇ ਘਰ ਦਾ ਤਵਾਫ਼ ਕਰਦੇ
ਚਿੱਟੇ ਤੇ ਘਸਮੈਲ਼ੇ ਕਬੂਤਰ
ਤੇ ਮੰਦਰਾਂ ਦੁਆਲੇ ਲਾਂਵਦੀਆਂ
ਚਿੜੀਆਂ ਦੀਆਂ ਡਾਰਾਂ
ਇਟਲੀ ਦਿਆਂ ਸੁੰਞੀਆਂ ਗਲ਼ੀਆਂ
ਤੇ ਉਨ੍ਹਾਂ ਗਲ਼ੀਆਂ ਦੇ
ਬੰਦ ਘਰਾਂ ਦੀਆਂ ਖੁੱਲ੍ਹੀਆਂ ਬਾਰੀਆਂ ਵਿੱਚੋਂ
ਮੂੰਹ ਕੱਢ ਕੇ ਗਾਉਣ ਗਾਉਂਦੇ ਲੋਕ
ਜਿਹੜੇ ਜੀਵਣਾ ਚਾਉਂਦੇ ਨੇ
ਜੀਵਨ ਦੇ ਨੇ
ਹੱਸਣ ਵੱਸਣ ਦੇ ਸਾਨੂੰ
ਸੋਹਣਿਆ
ਸਾਡੇ
ਹੱਸਿਆਂ ਵਸਿਆਂ
ਤੇਰਾ ਕੀ ਜਾਣਾ ਏ
ਅਬਾਬੀਲਾਂ ਕੋਲੋਂ
ਹਾਥੀ ਮਰਵਾਣ ਵਾਲ਼ਿਆ ਰੱਬਾ!
ਕੀ ਇਹ ਸਾਡੇ ਅੰਦਰਾਂ ਵਿਚ ਬੈਠੇ
ਲੋਭ ਕ੍ਰੋਧ ਦੇ ਹਾਥੀ
ਮਾਰਨ ਦਾ ਸਿਰਬੰਧ ਕੀਤਾ ਈ
ਯਾਂ ਹੁਕਮ ਪਿਆ ਦੇਨਾ ਐਂ
ਕਿਸੇ ਹੋਰ ਢੰਗ ਦੀ ਜੀਵਨੀ ਜੀਵਨ ਦਾ
ਰੱਬਾ ਸੋਹਣਿਆ?
ਅਰਦਾਸ
ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈਂ
ਥੋੜ੍ਹੀ ਤੋਂ ਥੋੜ੍ਹੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈਂ
ਹਰ ਪਰ ਨੂੰ ਪਰਵਾਜ਼ ਤੇ ਹਰ ਪੇਟ ਨੂੰ ਦਾਣਾ ਮਿਲ਼ੇ
ਸਭ ਜੜ੍ਹਾਂ ਨੂੰ ਮਿੱਟੀ ਦਈਂ ਸਿਖਰਾਂ ਨੂੰ ਆਕਾਸ ਦਈਂ
ਸੁੱਖ ਲਈ ਤਰਲਾ ਅਤੇ ਦੁੱਖ ਤੋਂ ਇਨਕਾਰ ਨਹੀਂ ਪਰ
ਦੁੱਖ ਨਾਲ ਸ਼ਿਕਵੇ ਦੀ ਥਾਂ ਜਿਗਰਾ ਦਈਂ ਧਰਵਾਸ ਦਈਂ
ਲੋਅ ਦਾ ਝੂਠਾ ਚਾਅ ਤੇ ਨੇਰ੍ਹੇ ਦਾ ਸੱਚਾ ਖ਼ੌਫ਼ ਨਾ ਦਈਂ
ਦਿਨੇਂ ਜਗਦੀ ਅੱਖ ਦਈਂ ਰਾਤੀਂ ਜਗਦੀ ਆਸ ਦਈਂ
ਮੈਂ ਮੈਂ ਮੇਰੀ ਤੇ ਓਸ ਦੀ ਤੂੰ ਤੂੰ ਮੈਂ ਮੈਂ ਨਾ ਬਣੇ
ਹੋਵੇ ਨਾ ਭਾਵੇਂ ਏਕਤਾ ਪਰ ਸੁੱਚਾ ਸਹਿਵਾਸ ਦਈਂ
ਜ਼ਿੰਦਗੀ ਬਿਨ ਸ਼ਹਿਰ ਤੇ ਵਣ ਤੋਂ ਬਿਨ ਨਾ ਜ਼ਿੰਦਗੀ
ਜਿਉਣ ਜੋਗੇ ਸ਼ਹਿਰ ਨੂੰ ਬਣਦਾ ਸਰਦਾ ਵਣਵਾਸ ਦਈਂ
ਦੁੱਖ ਤੋਂ ਡਰਦੀ ਮਾਂ
ਦੁੱਖ ਤੋਂ ਬਹੁਤ ਡਰਦੀ ਮੇਰੀ ਮਾਂ,
ਕੰਬਦੇ ਬੁੱਲ੍ਹਾਂ ਨਾਲ਼ ਦੋ ਅਰਦਾਸਾਂ ਕਰਦੀ ਹੈ:
ਦਾਤਾ! ਸਾਡੀ ਸੁਪਨਿਆਂ ਵਿਚ ਕੱਟ ਦੇਵੀਂ।
ਦਾਤਾ! ਸੂਲ਼ੀ ਦਾ ਕੰਡਾ ਬਣਾ ਦੇਵੀਂ।
ਦੁੱਖ ਤੋਂ ਸੁੱਖ ਬਣੇ ਕਿ ਨਾ
ਕੀ ਪਤਾ!
ਦੁੱਖ ਨੂੰ ਸਹਿਣ ਦੀ ਇਹ ਅਰਦਾਸ ਮੈਨੂੰ ਬੜੀ ਚੰਗੀ ਲੱਗੀ।
ਇਹ ਅਰਦਾਸ ਭਾਸ਼ਾ ਦਾ ਚਮਤਕਾਰ ਹੈ।
ਭਾਸ਼ਾ ਦੁੱਖ ਨੂੰ ਅੱਧਾ ਕਰ ਸਕਦੀ,
ਸੁੱਖ ਨੂੰ ਦੂਣਾ ਕਰ ਸਕਦੀ ਹੈ।
ਪਰ ਸੁਪਨੇ ਵਿਚ ਜੋ ਕੱਟਦੀ ਹੈ,
ਉਹ ਵੀ ਬੜਾ ਦੁੱਖ ਦੇਂਦੀ ਹੈ,
ਸੁਪਨੇ ਵਿਚ ਅਸੀਂ ਮਰ ਰਹੇ ਹੁੰਦੇ ਹਾਂ,
ਪਰ ਸਾਨੂੰ ਕੋਈ ਬਚਾਉਣ ਨਹੀਂ ਆਉਂਦਾ।
ਜਾਨ ਬਚਾਉਣ ਲਈ ਦੌੜਦਿਆਂ
ਸੁੱਤਿਆਂ ਪਿਆਂ ਵੀ ਕਮੀਜ਼ ਭਿੱਜ ਜਾਂਦੀ ਹੈ,
ਸੁਪਨੇ ਵਿਚ ਸਾਡੇ ਲਈ ਕੋਈ ਦਲੀਲ ਨਹੀਂ ਕਰਦਾ,
ਸੁਪਨੇ ਵਿਚ ਆਪ ਨੂੰ ਨਿਹੱਥਾ ਤੇ ਇਕੱਲਾ ਵੇਖ ਕੇ,
ਦਿਲ ਡੁੱਬ ਜਾਂਦਾ ਹੈ।
ਅੰਤਕਾਰ ਇਹ ਮਾੜਾ ਸੁਪਨਾ ਟੁੱਟ ਜਾਂਦਾ ਹੈ,
ਪਰ ਸੂਲ਼ੀ ਦਾ ਬਣਿਆ ਕੰਡਾ ਹਰ ਵੇਲੇ ਚੁੱਭਦਾ ਰਹਿੰਦਾ ਹੈ।
ਅਰਦਾਸ
ਕਿਰਨਾਂ ਵਾਂਗਰ ਨੰਗੇ ਹੋ ਹੋ
ਇਕ ਅੰਗੇ, ਇਕ ਰੰਗੇ ਹੋ ਹੋ
ਪਾਵਨ ਜਮਨਾ, ਗੰਗੇ ਹੋ ਹੋ
ਰਾਵੀ, ਝਨਾਂ ਤਰੰਗੇ ਹੋ ਹੋ
ਨਿੰਮ, ਨਸੂੜੇ, ਜੰਡੇ ਹੋ ਹੋ
ਗੁੰਦੇ ਫੁੱਲ, ਕਦੰਬੇ ਹੋ ਹੋ
ਗਿਰੀ-ਗੋਵਰਧਨ ਕੰਗੇ ਹੋ ਹੋ
ਬੇਰੀ ਸਾਹਿਬ ਕੰਡੇ ਹੋ ਹੋ
ਸਰਪਾਂ, ਮਣੀਆਂ ਚੰਦੇ ਹੋ ਹੋ
ਵਣ ਤਿੱਤਰ ਦੇ ਖੰਭੇ ਹੋ ਹੋ
ਮੂਲ ਸਵਾਸ, ਮੁਕੰਦੇ ਹੋ ਹੋ
ਜੋਤੀ ਰੂਪ ਜਲੰਦੇ ਹੋ ਹੋ
ਸੂਲੀ ‘ਤੇ ਲਟਕੰਦੇ ਹੋ ਹੋ
ਪੀੜਾਂ ਵੱਜਦੇ ਘੰਡੇ ਹੋ ਹੋ
ਅਗਨਕੁੰਟ ਪਰਚੰਡੇ ਹੋ ਹੋ
ਅਰਕ, ਬਰਕ, ਸਰਹੰਗੇ ਹੋ ਹੋ
ਹਰਿਚੰਦਨ ਪ੍ਰਸੰਗੇ ਹੋ ਹੋ
ਖ਼ਾਕੀਪੋਸ਼, ਖਤੰਗੇ ਹੋ ਹੋ
ਬਲ ਬਲ ਮਰੇ ਪਤੰਗੇ ਹੋ ਹੋ
ਤੂੰ ਤੇ ਮੈਂ ਜਗਦੰਬੇ ਹੋ ਹੋ
ਚੰਗੇ ਹੋ ਹੋ, ਮੰਦੇ ਹੋ ਹੋ
ਆਪਾਂ ਮਿਲ਼ੀਏ ਬੰਦੇ ਹੋ ਹੋ