ਨਵੀਂ ਦਿੱਲੀ, 6 ਅਗਸਤ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਾਰੋਬਾਰੀ ਵਿਜੇ ਮਾਲਿਆ ਵਲੋਂ ਦਾਇਰ ਪਟੀਸ਼ਨ, ਜਿਸ ਰਾਹੀਂ ਸਿਖਰਲੀ ਅਦਾਲਤ ਦੇ 2017 ਦੇ ਆਦੇਸ਼ ’ਤੇ ਰੀਵਿਊ ਦੀ ਮੰਗ ਕੀਤੀ ਗਈ ਸੀ, ’ਤੇ ਸੁਣਵਾਈ 20 ਅਗਸਤ ਨੂੰ ਹੋਵੇਗੀ। ਸੁਪਰੀਮ ਕੋਰਟ ਨੇ 2017 ਵਿੱਚ ਮਾਲਿਆ ਨੂੰ 40 ਮਿਲੀਅਨ ਅਮਰੀਕੀ ਡਾਲਰ ਆਪਣੇ ਬੱਚਿਆਂ ਦੇ ਖਾਤਿਆਂ ਵਿੱਚ ਤਬਦੀਲ ਕਰਨ ਕਰਕੇ ਅਦਾਲਤੀ ਹੱਤਕ ਦਾ ਦੋਸ਼ੀ ਪਾਇਆ ਸੀ। ਇਸ ਮਾਮਲੇ ਦੀ ਸੁਣਵਾਈ ਵੀਡੀਓ-ਕਾਨਫਰੰਸਿੰਗ ਜ਼ਰੀਏ ਜਸਟਿਸ ਯੂ.ਯੂ. ਲਲਿਤ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕੀਤੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਇਸ ਕਰਕੇ ਅੱਗੇ ਪਾ ਦਿੱਤੀ ਕਿਉਂਕਿ ਇੱਕ ਦਸਤਾਵੇਜ਼ ਰਿਕਾਰਡ ਵਿਚ ਮੌਜੂਦ ਨਹੀਂ ਸੀ। ਸਿਖਰਲੀ ਅਦਾਲਤ ਨੇ ਜੂਨ ਵਿੱਚ ਆਪਣੀ ਰਜਿਸਟਰੀ ਨੂੰ ਆਦੇਸ਼ ਦਿੱਤਾ ਸੀ ਕਿ ਮਾਲਿਆ ਦੀ ਰੀਵਿਊ ਪਟੀਸ਼ਨ ਨੂੰ ਸਬੰਧਤ ਅਦਾਲਤ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਨਾ ਲਾਏ ਜਾਣ ਦੇ ਕਾਰਨ ਦੱਸੇ ਜਾਣ।
-ਪੀਟੀਆਈ