ਮੁੰਬਈ, 27 ਅਗਸਤ
ਚਾਰ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਰੋਹਤਾਂਗ ਸੁਰੰਗ ਅਗਲੇ ਮਹੀਨੇ ਖੁੱਲ੍ਹਣ ਲਈ ਤਿਆਰ ਹੈ। ਤਿੰਨ ਹਜ਼ਾਰ ਮੀਟਰ ਤੋਂ ਵੱਧ ਦੀ ਉਚਾਈ ’ਤੇ ਸਥਿਤ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਬਣਾਉਣ ਦਾ ਕੰਮ ਕਰੀਬ ਦਹਾਕੇ ਪਹਿਲਾਂ ਸ਼ੁਰੂ ਹੋਇਆ ਸੀ। ਰੋਹਤਾਂਗ ਸੁਰੰਗ ਦਾ ਉਦਘਾਟਨ ਸਤੰਬਰ ਦੇ ਅੱਧ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ। 9.02 ਕਿਲੋਮੀਟਰ ਲੰਬੀ ਅਟਲ ਟਨਲ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਮ ’ਤੇ ਰੱਖਿਆ ਗਿਆ ਹੈ ਜੋ ਰੋਹਤਾਂਗ ਦੱਰੇ ਤੋਂ ਹੇਠਾਂ ਦੀ ਗੁਜ਼ਰੇਗੀ। ਸੁਰੰਗ ਸਾਢੇ 10 ਮੀਟਰ ਚੌੜੀ ਅਤੇ ਇਸ ਦੀ ਉਚਾਈ 5.52 ਮੀਟਰ ਹੈ। ਸੁਰੰਗ ਦੇ ਅੰਦਰ ਕਾਰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ। ਇਸੇ ਸੁਰੰਗ ਦੇ ਨਾਲ ਹੀ ਇਕ ਹੋਰ ਸੁਰੰਗ ਬਣਾਈ ਗਈ ਹੈ ਤਾਂ ਜੋ ਕਿਸੇ ਮੁਸ਼ਕਲ ਵੇਲੇ ਇਸ ਦੀ ਵਰਤੋਂ ਕੀਤੀ ਜਾ ਸਕੇ। -ਪੀਟੀਆਈ