ਖ਼ਾਸ ਦਿਨ ਦਾ ਕੌੜਾ ਸੱਚ
6 ਅਗਸਤ ਨੂੰ ਸਵਰਾਜਬੀਰ ਦਾ ਸੰਪਾਦਕੀ ‘ਇਕ ਖ਼ਾਸ ਦਿਨ’ 5 ਅਗਸਤ ਨੂੰ ਇਕ ਪਾਸੇ ਰਾਮ ਮੰਦਰ ਦੀ ਉਸਾਰੀ ਅਤੇ ਦੂਜੇ ਪਾਸੇ ਕਸ਼ਮੀਰ ਵਿਚ ਵਿਸ਼ੇਸ਼ ਦਰਜਾ ਹਟਾਏ ਜਾਣ ਦੇ ਪ੍ਰਸੰਗ ਵਿਚ ਦੇਖਦਾ ਹੈ। 5 ਅਗਸਤ ਨੇ ਬਿਨਾਂ ਸ਼ੱਕ ਭਾਰਤ ਦੀਆਂ ਦੋ ਘਟਨਾਵਾਂ ਨੂੰ ਆਪਣੇ ਅੰਦਰ ਸਮੇਟ ਲਿਆ ਹੈ ਜਿਸ ਦੀ ਪੋਟਲੀ ਹਰ ਸਾਲ ਖੁੱਲ੍ਹਿਆ ਕਰੇਗੀ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਕਿਸੇ ਵੀ ਧਰਮ ਨੂੰ ਨਹੀਂ ਅਪਣਾਇਆ। ਹੁਣ ਦੀ ਦਿਸ਼ਾ ਬੇਖੌਫ਼ ਹੋ ਕੇ ਭਾਰਤ ਨੂੰ ਧਾਰਮਿਕ ਦੇਸ਼ ਦਾ ਖ਼ਿਤਾਬ ਦਿਵਾਉਣ ਵੱਲ ਵਧ ਰਹੀ ਹੈ। ਸੁਪਰੀਮ ਕੋਰਟ ਵਿਚ ਰਿੱਟਾਂ ਐਵੇਂ ਨਹੀਂ ਪੈ ਰਹੀਆਂ ਕਿ ਭਾਰਤ ਦੇ ਸੰਵਿਧਾਨ ਵਿਚੋਂ ‘ਧਰਮ ਨਿਰਪੱਖ’ ਤੇ ‘ਸਮਾਜਵਾਦੀ’ ਲਫ਼ਜ਼ ਕੱਢ ਦਿੱਤੇ ਜਾਣ। ਅੱਜ ਭਾਰਤ ਦੇ ਲੋਕਾਂ ਨੂੰ ਚਿੰਤਨ ਕਰਨਾ ਪਵੇਗਾ ਕਿ ਭਾਰਤ ਧਾਰਮਿਕ ਦੇਸ਼ ਠੀਕ ਰਹੇਗਾ ਜਾਂ ਧਾਰਮਿਕ ਨਿਰਪੱਖ? ਕੀ ਲੋਕਾਂ ਦੇ ਆਰਥਿਕ ਤੇ ਸਵੈ-ਨਿਰਭਰਤਾ ਦੇ ਮੁੱਦੇ ਵੱਡੇ ਹਨ ਜਾਂ ਧਾਰਮਿਕ? ਕੀ ਧਰਮ ਨਿੱਜੀ ਮਸਲਾ ਹੀ ਠੀਕ ਰਹੇਗਾ ਜਾਂ ਸਰਕਾਰ ਦਾ ਮਸਲਾ?
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਸਦਾਕੋ ਦੀਆਂ ਕੂੰਜਾਂ
6 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਰਣਜੀਤ ਲਹਿਰਾ ਦਾ ਮਿਡਲ ‘ਸਦਾਕੋ ਅਤੇ ਇਕ ਹਜ਼ਾਰ ਕੂੰਜਾਂ’ ਪੜ੍ਹਿਆ ਜਿਹੜਾ ਸੰਵੇਦਨਸ਼ੀਲ ਮਨਾਂ ’ਤੇ ਗਹਿਰੇ ਪ੍ਰਭਾਵ ਪਾਉਂਦਾ ਹੈ। ਨਿੱਕੇ ਨਿੱਕੇ ਬੱਚਿਆਂ ਨੂੰ ਜੰਗ ਦੀ ਭੱਠੀ ’ਚ ਝੋਕਣਾ ਅਤੇ ਮਚਾ ਦੇਣ ਦੇ ਦੁੱਖ ਸੁਣਨੇ ਹੀ ਅਸਹਿ ਹਨ। ਜ਼ਿੰਦਗੀ ਨੂੰ ਜੀਣ ਦੀ ਲੋਚਾ ਰੱਖਣਾ, ਇਸ ਨੂੰ ਬਚਾਉਣ ਲਈ ਕਾਲਪਨਿਕ ‘ਮਿੱਥਾਂ’ ਦਾ ਸਹਾਰਾ ਲੈਣ ਦੇ ਬਾਵਜੂਦ ਸਦਾਕੋ ਦੀ ‘ਜ਼ਿੰਦਗੀ’ ਦਾ ਮੌਤ ਹੱਥੋਂ ਹਾਰ ਜਾਣਾ ਬੜੀ ਹੀ ਦੁਖਦਾਈ ਗੱਲ ਹੈ। ਇਹੋ ਜਿਹੀਆਂ ਅਨੇਕਾਂ ਮਾਸੂਮ ਬਾਲੜੀਆਂ ਦੀਆਂ ਰੀਝਾਂ, ਤਾਂਘਾਂ, ਆਸਾਂ, ਉਮੀਦਾਂ, ਸੁਪਨਿਆਂ ਦਾ ਮਰ ਜਾਣਾ ਬੜਾ ਹੀ ਦਿਲ ਕੰਬਾਊ ਹੈ ਪਰ ਅਫ਼ਸੋਸ ! ਯੁੱਧਾਂ ਦੇ ਇਹੋ ਜਿਹੇ ਡਰਾਉਣੇ ਪ੍ਰਮਾਣ ਸਾਹਮਣੇ ਹੁੰਦਿਆਂ ਵੀ ਮਨੁੱਖ ਇਤਿਹਾਸ ਤੋਂ ਕੋਈ ਸਬਕ ਸਿੱਖਣ ਲਈ ਤਿਆਰ ਨਹੀਂ ਸਗੋਂ ਅੱਜ ਵੀ ਪਰਮਾਣੂ ਹਥਿਆਰਾਂ ਦੀ ਵਰਤੋਂ ਦੀਆਂ ਧਮਕੀਆਂ ਨਿੱਤ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਮਨੁੱਖਤਾ ਦੇ ਭਲਕ ਉੱਤੇ ਪਰਮਾਣੂ ਤਬਾਹੀ ਜਾਂ ਕਿਸੇ ਵੀ ਯੁੱਧ ਦੇ ਖ਼ਤਰੇ ਨੂੰ ਟਾਲਣ ਦੀ ਹਰ ਸੰਭਵ ਯਤਨ ਕਰਨ ਦੀ ਲੋੜ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)
ਤਾਲਾਬੰਦੀ ਯਾਦ ਆਈ
5 ਅਗਸਤ ਨੂੰ ਸਵਰਾਜਬੀਰ ਦਾ ਲੇਖ ‘ਇਕਲਾਪੇ ਦੇ ਅੰਤਹੀਣ ਵਰ੍ਹੇ ਅਤੇ ਪਿਛਲੇ 366 ਦਿਨ’ ਪੜ੍ਹਿਆ ਤਾਂ ਲੌਕਡਾਊਨ ਦੇ ਨਿਯਮ, ਸ਼ਰਤਾਂ, ਲਾਭ ਅਤੇ ਨੁਕਸਾਨ ਯਾਦ ਆਏ। ਸਮੱਸਿਆ ਦੇ ਹੱਲ ਬਗ਼ੈਰ ਅਸੀਂ 6 ਮਹੀਨੇ ਬਿਤਾ ਲਏ ਪਰ ਕਸ਼ਮੀਰ ਵਿਚ ਲੋਕਾਂ ਨੇ 366 ਦਿਨ ਬਿਤਾਏ ਹਨ ਤਾਲਾਬੰਦੀ ਦੌਰਾਨ ਕਿਸੇ ਨੂੰ ਸਰਕਾਰੀ ਯੋਜਨਾਵਾਂ ਅਤੇ ਹੋਰ ਚੀਜ਼ਾਂ ਨਾਲ ਲਾਭ ਪ੍ਰਾਪਤ ਹੋਇਆ ਪਰ ਜੰਮੂ-ਕਸ਼ਮੀਰ ਵਿਚ ਲੋਕਾਂ ਨੇ 366 ਦਿਨ ਬੇਹੱਦ ਮੁਸੀਬਤ ਵਾਲੇ ਬਿਤਾਏ ਹਨ। ਸਾਲ ਬੀਤ ਗਿਆ ਪਰ ਜੰਮੂ-ਕਸ਼ਮੀਰ ਨੂੰ ਬੁਰੇ ਹਾਲਾਤ ਤੋਂ ਰਾਹਤ ਨਹੀਂ ਮਿਲੀ। ਪਤਾ ਨਹੀਂ ਉਨ੍ਹਾਂ ਨੂੰ ਅਜੇ ਕਿੰਨਾ ਇੰਤਜ਼ਾਰ ਕਰਨਾ ਪੈਣਾ ਹੈ।
ਨਿਕਿਤਾ ਸ਼ਰਮਾ, ਈਮੇਲ
ਸਿਰੜੀ ਆਗੂ
5 ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸਤਿੰਦਰਪਾਲ ਸਿੰਘ ਦਾ ਲੇਖ ‘ਸਿਰੜੀ ਸੁਤੰਤਰਤਾ ਸੰਗਰਾਮੀ ਬਾਬਾ ਦਿਆਲ ਸਿੰਘ’ ਪੜ੍ਹਿਆ। ਦੇਸ਼ਭਗਤਾਂ ਦੀਆਂ ਕੁਰਬਾਨੀਆਂ ਦਾ ਚੇਤਾ ਆਇਆ। ਹੁਣ ਦੇ ਲੀਡਰਾਂ ਨੇ ਤਾਂ ਇਨ੍ਹਾਂ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਨੂੰ ਰੋਲ਼ ਕੇ ਰੱਖ ਦਿੱਤਾ ਹੈ। ਕਾਸ਼! ਸਾਨੂੰ ਅਜਿਹੇ ਸਿਰੜੀ ਆਗੂ ਲੱਭ ਪੈਣ।
ਜਸਵੰਤ ਸਿੰਘ, ਪਟਿਆਲਾ
ਕੌਮੀ ਸਿੱਖਿਆ ਨੀਤੀ
ਤਿੰਨ ਅਗਸਤ ਨੂੰ ਨਜ਼ਰੀਆ ਪੰਨੇ ਉੱਤੇ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਕੌਮੀ ਸਿੱਖਿਆ ਨੀਤੀ : ਕੀ ਪਾਇਆ ਕੀ ਗੁਆਇਆ’ ਪੜ੍ਹਿਆ। ਕਾਸ਼! ਪੰਜਾਬ ਦੀ ਸਿਆਸਤ/ਮੰਤਰੀ ਮੰਡਲ ਵਿਚ ਡਾ. ਸਰਦਾਰਾ ਸਿੰਘ ਜੌਹਲ ਅਤੇ ਡਾ. ਗਰਗ ਵਰਗੇ ਅਨੁਭਵੀ ਵਿਦਵਾਨ ਹੋਣ ਜਾਂ ਹੁੰਦੇ ਜਿਨ੍ਹਾਂ ਦੀਆਂ ਨੀਤਾਂ ਦੇ ਖ਼ਜ਼ਾਨੇ ਭਰੇ ਹੋਏ ਹਨ। ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਪੰਜਾਬ ਦੀ ਵਰਤਮਾਨ ਸਿਆਸਤ ਉੱਤੇ ਫ਼ਿਲਮ ਮੁਗ਼ਲੇ-ਆਜ਼ਮ ਦਾ ਨਗ਼ਮਾ ‘ਪਾਇਲ ਕੇ ਗ਼ਮੋਂ ਕਾ ਇਲਮ ਨਹੀਂ, ਝਨਕਾਰ ਕੀ ਬਾਤੇਂ ਕਰਤੇ ਹੈਂ’ ਐਨ ਢੁੱਕਦਾ ਹੈ।
ਨੈਬ ਸਿੰਘ ਪਿੱਥੋ, ਬਰੈਂਪਟਨ (ਕੈਨੇਡਾ)
ਧੀਆਂ ਦੀ ਉਡਾਣ
3 ਅਗਸਤ ਨੂੰ ਸ਼ਿਵੰਦਰ ਕੌਰ ਦਾ ਮਿਡਲ ‘ਧੀਆਂ ਦੀ ਉਡਾਣ’ ਪੜ੍ਹਿਆ। ਕੁੜੀਆਂ ਨੂੰ ਜਦੋਂ ਜਦੋਂ ਵੀ ਮੌਕਾ ਮਿਲਿਆ ਹੈ, ਉਨ੍ਹਾਂ ਨੇ ਬਹੁਤ ਕੁਝ ਕਰ ਦਿਖਾਇਆ ਹੈ ਪਰ ਸਾਡੇ ਸਮਾਜ ਦੀ ਜਗੀਰੂ ਰਹਿੰਦ-ਖੂੰਹਦ ਧੀਆਂ ਨੂੰ ਉਡਾਣ ਭਰਨ ਤੋਂ ਰੋਕਦੀ ਹੈ। ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਉਡਣ ਦੀ ਜਾਚ ਸਿਖਾਉਣੀ ਚਾਹੀਦੀ ਹੈ।
ਕਸ਼ਮੀਰ ਕੌਰ, ਫਰੀਦਕੋਟ