ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਅਗਸਤ
ਸ਼ਾਇਰ ਦਰਸ਼ਨ ਬੋਪਾਰਾਏ ਦੀ ਦੂਸਰੀ ਕਾਵਿ-ਕਿਤਾਬ ‘ਮਿੱਟੀ ਦੇ ਚੁੱਲ੍ਹੇ’ ਦਾ ਲੋਕ ਅਰਪਣ ਪੰਜਾਬੀ ਗ਼ਜ਼ਲ ਮੰਚ ਫਿਲੌਰ ਵੱਲੋਂ ਅਦਬੀ ਦਾਇਰਾ ਪੰਜਾਬ ਦੇ ਸਹਿਯੋਗ ਨਾਲ ਗੁਰਮਤਿ ਭਵਨ ਮੁੱਲਾਂਪੁਰ ਵਿਚ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਉਰਦੂ ਸ਼ਾਇਰ ਸਰਦਾਰ ਪੰਛੀ, ਭਗਵਾਨ ਢਿੱਲੋਂ ਅਤੇ ਜਗੀਰ ਸਿੰਘ ਪ੍ਰੀਤ ਨੇ ਕੀਤੀ। ਸਮਾਗਮ ਵਿਚ ਸਭ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਪ੍ਰੋ. ਰਾਕੇਸ਼ ਰਮਨ, ਰਾਹਤ ਇੰਦੌਰੀ ਅਤੇ ਭੂਰਾ ਸਿੰਘ ਕਲੇਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਦਰਸ਼ਨ ਬੋਪਾਰਾਏ ਨੇ ਆਪਣੀ ਕਿਤਾਬ ਵਿੱਚੋਂ ਕੁੱਝ ਚੋਣਵੀਂਆਂ ਨਜ਼ਮਾਂ ਸੁਣਾ ਕੇ ਦਰਸ਼ਕਾਂ ਨਾਲ ਸਾਂਝ ਪਾਈ। ਸਰਦਾਰ ਪੰਛੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ “ਜਿਸ ਕੌਮ ਮੇਂ ਅਹਿਲੇ ਕਲਮ ਪੈਦਾ ਹੂਆ ਵੋਹ ਕੌਮ ਮਰਤੀ ਨਹੀਂ”।
ਇਸ ਮੌਕੇ ਸ਼ਾਇਰ ਹਰਬੰਸ ਮਾਲਵਾ ਦੀ ਨਵ-ਪ੍ਰਕਾਸ਼ਿਤ ਕਾਵਿ-ਕਿਤਾਬ ‘ਸੁਪਨੇ ਉਲੀਕਦੀ ਹਵਾ’ ਦਾ ਵੀ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿਚ ਹੋਰਨਾ ਤੋਂ ਇਲਾਵਾ ਤਰਲੋਚਨ ਝਾਂਡੇ, ਅਜੀਤ ਪਿਆਸਾ, ਰਵਿੰਦਰ ਦੀਵਾਨਾ, ਕੇ ਸਾਧੂ ਸਿੰਘ, ਬੀਬਾ ਮਨੀਸ਼ਾ ਸਿੰਘ ਨੇ ਆਪੋ-ਆਪਣੇ ਤਾਜ਼ਾ ਕਲਾਮ ਪੇਸ਼ ਕੀਤੇ।