ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਗਸਤ
ਇੱਥੇ ਕੇਂਦਰੀ ਜੇਲ੍ਹ ਦੀ ਇਕ ਬੈਰਕ ਵਿਚੋਂ ਦੋ ਫੋਨ ਬਰਾਮਦ ਹੋਣ ਮਗਰੋਂ ਕੁਝ ਕੈਦੀਆਂ/ਹਵਾਲਾਤੀਆਂ ਨੇ ਸੁਰੱਖਿਆ ਅਧਿਕਾਰੀਆਂ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਡੀਐੱਸਪੀ (ਸੁਰੱਖਿਆ) ਵਰੁਣ ਸ਼ਰਮਾ ਸਿਰ ’ਚ ਰੋੜਾ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਊਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਹਮਲੇ ਵਿੱਚ ਦੋ ਜੇਲ੍ਹ ਵਾਰਡਰ ਵੀ ਜ਼ਖ਼ਮੀ ਹੋਏ ਹਨ। ਹਾਲਾਤ ਕਾਬੂ ਵਿੱਚ ਰੱਖਣ ਲਈ ਸੌ ਪੁਲੀਸ ਮੁਲਾਜ਼ਮਾਂ ਨੇ ਜੇਲ੍ਹ ਦੇ ਅੰਦਰ ਜਾ ਕੇ ਫਲੈਗ ਮਾਰਚ ਕੀਤਾ।
ਜੇਲ੍ਹ ਸੁਪਰਡੈਂਟ ਕਰਨਜੀਤ ਸੰਧੂ ਨੇ ਦੱਸਿਆ ਕਿ ਗੁਪਤ ਇਤਲਾਹ ਦੇ ਆਧਾਰ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਜੇਲ੍ਹ ਦੇ ਵਾਰਡ ਨੰਬਰ ਛੇ ਵਿਚੋੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ। ਇਹ ਫੋਨ ਟਿਊਬ ਰਾਡ ’ਚ ਛੁਪਾਏ ਹੋਏ ਸਨ। ਫੋਨ ਖੋਹਣ ਦੀ ਕੋਸ਼ਿਸ਼ ਦੌਰਾਨ ਕੁਝ ਕੈਦੀਆਂ ਨੇ ਪੁਲੀਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਅਤੇ ਫਿਰ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਡੀਐੱਸਪੀ ਤੇ ਦੋ ਵਾਰਡਰ ਜ਼ਖ਼ਮੀ ਹੋ ਗਏ।