ਸ੍ਰੀ ਮੁਕਤਸਰ ਸਾਹਿਬ: ਪਿੰਡ ਉਦੇਕਰਨ ਵਿੱਚ ਮੀਂਹ ਦੇ ਪਾਣੀ ਕਰ ਕੇ ਬੇਘਰ ਹੋਏ ਮਜ਼ਦੂਰਾਂ ਅਤੇ ਫਸਲਾਂ ਦੇ ਨੁਕਸਾਨ ਸਹਿਣ ਵਾਲੇ ਕਿਸਾਨਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਪਿੰਡ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਹਾਈਵੇਅ ਜਾਮ ਕਰਨ ਲਈ ਮਾਰਚ ਕੀਤਾ। ਡੀਐੱਸਪੀ ਮੁਕਤਸਰ ਦੇ ਭਰੋਸੇ ‘ਤੇ ਹਾਈਵੇ ਜਾਮ ਕਰਨ ਦਾ ਪ੍ਰੋਗਰਾਮ ਉਨ੍ਹਾਂ ਕੱਲ੍ਹ ਤੱਕ ਟਾਲ ਦਿੱਤਾ ਹੈ। ਸਭਾ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਪ੍ਰੀਤਮ ਸਿੰਘ ਹਰੀਕੇ ਕਲਾਂ ਤੇ ਸੰਤੋਖ ਸਿੰਘ ਫ਼ੌਜੀ ਅਤੇ ਹਰੀਚੰਦ ਬੀੜ ਸਰਕਾਰ ਨੇ ਕਿਹਾ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਮਜ਼ਦੂਰ ਬਸਤੀ ਵਿੱਚੋਂ ਪਾਣੀ ਕੱਢਵਾਏ ਤੇ ਤਰਪਾਲਾਂ ਸਣੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ, ਜਿਸ ਕਾਰਨ ਹੁਣ 6 ਜੁਲਾਈ ਨੂੰ ਡੀਸੀ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ। -ਨਿੱਜੀ ਪੱਤਰ ਪ੍ਰੇਰਕ