ਤਾਕਤ ਦਾ ਕੇਂਦਰੀਕਰਨ
5 ਅਗਸਤ ਦੇ ਸੰਪਾਦਕੀ ‘ਪੰਜਾਬ ਕਾਂਗਰਸ ਅੰਦਰ ਵਿਵਾਦ’ ਵਿਚ ਸਹੀ ਲਿਖਿਆ ਹੈ ਕਿ ਮੁੱਖ ਮੰਤਰੀ ਦੇ ਹੱਥਾਂ ਵਿਚ ਤਾਕਤ ਦਾ ਕੇਂਦਰਤ ਹੋਣਾ ਵੀ ਸਿਆਸਤ ਵਿਚ ਨਾਕਾਰਾਤਮਕ ਤਬਦੀਲੀ ਦਾ ਕਾਰਨ ਬਣਿਆ ਹੈ। ਕਰੋਨਾ ਨੂੰ ਵੀ ਮੁੱਖ ਮੰਤਰੀ ਨੇ ਹੋਰ ਹਾਕਮਾਂ ਵਾਂਗ, ਤਾਕਤ ਕੇਂਦਰਤ ਕਰਨ ਵਜੋਂ ਹੀ ਵਰਤਿਆ। ਸ਼ਰਾਬ ਕਾਰਨ ਹੋਈਆਂ ਮੌਤਾਂ ਅਤੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਗਵਰਨਰ ਕੋਲ ਸਵਾਲ ਉਠਾਉਣਾ ਵਧੀਆ ਗੱਲ ਹੈ। ਪਾਰਟੀ ਦੀਆਂ ਮੀਟਿੰਗਾਂ ’ਚ ਵਿਧਾਇਕਾਂ, ਸੰਸਦ ਮੈਂਬਰਾਂ ਆਦਿ ਵੱਲੋਂ ਦਿੱਤੇ ਸੁਝਾਵਾਂ ’ਤੇ ਗ਼ੌਰ ਕਰਨ ਨਾਲ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾਅ ਵੀ ਹੋ ਜਾਂਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਸਰਕਾਰੀ ਨੀਤੀਆਂ ਦੀ ਨੁਕਤਾਚੀਨੀ
4 ਅਗਸਤ ਨੂੰ ਡਾ. ਕੁਲਦੀਪ ਸਿੰਘ ਦਾ ਲੇਖ ‘ਕੌਮੀ ਸਿੱਖਿਆ ਨੀਤੀ : ਸਕੂਲੀ ਸਿੱਖਿਆ ਦਾ ਕੱਚ-ਸੱਚ’ ਪੜ੍ਹ ਕੇ ਲੱਗਾ, ਸਰਕਾਰੀ ਨੀਤੀਆਂ ਦੀ ਪੜਚੋਲ ਕਰਨ ਵੇਲੇ ਬੁੱਧੀਜੀਵੀਆਂ ਦਾ ਕੰਮ ਕੇਵਲ ਨੁਕਤਾਚੀਨੀ ਵਾਲਾ ਨਹੀਂ ਚਾਹੀਦਾ, ਸਗੋਂ ਭਵਿੱਖਮੁਖੀ ਚੰਗੀਆਂ ਨੀਤੀਆਂ ਦਾ ਸਵਾਗਤ ਵੀ ਕਰਨਾ ਬਣਦਾ ਹੈ। ਬਿਨਾ ਅਧਿਆਪਕਾਂ, ਨਿਗੂਣੀਆਂ ਸਹੂਲਤਾਂ ਅਤੇ ਘੱਟ ਵਿਦਿਆਰਥੀਆਂ ਵਾਲੇ ਗ਼ਰੀਬਾਂ ਦੇ ਘਰਾਂ ਨੇੜੇ ਬਣੇ ਸਕੂਲਾਂ ਦੀ ਥਾਂ ਜੇ ਸਰਕਾਰ 10 ਕਿਲੋਮੀਟਰ ਦੇ ਦਾਇਰੇ ਅੰਦਰ ਵਿਦਿਆਰਥੀਆਂ ਨੂੰ ਲਿਜਾਣ-ਛੱਡਣ ਦੀਆਂ ਸਹੂਲਤਾਂ ਨਾਲ ਬਹੁ-ਅਨੁਸ਼ਾਸਨੀ ਸੈਕੰਡਰੀ ਸਕੂਲ ਚਲਾਉਣ ਦੀ ਗੱਲ ਕਰਦੀ ਹੈ ਤਾਂ ਇਸ ਦਾ ਸਵਾਗਤ ਕਰਨਾ ਬਣਦਾ ਹੈ। ਵਿਦਿਅਕ ਅਦਾਰਿਆਂ ਦੀ ਗਿਣਤੀ ਅਤੇ ਪਹੁੰਚ ਤੋਂ ਵਧੇਰੇ ਦੋ ਕਦਮ ਦੂਰ ਵਧੀਆ ਸਹੂਲਤਾਂ ਅਤੇ ਵਧੇਰੇ ਅਧਿਆਪਕਾਂ ਵਾਲੀਆਂ ਸੰਸਥਾਵਾਂ ਵੱਧ ਲਾਹੇਵੰਦ ਸਿੱਧ ਹੋ ਸਕਦੀਆਂ ਹਨ। ਦੂਸਰਾ, ਪ੍ਰਾਈਵੇਟ ਸੈਕਟਰ ਦੇ ਰੋਲ ਨੂੰ ਹਮੇਸ਼ਾ ਸ਼ੋਸ਼ਣ ਦੇ ਚਸ਼ਮੇ ਨਾਲ ਹੀ ਵੇਖਣਾ ਸਹੀ ਨਹੀਂ। ਵਿਕਸਿਤ ਮੁਲਕਾਂ ਦੇ ਤਜਰਬੇ ਦੱਸਦੇ ਹਨ ਕਿ ਪ੍ਰਾਈਵੇਟ ਸੈਕਟਰ ਵੀ ਦੇਸ਼ ਦੀ ਤਰੱਕੀ ਵਿਚ ਸਰਕਾਰੀ ਖੇਤਰ ਦੇ ਬਰਾਬਰ ਦਾ ਯੋਗਦਾਨ ਪਾਉਂਦੇ ਹਨ।
ਨਵਜੋਤ ਸਿੰਘ, ਪਟਿਆਲਾ
ਬਾਲ ਮਨ ਦੀ ਪੀੜਾ
4 ਅਗਸਤ ਨੂੰ ਸੁਖਦੇਵ ਸਿੰਘ ਮਾਨ ਦਾ ਮਿਡਲ ‘ਕੋਧਰੇ ਦੀ ਰੋਟੀ’ ਪੜ੍ਹ ਕੇ ਰੂਹ ਧੁਰ ਤਕ ਕੰਬ ਗਈ। ਪਤਾ ਨਹੀਂ ਕਿੰਨੇ ਕੁ ਧਾਰਮਿਕ ਸਥਾਨਾਂ ਉੱਪਰ ਅੱਜ ਵੀ ਇਸੇ ਤਰ੍ਹਾਂ ਬਿਪਰ ਪੁਜਾਰੀ ਵੱਲੋਂ ਕੀਤੀ ਵਰਣ ਵੰਡ ਦੀਆਂ ਸ਼ਿਕਾਰ ਪੱਛੜੀਆਂ ਸ਼੍ਰੇਣੀਆਂ ਦੇ ਬੱਚੇ ਪੀੜਤ ਹੁੰਦੇ ਹੋਣਗੇ। ਸਿੱਖ ਧਰਮ ਦੇ ਬਾਨੀਆਂ ਨੇ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’ ਆਖ ਕੇ ਮਾਨਵੀ ਏਕਤਾ ਦੀ ਆਵਾਜ਼ ਬੁਲੰਦ ਕੀਤੀ ਸੀ ਪਰ ਉਦੋਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਕਈ ਸਿੱਖ ਸੰਪ੍ਰਦਾਵਾਂ/ਟਕਸਾਲਾਂ ਦੇ ਸਥਾਨਾਂ ਉੱਪਰ ਵੀ ਪੱਛੜੀਆਂ ਸ਼੍ਰੇਣੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਬਾਲ ਮਨ ਉੱਪਰ ਅਜਿਹੀਆਂ ਘਟਨਾਵਾਂ ਦਾ ਕਿਵੇਂ ਅਸਰ ਹੁੰਦਾ ਹੈ, ਉਸ ਨੂੰ ਲੇਖਕ ਨੇ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ।
ਮਹਿੰਦਰ ਸਿੰਘ ਸੋਹੀ, ਈਮੇਲ
(2)
ਲੇਖਕ ‘ਕੋਧਰੇ ਦੀ ਰੋਟੀ’ ਵਿਚ ਆਪਣੀਆਂ ਬਚਪਨ ਦੀਆਂ ਯਾਦਾਂ ਸਾਂਝਾ ਕਰਦਾ ਹੋਇਆ ਨੀਵੀਆਂ ਜਾਤਾਂ ਦੇ ਬੱਚਿਆਂ ਨਾਲ ਉੱਚੀਆਂ ਜਾਤਾਂ ਵਾਲਿਆਂ ਦਾ ਹੁੰਦਾ ਸਲੂਕ ਬਿਆਨ ਕਰਦਾ ਹੈ। ਸਾਡੇ ਦੇਸ਼ ਦੀ ਇਹ ਵੱਡੀ ਤ੍ਰਾਸਦੀ ਹੈ ਕਿ ਅੱਜ ਵਿਗਿਆਨਕ ਯੁੱਗ ਹੋਣ ਦੇ ਬਾਵਜੂਦ ਉੱਚੀਆਂ ਜਾਤਾਂ ਵਾਲੇ ਲੋਕਾਂ ਦੁਆਰਾ ਨੀਵੇਂ ਪੱਧਰ ਦੀਆਂ ਜਾਤਾਂ ਨੂੰ ਨਫ਼ਰਤ ਦੀ ਅੱਖ ਨਾਲ ਹੀ ਵੇਖਿਆ ਜਾਂਦਾ ਹੈ। ਸਾਡੇ ਧਾਰਮਿਕ ਰਹਬਿਰਾਂ ਨੇ ਜਾਤ ਪਾਤ ਆਦਿ ਦਾ ਖੰਡਨ ਕੀਤਾ ਹੈ ਪਰ ਅੱਜ ਵੀ ਸਾਡਾ ਸਮਾਜ ਅਜਿਹੇ ਵਿਤਕਰਿਆਂ ਨਾਲ ਭਰਿਆ ਪਿਆ ਹੈ।
ਯੋਗਰਾਜ ਭਾਗੀ ਵਾਂਦਰ, ਬਠਿੰਡਾ
(3)
ਮਿਡਲ ‘ਕੋਧਰੇ ਦੀ ਰੋਟੀ’ (ਸੁਖਦੇਵ ਸਿੰਘ ਮਾਨ) ਵਿਚ ਲੇਖਕ ਨੇ ਪੁਰਾਣੇ ਵੇਲਿਆਂ ਦੀ ਸਾਧਨ ਵਿਹੂਣੀ ਪੜ੍ਹਾਈ ਵਾਲੀ ਜ਼ਿੰਦਗੀ ਅਤੇ ਜ਼ਿਆਦਾਤਰ ਘਰਾਂ ਦੀ ਗ਼ੁਰਬਤ ਤੋਂ ਸ਼ੁਰੂ ਕਰ ਕੇ ਧਾਰਮਿਕ ਸਥਾਨਾਂ ’ਤੇ ਹੁੰਦੇ ਵਿਤਕਰੇ ਦੀ ਗੱਲ ਕੀਤੀ ਹੈ। ਬਾਬੇ ਨਾਨਕ ਨੇ ਤਾਂ ਭਾਈ ਲਾਲੋ ਦੀ ਦਸਾਂ ਨਹੁੰਆਂ ਦੀ ਕਿਰਤ ਨੂੰ ਵਡਿਆਉਣ ਵਾਸਤੇ ਇਹ ਉਦਾਹਰਣ ਦਿੱਤੀ ਸੀ ਪਰ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਤਾਂ ਟੱਬਰ ਪਾਲਣਾ ਵੀ ਔਖਾ, ਫਿਰ ਸੰਗਮਰਮਰ ਥੱਪੇ, ਸੋਨੇ ਮੜ੍ਹੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਤੇ ਚੱਲ ਰਹੇ ਹਰ ਧਰਮ ਸਥਾਨ ਮਲਕ ਭਾਗੋਆਂ ਦੀ ਮਿਹਰਬਾਨੀ ਤੋਂ ਬਗ਼ੈਰ ਕਿਵੇਂ ਚੱਲਣ? ਇਸੇ ਲਈ ਇਨ੍ਹਾਂ ਮਲਕ ਭਾਗੋਆਂ ਦਾ ਦਬਦਬਾ ਕਾਇਮ ਹੈ ਅਤੇ ਭਾਈ ਲਾਲੋਆਂ ਲਈ ਤਿਰਸਕਾਰ ਹੈ।
ਅਮਰਜੀਤ ਵੋਹਰਾ, ਰਾਏਕੋਟ
(4)
4 ਅਗਸਤ ਨੂੰ ‘ਕੋਧਰੇ ਦੀ ਰੋਟੀ’ ਲੇਖ ਪੜ੍ਹਿਆ। ਇਸ ਵਿਚ ਸੁਖਦੇਵ ਸਿੰਘ ਮਾਨ ਨੇ ਆਮ ਪੰਜਾਬੀ ਦੀ ਸੋਚ ਨੂੰ ਸਹੀ ਸਬਕ ਪੜ੍ਹਾਇਆ ਹੈ। ਸਾਡੇ ਮਨਾਂ ਵਿਚ ਕੋਈ ਵੱਖੋ ਵੱਖਰਾ ਧਰਮ ਨਹੀਂ ਕੋਈ, ਜਾਤ ਪਾਤ ਨਹੀਂ ਪਰ ਫਾਇਦਾ ਉਠਾਉਣ ਲਈ ਰਾਜਨੀਤਕ ਪਾਰਟੀਆਂ ਇਹ ਸਭ ਅਕਸਰ ਪੈਦਾ ਕਰ ਦਿੰਦੀਆਂ ਹਨ।
ਰਮੇਸ਼ਵਰ ਸਿੰਘ, ਪਟਿਆਲਾ
ਕਸ਼ਮੀਰ ਦਾ ਦਰਦ
5 ਅਗਸਤ ਦਾ ਸੰਪਾਦਕੀ ‘ਦੁੱਖਾਂ ਦੀ ਰੋਟੀ, ਸੂਲਾਂ ਦਾ ਸਾਲਣ’ ਕਸ਼ਮੀਰੀ ਲੋਕਾਂ ਦੇ ਦੁੱਖਾਂ ਦਾ ਦਰਦ ਬਿਆਨ ਕਰਦਾ ਹੈ। ਲਿਖਿਆ ਗਿਆ ਹੈ ਕਿ ਹਿੰਦੋਸਤਾਨ ਦੇ ਹਾਕਮਾਂ ਦੀ ਇਹੋ ਸਫ਼ਲਤਾ ਹੈ ਕਿ ਕਸ਼ਮੀਰ ਵਿਚੋਂ ਸਿਆਸਤ ਮਨਫ਼ੀ ਕਰ ਦਿੱਤੀ ਹੈ। ਮੇਰਾ ਵਿਚਾਰ ਹੈ ਕਿ ਹਾਕਮਾਂ ਨੇ ਹੌਲੀ ਹੌਲੀ ਜੀਵਨ ਦੇ ਅਸਲ ਮੁੱਦਿਆਂ, ਸਾਰਥਿਕ ਵਿਚਾਰ ਅਤੇ ਕਿਰਦਾਰ ਨੂੰ ਲੋਕ ਮਨ ਵਿਚੋਂ ਮਨਫ਼ੀ ਕਰ ਕੇ ਖੋਖ਼ਲੀ, ਮੱਕਾਰੀ, ਦੰਭੀ, ਕੂੜਨੀਤੀ ਦੇ ਅੰਨ੍ਹੇ ਸਮਰਥਕ ਬਣਾ ਦਿੱਤਾ ਹੈ। ਜਿੱਥੇ ਬੇਈਮਾਨੀ, ਭ੍ਰਿਸ਼ਟਾਚਾਰ, ਵਾਅਦਾ ਸ਼ਿਕਨੀ ਕਿਰਦਾਰਹੀਣਤਾ, ਔਗੁਣ ਅਤੇ ਰੂਹ ਦੇ ਕਲੰਕ ਨਹੀਂ ਰਹੇ, ਸਗੋਂ ਸਿਆਸੀ ਜੂਏਬਾਜ਼ੀ ਦੇ ਦਾਅਪੇਚ ਬਣ ਗਏ ਹਨ। ਇਹੋ ਹਿੰਦੋਸਤਾਨੀ ਆਮ ਲੋਕ ਮਨ ਦਾ ਘਾਤਕ ਸੰਕਟ ਅਤੇ ਗੰਭੀਰ ਮਾਰੂ ਵੇਦਨਾ ਹੈ।
ਕਿਰਪਾਲ ਸਿੰਘ, ਦਤਾਰੀਏਵਾਲਾ (ਮੋਗਾ)