ਸਤਵਿੰਦਰ ਬਸਰਾ
ਲੁਧਿਆਣਾ, 19 ਜੁਲਾਈ
ਦੇਸ਼ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਇਸ ਦੇ ਬਾਵਜੂਦ ਲੁਧਿਆਣਵੀਆਂ ਵੱਲੋਂ ਸੜਕਾਂ, ਬਾਜ਼ਾਰਾਂ ਵਿੱਚ ਭੀੜ ਕਰਕੇ ਇਸ ਨੂੰ ਟਿੱਚ ਸਮਝਿਆ ਜਾ ਰਿਹਾ ਹੈ। ਸ਼ਹਿਰ ਵਿੱਚ ਆਮ ਦਿਨਾਂ ‘ਚ ਹੁਣ ਦੁਬਾਰਾ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਕਰੋਨਾ ਦੇ ਮਾਮਲੇ ਭਾਵੇਂ ਦਿਨੋਂ-ਦਿਨ ਵਧ ਰਹੇ ਹਨ ਪਰ ਲੋਕਾਂ ਵਿੱਚ ਇਸ ਦੀ ਦਹਿਸ਼ਤ ਲਗਾਤਾਰ ਘਟਦੀ ਜਾ ਰਹੀ ਹੈ। ਇਸ ਦਾ ਅੰਦਾਜ਼ਾ ਲੁਧਿਆਣਾ ਸ਼ਹਿਰ ਦੀਆਂ ਸੜਕਾਂ ‘ਤੇ ਨਿੱਤ ਵਧ ਰਹੀ ਭੀੜ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਲੁਧਿਆਣਾ-ਫਿਰੋਜ਼ਪੁਰ ਰੋਡ, ਲੁਧਿਆਣਾ-ਜਲੰਧਰ ਬਾਈਪਾਸ, ਲੁਧਿਆਣਾ-ਚੰਡੀਗੜ੍ਹ ਰੋਡ, ਚੀਮਾ ਚੌਂਕ, ਬਸ ਸਟੈਂਡ, ਜਗਰਾਉਂ ਪੁਲ ਅਤੇ ਵਿਸ਼ਵਕਰਮਾ ਚੌਂਕ ‘ਤੇ ਤਾਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਚੌੜ੍ਹਾ ਬਾਜ਼ਾਰ, ਘੁਮਾਰ ਮੰਡੀ, ਪੁਰਾਣੀ ਸਬਜ਼ੀ ਮੰਡੀ, ਮਾਤਾ ਰਾਣੀ ਚੌਂਕ, ਘੰਟਾ ਘਰ ਚੌਂਕ, ਫੀਲਡ ਗੰਜ ਆਦਿ ਬਾਜ਼ਾਰਾਂ ਵਿੱਚ ਪੈਦਲ ਆਵਾਜਾਈ ਵਧਣ ਕਰਕੇ ਪ੍ਰਸ਼ਾਸਨ ਵੱਲੋਂ ਇੱਕ-ਦੂਜੇ ਤੋਂ ਦੂਰੀ ਬਣਾ ਕਿ ਰੱਖਣ ਦੀਆਂ ਹਦਾਇਤਾਂ ਦੀਆਂ ਵੀ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਾਸਕ ਨਾ ਲਗਾਉਣ ਵਾਲਿਆਂ ਖਿਲਾਫ ਭਾਵੇਂ ਪੁਲੀਸ ਵੱਲੋਂ ਕਥਿਤ ਖਾਨਾਪੂਰਤੀ ਲਈ ਕਾਰਵਾਈ ਕੀਤੀ ਜਾਂਦੀ ਹੈ ਜਿਸ ਕਰਕੇ ਲੋਕਾਂ ਵਿੱਚ ਹੁਣ ਪੁਲੀਸ ਦਾ ਡਰ ਵੀ ਲਗਾਤਾਰ ਘੱਟਦਾ ਜਾ ਰਿਹਾ ਹੈ।
ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਤਾਲਾਬੰਦੀ ਵਿੱਚ ਦਿੱਤੀ ਢਿੱਲ ਅਤੇ ਹਫਤੇ ਵਿੱਚ ਛੇ ਦਿਨ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਖੋਲ੍ਹਣ ਦੀ ਮਨਜ਼ੂਰੀ ਨੂੰ ਵੀ ਆਮ ਲੋਕਾਂ ਵੱਲੋਂ ਹਲਕੇ ’ਚ ਲਿਆ ਜਾ ਰਿਹਾ ਹੈ। ਹੁਣ ਭਾਵੇਂ ਐਤਵਾਰ ਨੂੰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਨੂੰ ਛੱਡ ਕਿ ਹੋਰ ਦੁਕਾਨਾਂ ਬੰਦ ਹੁੰਦੀਆਂ ਹਨ ਪਰ ਫਿਰ ਵੀ ਸੜਕਾਂ ’ਤੇ ਵਾਹਨ ਦੀ ਆਮਦ ਬੰਦ ਨਹੀਂ ਹੁੰਦੀ।
ਊਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਸਮਾਜ ਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਰੁਪਿੰਦਰਪਾਲ ਗਿੱਲ, ਜਸਵੰਤ ਜੀਰਖ, ਜਗਜੀਤ ਮਾਨ ਆਦਿ ਨੇ ਕਿਹਾ ਕਿ ਕਰੋਨਾ ਕਰਕੇ ਬਣੇ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।