ਰਮਨਦੀਪ ਸਿੰਘ
ਚਾਉਕੇ, 30 ਜੁਲਾਈ
ਪਿੰਡ ਰਾਮਪੁਰਾ ਦੇ ਕਿਸਾਨ ਮੇਜਰ ਸਿੰਘ ਦੇ ਖੇਤ ਵਿੱਚ ਦੀ ਲੰਘ ਦੀਆਂ ਨੀਵੀਂਆਂ ਬਿਜਲੀ ਵਾਲੀਆਂ ਤਾਰਾਂ ਨਾਲ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਰਾਮਪੁਰਾ ਪਿੰਡ ਦੇ ਖੇਤਾਂ ਵਿੱਚ ਦੀ 220 ਕੇਵੀ ਲਾਇਨ ਲੰਘਦੀ ਹੈ, ਜਿਸ ਦੇ ਹੇਠਾਂ ਦੀ ਗਿਆਰਾਂ ਕੇਵੀ ਦੀਆਂ ਦੋ ਲਾਈਨਾਂ ਲੰਘਦੀਆਂ ਹਨ। ਇਹ ਤਾਰਾਂ ਬਹੁਤ ਨੀਵੀਂਆਂ ਹੋਣ ਕਾਰਨ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਇਸ ਸਬੰਧੀ ਸਬੰਧਤ ਦਿਹਾਤੀ ਸਬ ਡਵੀਜ਼ਨ ਦੇ ਜੇਈ ਨੂੰ ਮੌਕਾ ਦਿਖਾਇਆ ਅਤੇ ਅਸਟੀਮੇਟ ਪਾਸ ਕਰਵਾਉਣ ਮਗਰੋਂ ਸਟੋਰ ਤੋਂ ਕੇਬਲ ਵੀ ਲਿਆਂਦੀ ਪਰ ਹਾਲੇ ਤੱਕ ਨਾ ਤਾਰਾਂ ਉੱਚੀਆਂ ਕੀਤੀਆਂ ਗਈਆਂ ਤੇ ਨਾ ਹੀ ਕੇਬਲ ਪਾਈ ਗਈ। ਕਿਸਾਨ ਨੂੰ ਖੱਜਲ ਕੀਤਾ ਜਾ ਰਿਹਾ ਹੈ, ਉਸ ਦੀ ਜ਼ਮੀਨ ਵੀ ਵੇਹਲੀ ਪਈ ਹੈ। ਉਨ੍ਹਾਂ ਮੰਗ ਕੀਤੀ ਕਿਸਾਨ ਨੂੰ ਇਨਸਾਫ ਦਿੱਤਾ ਜਾਵੇ। ਰਾਮਪੁਰਾ ਦੇ ਐਕਸੀਅਨ ਸੁਧੀਰ ਕੁਮਾਰ ਨੇ ਕਿਹਾ ਕਿ ਤਾਰਾਂ ਨੂੰ ਜੋੜਨ ਵਾਲਾ ਬਾਕਸ ਸਟੋਰ ਵਿੱਚ ਨਹੀਂ ਹੈ, ਜਦੋਂ ਵੀ ਬਾਕਸ ਆ ਜਾਵੇਗਾ ਤਾਂ ਕੇਬਲ ਪਾ ਦਿੱਤੀ ਜਾਵੇਗੀ।