ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜੁਲਾਈ
ਦਿੱਲੀ ਪੁਲੀਸ ਦੀ ਪਹਿਲਕਦਮੀ ’ਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ‘ਪਲਾਜ਼ਮਾ ਦਾਨ ਮੁਹਿੰਮ’ ਸ਼ੁਰੂ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੱਲੋਂ ਇਸ ਮੌਕੇ ਪਲਾਜ਼ਮਾ ਦਾਨ ਕਰਨ ਵਾਲੇ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨੂੰ ਕਰੋਨਾ ਯੋਧਾ ਪੱਤਰ ਵੀ ਦਿੱਤੇ ਗਏ। ਦਿੱਲੀ ਪੁਲੀਸ ਦੀ ਮਹਿਲਾ ਸਿਪਾਹੀ ਤੇ 26 ਜਵਾਨਾਂ ਵੱਲੋਂ ਪਲਾਜ਼ਮਾ ਦਾਨ ਕੀਤਾ ਗਿਆ ਹੈ। ਡਾ. ਹਰਸ਼ਵਰਧਨ ਨੇ ਕਿਹਾ ਕਿ ਇਹ ਸਮਾਗਮ ਪਵਿੱਤਰ ਤੇ ਭਾਵਨਾਤਮਕ ਹੈ ਤੇ ਪੁਲੀਸ ਵਾਲਿਆਂ ਨੇ ਆਪਣੇ ਦੁੱਖ ਭੁੱਲ ਕੇ ਦੂਜਿਆਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਸਵੈ-ਇੱਛਾ ਨਾਲ ਪਲਾਜ਼ਮਾ ਦਾਨ ਕਰ ਕੇ ਮਿਸਾਲ ਬਣਾਈ ਹੈ, ਜੋ ਹੋਰ ਕਰੋਨਾ ਯੋਧਿਆਂ ਨੂੰ ਵੀ ਇਹ ਦਾਨ ਕਰਨ ਲਈ ਪ੍ਰੇਰੇਗੀ। ਦਿੱਲੀ ਪੁਲੀਸ ਕਮਿਸ਼ਨਰ ਐੱਸ.ਐੱਨ. ਵਾਸਤਵ ਨੇ ਕਿਹਾ ਕਿ ਪੁਲੀਸ ਕੋਲ ਦੋ ਵੱਡੀਆਂ ਜ਼ਿੰਮੇਵਾਰੀਆਂ ਕਾਨੂੰਨ ਵਿਵਸਥਾ ਬਣਾਈ ਰੱਖਣਾ ਤੇ ਤਾਲਾਬੰਦੀ ਲਾਗੂ ਕਰਨਾ ਸ਼ਾਮਲ ਸਨ ਅਤੇ ਉਸ ਸਮੇਂ ਆਪਣੀ ਸਿਹਤ ਦਾ ਖ਼ਿਆਲ ਰੱਖ ਕੇ ਸ਼ਕਤੀ ਦੀ ਪ੍ਰੇਰਨਾ ਵੀ ਇਕ ਚੁਣੌਤੀ ਸੀ। ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਪੁਲੀਸ ਮੁਲਾਜ਼ਮਾਂ ਨੂੰ ‘ਸੁਪਰ ਕਰੋਨਾ ਯੋਧਾ’ ਕਰਾਰ ਦਿੱਤਾ। ਆਏ ਮਹਿਮਾਨਾਂ ਨੇ ਦਾਨੀਆਂ ਨੂੰ ਕਰੋਨਾ ਯੋਧਾ ਪੱਤਰ ਦਿੱਤੇ ਤੇ ਉਨ੍ਹਾਂ ਦਾ ਹੌਸਲਾ ਵਧਾਇਆ।