ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਇੱਥੇ ਮੈਲਬਰਨ ਵਿੱਚ ਤਾਲਾਬੰਦੀ ਦੇ ਬਾਵਜੂਦ ਕਰੋਨਾਵਾਇਰਸ ਕਾਰਨ ਅੱਜ 723 ਨਵੇਂ ਕੇਸ ਅਤੇ 13 ਮੌਤਾਂ ਨਾਲ ਰੋਗ ’ਚ 36 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮੁਲਕ ਦੇ 95 ਫ਼ੀਸਦੀ ਕੇਸ ਮੈਲਬਰਨ ਵਿੱਚ ਹਨ। ਪੰਜਾਬੀਆਂ ਦੀ ਵੱਡੀ ਗਿਣਤੀ ਵਾਲੇ ਕਰੇਗੀਬਰਨ ਅਤੇ ਪੱਛਮੀ ਖੇਤਰ ਅਤਿ-ਲੋੜੀਂਦੀਆਂ ਗਤੀਵਿਧੀਆਂ ਲਈ ਖੁੱਲ੍ਹੇ ਹਨ ਅਤੇ ਇੱਥੇ ਫ਼ੌਜ ਤੇ ਪੁਲੀਸ ਦੀ ਕਾਫ਼ੀ ਸਖ਼ਤੀ ਹੈ। ਕਰੀਬ 72 ਸਕੂਲ ਵੀ ਬੰਦ ਹਨ। ਸੂਬੇ ਦੇ ਪ੍ਰੀਮੀਅਰ ਨੇ ਲੋਕਾਂ ਨੂੰ ਸਮਾਜਿਕ ਦੂਰੀ ਹਰ ਹਾਲਤ ’ਚ ਯਕੀਨੀ ਬਣਾਉਣ ਲਈ ਆਖਿਆ ਹੈ। ਸੂਬੇ ਵਿੱਚ ਮਾਸਕ ਕਾਨੂੰਨੀ ਤੌਰ ’ਤੇ ਲਾਜ਼ਮੀ ਕਰ ਦਿੱਤਾ ਗਿਆ ਹੈ।