ਨੂਰ ਮੁਹੰਮਦ ਨੂਰ
ਘਰ ਦੀ ਹਾਲਤ ਤੋਂ ਜਾਣੂ ਜਦੋਂ ਕੋਈ ਬੰਦਾ ਦੁਸ਼ਮਣਾਂ ਨਾਲ ਰਲ ਕੇ ਘਰ ਨੂੰ ਨੁਕਸਾਨ ਪਹੁੰਚਾਵੇ ਜਾਂ ਕਿਸੇ ਸੱਜਣ ਮਿੱਤਰ ਦੇ ਦਗ਼ਾ ਕਰਨ ਉੱਤੇ ‘ਘਰ ਦਾ ਭੇਤੀ ਲੰਕਾ ਢਾਹੇ’ ਅਖਾਣ ਬੋਲਿਆ ਜਾਂਦਾ ਹੈ।
ਇਸ ਅਖਾਣ ਦਾ ਮੁੱਖ ਪਾਤਰ ਰਾਵਣ ਦਾ ਭਰਾ ਵਿਭੀਸ਼ਣ ਹੈੈ ਜਿਹੜਾ ਕੈਕਸੀ ਦਾ ਤੀਜਾ ਪੁੱਤਰ ਸੀ। ਬਾਲਮੀਕੀ ਰਾਮਾਇਣ ਵਿਚ ਲਿਖਿਆ ਮਿਲਦਾ ਹੈ ਕਿ ਇਸਨੇ ਦਸ ਹਜ਼ਾਰ ਸਾਲ ਬ੍ਰਹਮਾ ਦੀ ਤਪੱਸਿਆ ਕਰਕੇ ਉਸ ਨੂੰ ਪ੍ਰਸੰਨ ਕੀਤਾ ਅਤੇ ਵਰ ਮੰਗਿਆ ਕਿ ਬਿਪਤਾ ਸਮੇਂ ਉਸ ਦੀ ਬੁੱਧੀ ਬਿਨਾਂ ਡੋਲੇ ਧਰਮ ਵਿਚ ਲੱਗੀ ਰਹੇ ਅਤੇ ਬਿਨਾਂ ਸਿੱਖੇ ਉਸ ਨੂੰ ਬ੍ਰਹਮ ਅਸਤਰ ਦਾ ਗਿਆਨ ਪ੍ਰਾਪਤ ਹੋ ਜਾਵੇ। ਇਸ ਦੇ ਨਾਲ ਹੀ ਬ੍ਰਹਮਾ ਨੇ ਉਸ ਨੂੰ ਅੰਮ੍ਰਿਤਾ ਦਾ ਵਰ ਵੀ ਦਿੱਤਾ।
ਵਿਭੀਸ਼ਣ ਨੇਕ ਸੁਭਾਅ ਦਾ ਬੰਦਾ ਸੀ। ਇਹ ਸਦਾ ਧਰਮ ਪ੍ਰਚਾਰ ਕਰਦਾ ਅਤੇ ਲੋਕਾਂ ਨੂੰ ਮਾੜੇ ਕਰਮ ਛੱਡਣ ਲਈ ਆਖਦਾ। ਇਸੇ ਕਰਕੇ ਇਸ ਦੀ ਵੱਡੇ ਭਰਾ ਰਾਵਣ ਨਾਲ ਘੱਟ ਹੀ ਬਣਦੀ ਸੀ। ਜਦੋਂ ਰਾਵਣ ਨੇ ਸੀਤਾ ਦਾ ਅਪਹਰਨ ਕੀਤਾ ਤਾਂ ਇਸ ਨੇ ਖੁੱਲ੍ਹ ਕੇ ਉਸ ਦੀ ਵਿਰੋਧਤਾ ਕੀਤੀ ਜਿਸ ਤੋਂ ਗੁੱਸੇ ਹੋ ਕੇ ਰਾਵਣ ਨੇ ਇਸ ਨੂੰ ਦਰਬਾਰ ਵਿਚੋਂ ਕੱਢ ਦਿੱਤਾ। ਰਾਵਣ ਦੇ ਕਰੋਧ ਤੋਂ ਡਰਦਾ ਇਹ ਕੈਲਾਸ਼ ਪਰਬਤ ਉੱਤੇ ਚਲਿਆ ਗਿਆ ਜਿੱਥੇ ਇਹ ਸ਼ਿਵ ਜੀ ਦੇ ਕਹਿਣ ਉੱਤੇ ਰਾਮ ਜੀ ਦਾ ਭਗਤ ਬਣ ਗਿਆ ਅਤੇ ਰਾਮ ਕੋਲ ਪਹੁੰਚ ਗਿਆ। ਇਸ ਨੇ ਰਾਵਣ ਖ਼ਿਲਾਫ਼ ਜੰਗ ਵਿਚ ਰਾਮ ਦੀ ਖੁੱਲ੍ਹ ਕੇ ਸਹਾਇਤਾ ਕੀਤੀ। ਰਾਵਣ ਦੇ ਮਾਰੇ ਜਾਣ ਤੋਂ ਬਾਅਦ ਰਾਮ ਜੀ ਨੇ ਇਸ ਨੂੰ ਲੰਕਾ ਦੀ ਗੱਦੀ ਉੱਤੇ ਬਿਠਾਇਆ।
‘ਫ਼ਰਹੰਗੇ ਅਸਫ਼ੀਆ’ ਦਾ ਲੇਖਕ ਮੋਲਵੀ ਸੱਯਦ ਅਹਿਮਦ ਦੇਹਲਵੀ ਵੀ ਇਹੋ ਕਹਾਣੀ ਬਿਆਨ ਕਰਦਿਆਂ ਲਿਖਦਾ ਹੈ, ‘ਲੰਕਾ ਦੇ ਰਾਜਾ ਰਾਵਣ ਦਾ ਛੋਟਾ ਭਰਾ ਵਿਭੀਸ਼ਣ ਕੈਕਸੀ ਦਾ ਤੀਜਾ ਪੁੱਤਰ ਸੀ। ਕੈਕਸੀ ਵੱਲੋਂ ਬ੍ਰਹਮਾ ਨੂੰ ਬੇਨਤੀ ਕਰਨ ਉੱਤੇ ਇਸ ਦਾ ਆਚਾਰ-ਵਿਵਹਾਰ ਧਰਮ ਅਨੁਸਾਰ ਹੋ ਗਿਆ ਸੀ। ਬਾਲਮੀਕੀ ਰਾਮਾਇਣ ਅਨੁਸਾਰ ਉਸ ਨੇ ਹਜ਼ਾਰਾਂ ਸਾਲ ਭਗਤੀ ਕਰਕੇ ਬ੍ਰਹਮਾ ਤੋਂ ਇਹ ਵਰ ਪ੍ਰਾਪਤ ਕਰ ਲਿਆ ਸੀ ਕਿ ਬਿਪਤਾ ਵੇਲੇ ਉਸ ਦੀ ਬੁੱਧੀ ਬਿਨਾਂ ਡੋਲੇ ਧਰਮ ਵਿਚ ਲੱਗੀ ਰਹੇ।’’
ਇਸ ਅਖਾਣ ਵਿਚ ਲੰਕਾ ਨਾਂ ਦੇ ਟਾਪੂ ਵਿਚ ਵਾਪਰੀ ਘਟਨਾ ਨੂੰ ਬਿਆਨ ਕੀਤਾ ਗਿਆ ਹੈ ਜਿਸ ਨੂੰ ਕਿਸੇ ਸਮੇਂ ਸ਼ਰਅੰਦੀਪ ਆਖਿਆ ਜਾਂਦਾ ਸੀ ਅਤੇ ਜਿਹੜਾ ਅੱਜਕੱਲ੍ਹ ਸ੍ਰੀ ਲੰਕਾ ਦੇ ਨਾਂ ਨਾਲ ਮਸ਼ਹੂਰ ਹੈ। ਸ੍ਰੀ ਲੰਕਾ ਭਾਰਤ ਦੇ ਦੱਖਣ ਵਾਲੇ ਪਾਸੇ ਹਿੰਦ ਮਹਾਂਸਾਗਰ ਵਿਚ ਭਾਰਤ ਦੀ ਸਰਹੱਦ ਤੋਂ ਦੱਖਣ ਵੱਲ ਵੀਹ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਬਾਲਮੀਕ ਦੀ ਰਾਮਾਇਣ ਅਨੁਸਾਰ ਕਦੀ ਇਹ ਵੱਡਾ ਨਗਰ ਸੀ ਜਿੱਥੇ ਰਾਵਣ ਦੀ ਰਾਜਧਾਨੀ ਸੀ। ਕਿਹਾ ਜਾਂਦਾ ਹੈ ਕਿ ਲੰਕਾ ਦੇ ਕਿਲ੍ਹੇ ਦੇ ਚਾਰੇ ਪਾਸੇ ਉਸ ਦੀ ਰਖਵਾਲੀ ਲਈ ਸੱਤ ਦੀਵਾਰਾਂ ਬਣੀਆਂ ਹੋਈਆਂ ਸਨ ਜਿਨ੍ਹਾਂ ਦੀ ਮਜ਼ਬੂਤੀ ਲਈ ਧਾਤ ਅਤੇ ਪੱਥਰ ਵਰਤਿਆ ਗਿਆ ਸੀ। ਰਖਵਾਲੀ ਨੂੰ ਹੋਰ ਪੱਕਾ ਕਰਨ ਲਈ ਹਰ ਦੀਵਾਰ ਦੇ ਬਾਹਰ ਡੂੰਘੀ ਖਾਈ ਪੁੱਟੀ ਹੋਈ ਸੀ। ਭਾਗਵਤ ਪੁਰਾਣ ਵਿਚ ਇਹ ਵੀ ਲਿਖਿਆ ਮਿਲਦਾ ਹੈ ਕਿ ਇਸ ਨਗਰ ਵਿਚ ਅਨੇਕਾਂ ਸੋਨੇ ਦੇ ਬਣੇ ਹੋਏ ਕਿਲ੍ਹੇ ਅਤੇ ਮਹਿਲ ਸਨ ਜਿਨ੍ਹਾਂ ਦੀ ਹਿਫ਼ਾਜ਼ਤ ਲਈ ਰਾਵਣ ਨੇ ਹੋਰ ਵੀ ਬਹੁਤ ਸਾਰੇ ਉਪਾਅ ਕੀਤੇ ਹੋਏ ਸਨ।
‘ਫ਼ਰਹੰਗੇ ਅਸਫ਼ੀਆ’ ਵਿਚ ਮੌਲਵੀ ਸੱਯਦ ਅਹਿਮਦ ਦੇਹਲਵੀ ਲਿਖਦੇ ਹਨ, ‘ਲੰਕਾ ਵਿਚ ਇਕ ਪਹਾੜ ਨੂੰ ਕੋਹੇ-ਆਦਮ ਆਖਿਆ ਜਾਂਦਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਆਦਮ ਨੂੰ ਜੰਨਤ ਵਿਚੋਂ ਕੱਢਿਆ ਗਿਆ ਤਾਂ ਉਸ ਨੂੰ ਇਸ ਪਹਾੜ ਉੱਤੇ ਹੀ ਸੁੱਟਿਆ ਗਿਆ ਸੀ। ਇਸ ਪਹਾੜ ਉੱਤੇ ਇਕ ਵੱਡਾ ਖੱਡਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਾਬਾ ਆਦਮ ਦੇ ਪੈਰ ਦਾ ਨਿਸ਼ਾਨ ਹੈ। ਇਸ ਪਹਾੜ ਦੀ ਚੜ੍ਹਾਈ ਸਿੱਧੀ ਹੋਣ ਕਰਕੇ ਇਸ ਉੱਤੇ ਚੜ੍ਹਨ ਲਈ ਸੰਗਲ ਲੱਗੇ ਹੋਏ ਹਨ ਸ਼ਾਇਦ ਇਨ੍ਹਾਂ ਸੰਗਲਾਂ ਕਰਕੇ ਹੀ ਇਸ ਨੂੰ ਸੰਗਲਾਦੀਪ ਆਖਿਆ ਜਾਂਦਾ ਸੀ। ਦੂਜਾ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਆਦਮ ਦੇ ਪੈਰ ਦਾ ਨਿਸ਼ਾਨ ਹੋਣ ਕਰਕੇ ਇਸ ਟਾਪੂ ਨੂੰ ਚਰਨ ਦੀਪ ਕਿਹਾ ਜਾਣ ਲੱਗਿਆ ਜਿਹੜਾ ਅਰਬੀ ਦੇ ਅਸਰ ਨਾਲ ਸ਼ਰਅੰਦੀਪ ਹੋ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਆਦਮ ਦੀ ਕਬਰ ਵੀ ਇਸੇ ਇਲਾਕੇ ਵਿਚ ਹੈ।’’
ਇਸ ਅਖਾਣ ਦੇ ਦੂਜੇ ਪਾਤਰ ਰਾਮ ਚੰਦਰ ਜੀ ਹਨ ਜਿਹੜੇ ਅਯੁੱਧਿਆ ਦੇ ਰਾਜੇ ਦਸਰਥ ਦੇ ਵੱਡੇ ਪੁੱਤਰ ਸਨ। ਇਕ ਸਾਜ਼ਿਸ਼ ਤਹਿਤ ਰਾਮ ਚੰਦਰ ਦੀ ਮਤਰੇਈ ਮਾਂ ਕੇਕਈ ਨੇ ਰਾਜਾ ਦਸਰਥ ਦੇ ਉਸ ਨਾਲ ਕੀਤੇ ਪੁਰਾਣੇ ਵਾਅਦੇ ਨੂੰ ਪੂਰਨ ਲਈ ਰਾਮ ਚੰਦਰ ਨੂੰ ਚੌਦਾਂ ਸਾਲ ਲਈ ਬਨਵਾਸ ਉੱਤੇ ਭਿਜਵਾ ਦਿੱਤਾ ਅਤੇ ਆਪਣੇ ਪੁੱਤਰ ਭਰਤ ਨੂੰ ਰਾਜਾ ਬਣਵਾ ਲਿਆ। ਰਾਮ ਚੰਦਰ ਜੀ ਜੰਗਲ ਵਿਚ ਇਕ ਕੁਟੀਆ ਬਣਾ ਕੇ ਰਹਿਣ ਲੱਗੇ। ਇਕ ਦਿਨ ਉਹ ਸ਼ਿਕਾਰ ਨੂੰ ਗਏ ਹੋਏ ਸਨ ਕਿ ਲੰਕਾ ਦਾ ਰਾਜਾ ਰਾਵਣ ਉਸ ਪਾਸਿਓਂ ਲੰਘਿਆ। ਉਹ ਸੀਤਾ ਦੇ ਰੂਪ ਉੱਤੇ ਮੋਹਿਤ ਹੋ ਗਿਆ ਅਤੇ ਉਸ ਨੂੰ ਚੁੱਕ ਕੇ ਲੰਕਾ ਲੈ ਗਿਆ।
ਸੀਤਾ ਨੂੰ ਮੁਕਤ ਕਰਵਾਉਣ ਲਈ ਰਾਮ ਚੰਦਰ ਨੇ ਬਾਂਦਰਾਂ ਦੀ ਸੈਨਾ ਦੀ ਸਹਾਇਤਾ ਨਾਲ ਲੰਕਾ ਉੱਤੇ ਹਮਲਾ ਕੀਤਾ। ਕਈ ਦਿਨਾਂ ਤੀਕ ਲੜਾਈ ਹੁੰਦੀ ਰਹੀ, ਪਰ ਰਾਮ ਚੰਦਰ ਜੀ ਰਾਵਣ ਨੂੰ ਹਰਾਉਣ ਵਿਚ ਕਾਮਯਾਬ ਨਾ ਹੋ ਸਕੇ। ‘ਕਹਾਵਤੋਂ ਕੀ ਕਹਾਣੀਆਂ’ ਵਿਚ ਮੁਹੰਮਦ ਇਕਬਾਲ ਸੁਲੇਮਾਨ ਲਿਖਦਾ ਹੈ, ‘ਰਾਮ ਜੀ ਨੇ ਇਸ ਕਿਲ੍ਹੇ ਨੂੰ ਕਈ ਦਿਨ ਘੇਰਾ ਪਾਈ ਰੱਖਿਆ। ਆਖਰ ਵਿਭੀਸ਼ਣ ਦੇ ਅੰਦਰੂਨੀ ਰਾਜ਼ਾਂ ਤੋਂ ਪਰਦਾ ਫਾਸ਼ ਕਰਨ ਉੱਤੇ, ਦੂਜੇ ਦੇਵਤਿਆਂ ਦੀ ਸਹਾਇਤਾ ਨਾਲ ਉਹ ਕਿਲ੍ਹੇ ਦੀਆਂ ਕੰਧਾਂ ਤੋੜਨ ਵਿਚ ਤਾਂ ਕਾਮਯਾਬ ਹੋ ਗਏ, ਪਰ ਰਾਵਣ ਨੂੰ ਛੇਤੀ ਵਸ ਵਿਚ ਨਾ ਕਰ ਸਕੇ। ਉਸ ਨੂੰ ਉਹ ਜਿੰਨੇ ਵੀ ਤੀਰ ਮਾਰਦੇ ਸਭ ਦੇ ਸਭ ਵਿਅਰਥ ਜਾਂਦੇ। ਆਖ਼ਰਕਾਰ ਵਿਭੀਸ਼ਣ ਦੇ ਉਸ ਦੀ ਮੌਤ ਦਾ ਸਮਾਂ ਦੱਸਣ ਉੱਤੇ ਜਦੋਂ ਸੂਰਜ ਅੱਧਾ ਧਰਤੀ ਤੋਂ ਬਾਹਰ ਸੀ ਅਤੇ ਅੱਧਾ ਅੰਦਰ ਰਾਮ ਜੀ ਨੇ ਰਾਵਣ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਇਆ ਜਿਹੜਾ ਰਾਵਣ ਨੂੰ ਖ਼ਤਮ ਕਰਨ ਵਿਚ ਕਾਮਯਾਬ ਹੋ ਗਿਆ। ਇਸ ਕਹਾਵਤ ਵਿਚ ਵਿਭੀਸ਼ਣ ਨੂੰ ਘਰ ਦਾ ਭੇਤੀ ਆਖਿਆ ਗਿਆ ਹੈ ਕਿਉਂਕਿ ਰਾਵਣ ਉੱਤੇ ਜਿੱਤ ਪ੍ਰਾਪਤ ਕਰਨ ਲਈ ਰਾਮ ਨੂੰ ਉਸ ਨੇ ਹੀ ਦੱਸਿਆ ਸੀ ਅਤੇ ਇਹ ਵੀ ਉਸ ਨੇ ਹੀ ਦੱਸਿਆ ਸੀ ਕਿ ਰਾਵਣ ਨੂੰ ਕਿਵੇਂ ਅਤੇ ਕਿਸ ਸਮੇਂ ਮਾਰਿਆ ਜਾ ਸਕਦਾ ਹੈ। ਇੱਥੋਂ ਹੀ ਇਹ ਕਹਾਵਤ ਪ੍ਰਚੱਲਤ ਹੋਈ।
ਸੰਪਰਕ: 98555-51359