ਮਨਦੀਪ ਸਿੰਘ ਸਿੱਧੂ
ਭਾਰਤ-ਪਾਕਿ ਫ਼ਿਲਮਾਂ ਦੇ ਅਦਾਕਾਰ, ਚਰਿੱਤਰ ਅਦਾਕਾਰ ਅਤੇ ਖ਼ਲਨਾਇਕ ਸਲੀਮ ਰਜ਼ਾ ਉਰਫ਼ ਆਗਾ ਕਿਜ਼ਿਲਬਾਸ਼ ਸਲੀਮ ਰਜ਼ਾ ਦੀ ਪੈਦਾਇਸ਼ 15 ਮਾਰਚ 1915 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਮੁਸਲਿਮ ਖ਼ਾਨਦਾਨ ਵਿਚ ਹੋਈ। ਆਪਣੀ ਤਾਲੀਮ ਲਾਹੌਰ ਤੋਂ ਮੁਕੰਮਲ ਕਰਨ ਤੋਂ ਬਾਅਦ ਇਨ੍ਹਾਂ ਦੀ ਮੁਲਾਕਾਤ ਮਾਰੂਫ਼ ਫ਼ਿਲਮਸਾਜ਼ ਦਲਸੁਖ ਐੱਮ. ਪੰਚੋਲੀ ਨਾਲ ਹੋਈ, ਜਿਨ੍ਹਾਂ ਦੇ ਤੂਫ਼ੈਲ ਸਲੀਮ ਨੇ ਫ਼ਿਲਮ ਲਾਈਨ ਅਖ਼ਤਿਆਰ ਕਰ ਲਈ।
ਸਲੀਮ ਰਜ਼ਾ ਦੀ ਪਹਿਲੀ ਪੰਜਾਬੀ ਫ਼ਿਲਮ ਪੰਚੋਲੀ ਪਿਕਚਰਜ਼, ਲਾਹੌਰ ਦੀ ਬਰਕਤ ਰਾਮ ਮਹਿਰਾ ਨਿਰਦੇਸ਼ਿਤ ‘ਗੁਲ ਬਕਾਵਲੀ’ (1939) ਸੀ। ਫ਼ਿਲਮਸਾਜ਼ ਦਲਸੁੱਖ ਐੱਮ. ਪੰਚੋਲੀ ਨੇ ਆਪਣੇ ਜ਼ਾਤੀ ਅਦਾਰੇ ਦੀ ਇਸ ਪਹਿਲੀ ਫ਼ਿਲਮ ਵਿਚ ਸਲੀਮ ਰਜ਼ਾ ਨੂੰ ਨਵੇਂ ਹੀਰੋ ਵਜੋਂ ਪੇਸ਼ ਕੀਤਾ। ਫ਼ਿਲਮ ਵਿਚ ਸਲੀਮ ਨੇ ‘ਤਾਜ’ ਦਾ ਸੋਹਣਾ ਪਾਰਟ ਅਦਾ ਕੀਤਾ, ਜਿਸਦੇ ਰੂਬਰੂ ਅਦਾਕਾਰਾ ਸੁਰੱਈਆ ਜਬੀਨ ‘ਲੱਖੀ’ ਦਾ ਕਿਰਦਾਰ ਨਿਭਾ ਰਹੀ ਸੀ। ਇਹ ਆਲ ਇੰਡੀਆ ਰੇਡੀਓ ਦੀ ਮਸ਼ਹੂਰ ਗਾਇਕਾ ਸੁਰੱਈਆ ਜਬੀਨ ਦੀ ਵੀ ਪਹਿਲੀ ਫ਼ਿਲਮ ਸੀ, ਜਿਸਦਾ ਅਸਲ ਨਾਮ ਬਸ਼ੀਰ ਬੇਗ਼ਮ ਸੀ। ਫ਼ਿਲਮ ਦੇ ਮੁਸੱਨਫ਼ ਅਤੇ ਨਗ਼ਮਾਨਿਗਾਰ ਵਲੀ ਸਾਹਬ ਸਨ। ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਦੇ ਸੰਗੀਤ ਵਿਚ ਸਲੀਮ ਰਜ਼ਾ ਤੇ ਸੁਰੱਈਆ ਜਬੀਨ ’ਤੇ ਫ਼ਿਲਮਾਏ ਗੀਤ ‘ਤੂੰ ਫੁੱਲ ਹੋਵੇਂ ਗੁਲਜ਼ਾਰਾਂ ਦਾ’ (ਸੁਰੱਈਆ ਜਬੀਨ, ਸਲੀਮ ਰਜ਼ਾ), ‘ਜਵਾਨੀ ਜੇ ਆ ਕੇ ਨਾ ਜਾਵੇ ਤੇ ਜਾਣਾ’, ‘ਟੁੱਟ ਗਈ ਤਾਰ ਸੁਖ ਆਉਂਦਾ-ਆਉਂਦਾ ਆਏਗਾ’ (ਸੁਰੱਈਆ ਜਬੀਨ) ਆਦਿ ਬੜੇ ਮਕਬੂਲ ਹੋਏ। 65 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਫ਼ਿਲਮ ਨੇ 15 ਲੱਖ ਰੁਪਏ ਦੀ ਕਮਾਈ ਕੀਤੀ ਸੀ। ਇਹ ਫ਼ਿਲਮ 12 ਨਵੰਬਰ 1939 ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਉਨ੍ਹਾਂ ਦੀ ਦੂਜੀ ਪੰਜਾਬੀ ਫ਼ਿਲਮ ਏ. ਜੇ. ਐੱਨ. ਮਾਹੇਸ਼ਵਰੀ ਪ੍ਰੋਡਕਸ਼ਨਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ‘ਰਾਵੀ ਪਾਰ’ (1942) ਸੀ। ਫ਼ਿਲਮ ਵਿਚ ਸਲੀਮ ਰਜ਼ਾ ਸਹਾਇਕ ਅਦਾਕਾਰ ਵਜੋਂ ‘ਵਿਜੈ’ ਦਾ ਰੋਲ ਕਰ ਰਿਹਾ ਸੀ। ਇਹ ਫ਼ਿਲਮ 11 ਅਕਤੂਬਰ 1942 ਨੂੰ ਰਾਇਲ ਸਿਨਮਾ, ਅੰਮ੍ਰਿਤਸਰ ਵਿਚ ਪਰਦਾਪੇਸ਼ ਹੋਈ। ਸ਼ੋਰੀ ਪਿਕਚਰਜ਼, ਲਾਹੌਰ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਫ਼ਿਲਮ ‘ਕੋਇਲ’ (1944) ਵਿਚ ਉਸਨੇ ‘ਬਲਵੰਤ ਰਾਏ’ ਦਾ ਪਾਰਟ ਅਦਾ ਕੀਤਾ। ਇਹ ਫ਼ਿਲਮ 24 ਨਵੰਬਰ 1944 ਨੂੰ ਵਲਿੰਗਟਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ। ਸਲੀਮ ਰਜ਼ਾ ਦੀ ਚੌਥੀ ਪੰਜਾਬੀ ਫ਼ਿਲਮ ਜ਼ਮਾਨ ਪ੍ਰੋਡਕਸ਼ਨਜ਼, ਲਾਹੌਰ ਦੀ ਗੁਲ ਜ਼ਮਾਨ ਨਿਰਦੇਸ਼ਿਤ ‘ਗੁਲ ਬਾਲੋਚ’ (1945) ਸੀ। ਫ਼ਿਲਮ ਵਿਚ ਉਸਨੇ ‘ਰਾਮੂ’ ਦਾ ਕਿਰਦਾਰ ਨਿਭਾਇਆ, ਜਿਸਦੇ ਸਨਮੁੱਖ ਅਦਾਕਾਰਾ ਮੁਨੱਵਰ ਸੁਲਤਾਨਾ ‘ਸ਼ੀਲਾ’ ਦਾ ਰੋਲ ਅਦਾ ਕਰ ਰਹੀ ਸੀ। ਫ਼ਿਲਮਸਾਜ਼ ਮੀਆਂ ਮੁਸ਼ਤਾਕ ਅਹਿਮਦ ਤੇ ਸੁਪਰਵਾਈਜ਼ਰ ਸ਼ੰਕਰ ਮਹਿਤਾ ਸਨ। ਮੁਕਾਲਮੇ ਕੇ. ਸੀ. ਵਰਮਾ, ਗੀਤ ਮੁਹੰਮਦ ਸ਼ਫ਼ੀ ਆਸ਼ਿਕ ‘ਲਾਹੌਰੀ’ ਅਤੇ ਸੰਗੀਤ ਪੰਡਤ ਅਮਰਨਾਥ, ਸ਼ਿਆਮ ਸੁੰਦਰ ਤੇ ਲੱਛੀ ਰਾਮ ਨੇ ਤਰਤੀਬ ਕੀਤਾ। ਇਹ ਫ਼ਿਲਮ 23 ਅਗਸਤ 1946 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ।
ਸਲੀਮ ਰਜ਼ਾ ਦੀ ਪਹਿਲੀ ਹਿੰਦੀ ਫ਼ਿਲਮ ਮਾਹੇਸ਼ਵਰੀ ਪਿਕਚਰਜ਼, ਲਾਹੌਰ ਦੀ ਸ਼ੰਕਰ ਮਹਿਤਾ ਨਿਰਦੇਸ਼ਿਤ ‘ਪਗਲੀ’ (1943) ਸੀ। ਫ਼ਿਲਮ ਵਿਚ ਸਲੀਮ ਨਾਲ ਹੀਰੋਇਨ ਦਾ ਕਿਰਦਾਰ ਆਸ਼ਾ ਉਰਫ਼ ਮੁਨੱਵਰ ਸੁਲਤਾਨਾ ਨੇ ਨਿਭਾਇਆ। ਊਨ੍ਹਾਂ ਦੀ ਦੂਜੀ ਫ਼ਿਲਮ ਐੱਨ. ਆਈ. ਸਟੂਡੀਓ, ਲਾਹੌਰ ਦੀ ਬਰਕਤ ਮਹਿਰਾ ਨਿਰਦੇਸ਼ਿਤ ‘ਪੰਛੀ’ (1944) ਸੀ। ਫ਼ਿਲਮ ਦੀ ਮੌਸੀਕੀ ਪੰਡਤ ਅਮਰਨਾਥ, ਗੀਤ ਅਖ਼ਤਰ ਚੁਗਤਾਈ ਤੇ ਮਨੋਹਰ ਸਿੰਘ ਸਹਿਰਾਈ ਨੇ ਮੁਰੱਤਬਿ ਕੀਤੀ ਅਤੇ ਮੁਕਾਲਮੇ ਅਹਿਸਨ ਅਲੀ ਸ਼ਾਹ (ਬੀ. ਏ.) ਨੇ ਤਹਿਰੀਰ ਕੀਤੇ ਸਨ। ਇਹ ਫ਼ਿਲਮ 17 ਸਤੰਬਰ 1944 ਨੂੰ ਨਿਸ਼ਾਤ ਸਿਨਮਾ, ਲਾਹੌਰ ’ਚ ਰਿਲੀਜ਼ ਹੋਈ। ਇਸਤੋਂ ਬਾਅਦ ਉਸਨੇ ਈਸਟਰਨ ਪਿਕਚਰਜ਼, ਬੰਬਈ ਦੀ ਸਈਅਦ ਸ਼ੌਕਤ ਹੁਸੈਨ ਰਿਜ਼ਵੀ ਨਿਰਦੇਸ਼ਿਤ ਫ਼ਿਲਮ ‘ਜ਼ੀਨਤ’ (1945) ਕੀਤੀ। ਇਹ ਫ਼ਿਲਮ 16 ਨਵੰਬਰ 1945 ਨੂੰ ਸੁਪਰ ਸਿਨਮਾ, ਬੰਬੇ ਵਿਖੇ ਨੁਮਾਇਸ਼ ਹੋਈ। ਗਿਰਧਰ ਬਹਾਰ ਪ੍ਰੋਡਕਸ਼ਨਜ਼, ਲਾਹੌਰ ਦੀ ਹਰਬੰਸ ਨਿਰਦੇਸ਼ਿਤ ਫ਼ਿਲਮ ‘ਰੇਹਾਨਾ’ ਉਰਫ਼ ‘ਦਿ ਬੈਗਰ ਗਰਲ’ (1946) ਵਿਚ ਉਸਨੇ ‘ਰਾਜੇ ਨਾਸਿਰ’ ਦਾ ਰੋਲ, ਜਿਸਦੇ ਸਨਮੁੱਖ ਅਦਾਕਾਰਾ ਮਨੋਰਮਾ ‘ਰੇਹਾਨਾ’ ਦਾ ਟਾਈਟਲ ਕਿਰਦਾਰ ਅਦਾ ਕਰ ਰਹੀ ਸੀ। ਇਹ ਫ਼ਿਲਮ ਕੈਪੀਟਲ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਇੰਡੀਆ ਯੂਨਾਈਟਿਡ ਪਿਕਚਰਜ਼ ਲਿਮ., ਲਾਹੌਰ ਦੀ ਦਾਊਦ ਚਾਂਦ ਲਿਖਤ ਤੇ ਨਿਰਦੇਸ਼ਿਤ ਫ਼ਿਲਮ ‘ਪਰਾਏ ਬਸ ਮੇਂ’ (1946) ’ਚ ਉਸਨੇ ਪ੍ਰਾਣ ਤੇ ਆਸ਼ਾ ਪੋਸਲੇ ਨਾਲ ਸੋਹਣੀ ਅਦਾਕਾਰੀ ਕੀਤੀ। ਗੁਪਤਾ ਆਰਟ ਪ੍ਰੋਡਕਸ਼ਨਜ਼, ਬੰਬਈ ਦੀ ਦਾਊਦ ਚਾਂਦ ਨਿਰਦੇਸ਼ਿਤ ਫ਼ਿਲਮ ‘ਏਕ ਰੋਜ਼’ (1947) ’ਚ ਸਲੀਮ ਰਜ਼ਾ ਤੇ ਆਸ਼ਾ ਪੋਸਲੇ ਸਹਾਇਕ ਜੋੜੀਦਾਰ ਵਜੋਂ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਗਿਰਧਰ ਬਹਾਰ ਪ੍ਰੋਡਕਸ਼ਨਜ਼, ਬੰਬਈ ਦੀ ਹਰਬੰਸ ਨਿਰਦੇਸ਼ਿਤ ਫ਼ਿਲਮ ‘ਗੁਲਨਾਰ’ (1950) ’ਚ ਸਲੀਮ ਰਜ਼ਾ ਤੇ ਗੀਤਾ ਬਾਲੀ ਮਰਕਜ਼ੀ ਕਿਰਦਾਰ ਨਿਭਾ ਰਹੇ ਸਨ। ਮੁਕਾਲਮੇ ਤੇ ਗੀਤ ਤੁਫ਼ੈਲ ਹੁਸ਼ਿਆਰਪੁਰੀ, ਮੁਲਕ ਰਾਜ ਭਾਖੜੀ ਅਤੇ ਸੰਗੀਤ ਹੰਸ ਰਾਜ ਬਹਿਲ, ਕਾਦਰ ਫ਼ਰੀਦੀ ਨੇ ਤਾਮੀਰ ਕੀਤਾ। ਸਲੀਮ ਰਜ਼ਾ ਤੇ ਗੀਤਾ ਬਾਲੀ ’ਤੇ ਫ਼ਿਲਮਾਇਆ ਗੀਤ ‘ਤੁਮ ਭੂਲ ਨਾ ਜਾਨਾ’ (ਜ਼ੀਨਤ ਬੇਗ਼ਮ, ਕਾਦਰ ਫ਼ਰੀਦੀ) ਬੜਾ ਪਸੰਦ ਕੀਤਾ ਗਿਆ। ਭਾਰਤ ਵਿਚ ਇਹ ਫ਼ਿਲਮ ਸਲੀਮ ਰਜ਼ਾ ਦੀ ਆਖ਼ਰੀ ਫ਼ਿਲਮ ਕਰਾਰ ਪਾਈ। ਉਸਦੀ ਦੂਜੀ ਉਰਦੂ ਫ਼ਿਲਮ ਮੂਵੀ ਮੇਕਰਜ਼, ਲਾਹੌਰ ਦੀ ਮਦਨ ਮੋਹਨ ਮਹਿਰਾ ਨਿਰਦੇਸ਼ਿਤ ‘ਖ਼ਾਨਾਬਦੋਸ਼’ ਸੀ ਜੋ 4 ਅਪਰੈਲ 1952 ਨੂੰ ਲਾਹੌਰ ’ਚ ਰਿਲੀਜ਼ ਹੋਈ। ਫ਼ਿਲਮ ਵਿਚ ਸਲੀਮ ਨੇ ‘ਅਯੂਬ’ ਦਾ ਕਿਰਦਾਰ ਨਿਭਾਇਆ। ਭਾਰਤ ਵਿਚ ਇਹ ਫ਼ਿਲਮ ‘ਦੋ ਸੌਦਾਗਰ’ (1950) ਦੇ ਨਾਮ ਨਾਲ ਨੁਮਾਇਸ਼ ਹੋਈ ਸੀ। ਫ਼ਿਲਮ ਵਿਚ ਪ੍ਰਾਣ ਨੇ ‘ਪਰਵੇਜ਼’ ਦਾ ਪਾਰਟ ਅਤੇ ਹੀਰੋਇਨ ਕਲਾਵਤੀ ‘ਨਾਦਰਾ’ ਦਾ ਰੋਲ ਕਰ ਰਹੀ ਸੀ। ਫ਼ਿਲਮਸਾਜ਼ ਏ. ਐੱਮ. ਗੁਪਤਾ, ਕਹਾਣੀ ਅਖ਼ਤਰ ਛੁਗਾਨੀ, ਮੁਕਾਲਮੇ ਸ਼ਾਤਰ ਗਜ਼ਨਵੀ, ਗੀਤ ਬੇਕਲ ਅੰਮ੍ਰਿਤਸਰੀ ਅਤੇ ਮੌਸੀਕੀ ਭਾਈ ਗ਼ੁਲਾਮ ਹੈਦਰ ਅੰਮ੍ਰਿਤਸਰੀ ਨੇ ਮੁਰੱਤਬਿ ਕੀਤੀ।
ਦੇਸ਼ ਵੰਡ ਤੋਂ ਬਾਅਦ ਸਲੀਮ ਰਜ਼ਾ ਨੇ ਭਾਰਤ ’ਚ ਰਹਿਣ ਦੀ ਬਜਾਏ ਪਾਕਿਸਤਾਨ ਰਹਿਣਾ ਪਸੰਦ ਕੀਤਾ ਕਿਉਂਕਿ ਬਹੁਤ ਸਾਰੇ ਮੁਸਲਿਮ ਪੰਜਾਬੀ ਫ਼ਨਕਾਰ ਉੱਧਰ ਹਿਜ਼ਰਤ ਕਰ ਚੁੱਕੇ ਸਨ। ਪਾਕਿਸਤਾਨ ਵਿਚ ਊਸਨੇ 31 ਫ਼ਿਲਮਾਂ ਵਿਚ ਅਦਾਕਾਰੀ ਕੀਤੀ, ਜਿਨ੍ਹਾਂ ਵਿਚ 8 ਪੰਜਾਬੀ ਅਤੇ 23 ਉਰਦੂ ਫ਼ਿਲਮਾਂ ਸ਼ਾਮਲ ਸਨ। ਪਾਕਿਸਤਾਨ ਵਿਚ ਸਲੀਮ ਰਜ਼ਾ ਦੀ ਸਹਾਇਕ ਅਦਾਕਾਰ ਵਜੋਂ ਪਹਿਲੀ ਪੰਜਾਬੀ ਫ਼ਿਲਮ ਐਵਰਨਿਊ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ‘ਮੁੰਦਰੀ’ (1949) ਸੀ। ਕਹਾਣੀ ਤੇ ਮੁਕਾਲਮੇ ਐੱਫ਼. ਡੀ. ਸ਼ਰਫ਼, ਜ਼ਾਹਿਰ, ਮਿਰਜ਼ਾ ਸੁਲਤਾਨ, ਐੱਮ. ਜੇ. ਰਾਣਾ, ਐੱਮ. ਐੱਸ. ਡਾਰ, ਗੀਤ ਐੱਫ਼. ਡੀ. ਸ਼ਰਫ਼, ਜੀ. ਏੇ. ਚਿਸ਼ਤੀ ਤੇ ਤਨਵੀਰ ਨਕਵੀ ਅਤੇ ਮੌਸੀਕੀ ਜੀ. ਏ. ਚਿਸ਼ਤੀ ਨੇ ਮੁਰੱਤਬਿ ਕੀਤੀ ਸੀ। ਇਹ ਫ਼ਿਲਮ 18 ਜੁਲਾਈ 1949 ਨੂੰ ਰਤਨ ਸਿਨਮਾ, ਲਾਹੌਰ ਵਿਖੇ ਪਰਦਾਪੇਸ਼ ਹੋਈ। ਉਸਦੀ ਦੂਜੀ ਪੰਜਾਬੀ ਫ਼ਿਲਮ ਸ਼ਾਹਨੂਰ ਪਿਕਚਰਜ਼, ਲਾਹੌਰ ਦੀ ਨੂਰਜਹਾਂ ਨਿਰਦੇਸ਼ਿਤ ‘ਚੰਨ ਵੇ’ (1951) ਸੀ। ਫ਼ਿਲਮ ਵਿਚ ਉਸਨੇ ਚਰਿੱਤਰ ਅਦਾਕਾਰ ਗ਼ੁਲਾਮ ਮੁਹੰਮਦ (ਪਟਵਾਰੀ) ਦੇ ਭਤੀਜੇ ‘ਚਿਰਾਗਦੀਨ’ ਦਾ ਰੋਲ ਕੀਤਾ ਸੀ। ਇਹ ਫ਼ਿਲਮ 30 ਮਾਰਚ 1951 ਨੂੰ ਰੀਜੈਂਟ ਸਿਨਮਾ, ਲਾਹੌਰ ’ਚ ਨੁਮਾਇਸ਼ ਹੋਈ ਤੇ ਕਾਮਯਾਬ ਫ਼ਿਲਮ ਰਹੀ। ਕੈਮਲ ਪਿਕਚਰਜ਼, ਲਾਹੌਰ ਦੀ ਅਨਵਰ ਕੈਮਲ ਪਾਸ਼ਾ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਚੰਨ ਮਾਹੀ’ (1956) ਉਸਦੀ ਸਹਾਇਕ ਅਦਾਕਾਰ ਵਜੋਂ ਤੀਜੀ ਫ਼ਿਲਮ ਸੀ। ਇਹ ਸਿਲਵਰ ਜੁਬਲੀ ਫ਼ਿਲਮ 30 ਨਵੰਬਰ 1956 ਨੂੰ ਲਾਹੌਰ ਵਿਖੇ ਨੁਮਾਇਸ਼ ਹੋਈ। ਐਵਰਰੈਡੀ ਪਿਕਚਰਜ਼, ਲਾਹੌਰ ਦੀ ਐੱਮ. ਏ. ਖ਼ਾਨ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਨੂਰਾਂ’ (1957) ’ਚ ਉਸਨੇ ਖ਼ਲ ਕਿਰਦਾਰ ਨਿਭਾਇਆ। ਕੈਮਲ ਪਿਕਚਰਜ਼, ਲਾਹੌਰ ਦੀ ਆਗਾ ਹੁਸੈਨੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜ਼ੁਲਫ਼ਾਂ’ (1957) ’ਚ ਵੀ ਉਸਨੇ ਵਧੀਆ ਅਦਾਕਾਰੀ ਕੀਤੀ। ਐੱਮ. ਐੱਚ. ਪਿਕਚਰਜ਼, ਲਾਹੌਰ ਦੀ ਮੀਆਂ ਮੁਸ਼ਤਾਕ ਤੇ ਮੀਆਂ ਹਫ਼ੀਜ਼ ਨਿਰਦੇਸ਼ਿਤ ਫ਼ਿਲਮ ‘ਛੂ ਮੰਤਰ’ (1958) ’ਚ ਉਸਨੇ ਖ਼ੁਸ਼ਾਮਦੀ ‘ਸਰਦਾਰ’ ਦਾ ਪਾਤਰ ਅਦਾ ਕੀਤਾ। ਇਸਤੋਂ ਬਾਅਦ ਉਸਨੇ ਸਈਅਦ ਫ਼ਿਲਮ, ਲਾਹੌਰ ਦੀ ਸਕਲੇਨ ਰਿਜ਼ਵੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਜੱਗਾ’ (1958), ਕੈਮਲ ਪਿਕਚਰਜ਼ ਦੀ ਐੱਮ. ਅਕਰਮ ਨਿਰਦੇਸ਼ਿਤ ਫ਼ਿਲਮ ‘ਘਰ ਜਵਾਈ’ (1958) ਅਤੇ ਸੋਸ਼ਲ ਫ਼ਿਲਮ, ਲਾਹੌਰ ਦੀ ਖ਼ਲੀਲ ਕੈਸਰ ਨਿਰਦੇਸ਼ਿਤ ‘ਯਾਰ ਬੇਲੀ’ (1959) ’ਚ ਸ਼ਾਨਦਾਰ ਚਰਿੱਤਰ ਤੇ ਖ਼ਲ ਕਿਰਦਾਰ ਨਿਭਾ ਕੇ ਆਪਣੀ ਅਦਾਕਾਰੀ ਦੀ ਅਮਿੱਟ ਛਾਪ ਛੱਡੀ।
ਸਲੀਮ ਰਜ਼ਾ ਦੀ ਸਹਾਇਕ ਅਦਾਕਾਰ ਵਜੋਂ ਪਹਿਲੀ ਉਰਦੂ ਫ਼ਿਲਮ ਨਿਊ ਪਿਕਚਰਜ਼, ਲਾਹੌਰ ਦੀ ਅਹਿਮਦ ਉੱਲਾ ਅਜਮੇਰੀ ਨਿਰਦੇਸ਼ਿਤ ‘ਗਲਤਫ਼ਹਿਮੀ’ (1949) ਸੀ। ਇਸਤੋਂ ਬਾਅਦ ਸਹਾਇਕ ਅਦਾਕਾਰ, ਚਰਿੱਤਰ ਤੇ ਖ਼ਲਨਾਇਕ ਅਦਾਕਾਰ ਵਜੋਂ ‘ਸੈਲਾਬ’ (1953), ‘ਸੱਸੀ’ (1954), ‘ਨੌਕਰ’, ‘ਸੋਹਨੀ’, ‘ਜਲਨ’, ‘ਇਲਤਜਾ’ (1955), ‘ਛੋਟੀ ਬੇਗ਼ਮ’, ‘ਹਾਤਿਮ’ (1956), ‘ਸੀਸਤਨ’, ‘ਬਾਪ ਕਾ ਗੁਨਾਹ’ (1957), ‘ਜਾਨ-ਏ-ਬਹਾਰ’, ‘ਤੌਹੀਦ’ (1958), ‘ਸਹਾਰਾ’, ‘ਸੋਸਾਇਟੀ’, ‘ਸੋਲਾਂ ਆਨੇ’ (1959), ‘ਲਲਕਾਰ’ (1959), ‘ਰੂਪਮਤੀ ਬਾਜ਼ ਬਹਾਦੁਰ’ (1960), ‘ਛੋਟੇ ਸਰਕਾਰ’, ‘ਜ਼ਮੀਨ ਕਾ ਚਾਂਦ’, ‘ਤਾਜ ਔਰ ਤਲਵਾਰ’, ‘ਗਾਲਬਿ’ (1961), ‘ਕੈਦੀ’, ‘ਆਵਾਜ਼ ਦੇ ਕਹਾਂ ਹੈ’ (1962) ਵਿਚ ਯਾਦਗਾਰੀ ਕਿਰਦਾਰਨਿਗਾਰੀ ਕੀਤੀ। ਉਸਦੀ ਪਾਕਿਸਤਾਨ ਵਿਚ ਆਖ਼ਰੀ ਉਰਦੂ ਫ਼ਿਲਮ ਬੈਸਟ ਮੂਵੀਜ਼, ਲਾਹੌਰ ਦੀ ਸਈਯਦ ਜ਼ਿਆ ਉੱਲਾ ਨਿਰਦੇਸ਼ਿਤ ‘ਸ਼ਤਰੰਜ’ (1964) ਸੀ।
ਆਗਾ ਸਲੀਮ ਰਜ਼ਾ ਪਾਕਿਸਤਾਨ ਟੈਲੀਵਿਜ਼ਨ ਦੇ ਮਾਰੂਫ਼ ਅਦਾਕਾਰ ਆਗਾ ਸਿਕੰਦਰ ਦੇ ਪਿਤਾ ਸਨ ਜੋ ਅਜ਼ੀਮ ਗੁਲੂਕਾਰ ਇਨਾਇਤ ਹੁਸੈਨ ਭੱਟੀ ਦੇ ਜਵਾਈ ਸਨ। ਫ਼ਿਲਮੀ ਦੁਨੀਆਂ ਵਿਚ ਇਨ੍ਹਾਂ ਨੂੰ ਅਦਬ ਨਾਲ ‘ਆਗਾ ਜੀ’ ਕਿਹਾ ਜਾਂਦਾ ਸੀ। ਭਾਰਤ-ਪਾਕਿ ਫ਼ਿਲਮਾਂ ਦਾ ਇਹ ਮਸ਼ਹੂਰ ਜ਼ਮਾਨਾ ਅਦਾਕਾਰ 8 ਜੁਲਾਈ 1965 ਨੂੰ 50 ਸਾਲਾਂ ਦੀ ਉਮਰ ਵਿਚ ਫ਼ੌਤ ਹੋ ਗਿਆ।
ਸੰਪਰਕ : 97805-09545