ਯੋਰੋਸ਼ਲਮ, 15 ਜੂਨ
ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਤੋਹਫ਼ੇ ਲੈਣ ਖਿਲਾਫ਼ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਦੇ ਬਾਵਜੂਦ ਮੁਕੱਦਮੇ ਦੀ ਫੀਸ ਭਰਨ ਲਈ ਆਪਣੇ ਇਕ ਦੋਸਤ ਤੋਂ ਲੱਖਾਂ ਡਾਲਰ ਦੀ ਰਾਸ਼ੀ ਦਾਨ ਵਜੋਂ ਲੈਣਾ ਸਵੀਕਾਰ ਕਰ ਲਿਆ ਹੈ। ਨੇਤਨਯਾਹੂ ਦੀ ਇਸ ਪੇਸ਼ਕਦਮੀ ਨਾਲ ਇਜ਼ਰਾਇਲੀ ਸਿਆਸਤ ਤੇ ਧਨਾਢ ਵਰਗ ਵਿਚਲੇ ਗੱਠਜੋੜ ਤੋਂ ਪਰਦਾ ਚੁੱਕਿਆ ਗਿਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਇਕ ਨਿਗਰਾਨ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਕੇਸ ਦੇ ਖਰਚ ਲਈ ਉਨ੍ਹਾਂ ਨੂੰ ਮਿਸ਼ੀਗਨ ਸਥਿਤ ਇਕ ਧਨਾਢ ਵਪਾਰੀ ਸਪੈਂਸਰ ਪਾਰਟਰਿਚ ਤੋਂ ਇਕ ਕਰੋੜ ਸ਼ੇਕੇਲ (ਲਗਪਗ 30 ਲੱਖ ਡਾਲਰ) ਦਾਨ ਲੈਣ ਦੀ ਇਜਾਜ਼ਤ ਦੇਣ। ਕਿਉਂਕਿ ਪਾਰਟਰਿਚ ਕੇਸ ਵਿੱਚ ਇਕ ਗਵਾਹ ਹੈ ਇਸ ਲਈ ਕਮੇਟੀ ਨੇ ਦੇਸ਼ ਦੇ ਆਡੀਟਰ ਜਨਰਲ ਤੋਂ ਇਸ ਬਾਰੇ ਰਾਇ ਮੰਗੀ ਹੈ।