ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਜੂਨ
ਥਾਣਾ ਫ਼ਤਿਹਗੜ੍ਹ ਪੰਜਤੂਰ ਵਿੱਚ ਵਾਇਰਲ ਵੀਡੀਓ ਦੇ ਆਧਾਰ ਉੱਤੇ ਉਪ ਮੰਡਲ ਅਫ਼ਸਰ, ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਥਾਣਾ ਮੁਖੀ ਗੁਲਜਿੰਦਰਪਾਲ ਸਿੰਘ ਸੇਖੋਂ, ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਬਲਵੀਰ ਸਿੰਘ, ਰਾਜਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਦੋਵੇਂ ਮਾਈਨਿੰਗ ਇੰਸਪੈਕਟਰਾਂ ਨੇ ਵੀਡੀਓ ’ਚ ਦਿਖਾਏ ਨਾਜਾਇਜ਼ ਮਾਈਨਿੰਗ ਸਥਾਨ ਦਾ ਮੌਕਾ ਵੀ ਦੇਖਿਆ। ਇਸ ਹਲਕੇ ਦੇ ਅਕਾਲੀ ਆਗੂਆਂ ਤੇ ਹੋਰ ਲੋਕਾਂ ਨੇ ਮੀਟਿੰਗ ਕਰ ਕੇ ਪ੍ਰਸ਼ਾਸਨ ਨੂੰ ਪਿੰਡ ਮੰਦਰ ਤੇ ਹੋਰ ਥਾਵਾਂ ਤੋਂ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਸਤਲੁਜ ਦਰਿਆ ਨੇੜਲੇ ਪਿੰਡਾਂ ਵਿੱਚ ਕੁੱਲ ਅੱਠ ਖੱਡਾਂ ਹਨ। ਇਨ੍ਹਾਂ ਵਿੱਚੋਂ ਪਿੰਡ ਸੰਘੇੜਾ ਦੀ ਖੱਡ ਮਨਜ਼ੂਰ ਹੈ। ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਫ਼ੀਆ ਨਿਯਮਾਂ ਨੂੰ ਛਿੱਕੇ ਟੰਗ ਕੇ ਖੱਡਾਂ ’ਚੋਂ ਆਧੁਨਿਕ ਤਕਨੀਕ ਪੋਕਲੇਨ ਮਸ਼ੀਨਾਂ ਨਾਲ 40 ਫੁੱਟ ਤੱਕ ਪੁਟਾਈ ਕਰ ਰਿਹਾ ਹੈ, ਜਦੋਂ ਕਿ ਨਿਯਮਾਂ ਅਨੁਸਾਰ ਸਿਰਫ 10 ਫੁੱਟ ਤੱਕ ਰੇਤਾ ਦੀ ਪੁਟਾਈ ਹੋ ਸਕਦੀ ਹੈ। ਜੇਸੀਬੀ ਮਸ਼ੀਨਾਂ ਨਾਲ ਹਰ ਰੋਜ਼ ਦਿਨ-ਰਾਤ ਸੈਂਕੜੇ ਵੱਡੇ ਟਿੱਪਰ ਟਰੱਕਾਂ ਤੋਂ ਇਲਾਵਾ ਟਰਾਲੀਆਂ’ਚ ਵੱਧ ਰੇਤਾ ਲੋਡ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਰਗੜਾ ਲਾਇਆ ਜਾ ਰਿਹਾ ਹੈ।