ਕੁਲਦੀਪ ਸਿੰਘ
ਚੰਡੀਗੜ੍ਹ, 26 ਜੂਨ
ਸਿਟੀ ਬਿਊਟੀਫੁੱਲ ਵਾਸੀਆਂ ਨੂੰ ਸ਼ਹਿਰ ਦੇ ਹੋਟਲਾਂ, ਰੈਸਤਰਾਂ ਅਤੇ ਬੈਂਕਟ ਹਾਲਾਂ ਆਦਿ ਵਿੱਚ ਸ਼ਰਾਬ ਦੀਆਂ ਚੁਸਕੀਆਂ ਲੈਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਹੋਟਲ ਮਾਲਕਾਂ ’ਤੇ ਅਧਾਰਿਤ ਐਸੋਸੀਏਸ਼ਨ ਵੱਲੋਂ ਯੂਟੀ ਪ੍ਰਸ਼ਾਸਨ ਨੂੰ ਪੰਜਾਬ ਦੀ ਤਰਜ਼ ’ਤੇ ਸ਼ਹਿਰ ਦੇ ਹੋਟਲਾਂ ਵਿੱਚ ਸ਼ਰਾਬ ਪਰੋਸਣ ਸਬੰਧੀ ਆਗਿਆ ਲੈਣ ਬਾਰੇ ਮੰਗ ਪੱਤਰ ਦਿੱਤਾ ਗਿਆ ਸੀ। ਇਸ ਮਾਮਲੇ ਬਾਰੇ ਅੱਜ ਕੋਵਿਡ-19 ਸਬੰਧੀ ਕੀਤੀ ਗਈ ਵਾਰ ਰੂਮ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਦੀ ਅਗਵਾਈ ਵਿੱਚ ਹੋਈ ਆਨਲਾਈਨ ਮੀਟਿੰਗ ਵਿੱਚ ਕਿਹਾ ਗਿਆ ਕਿ ਹੋਟਲਾਂ ਤੇ ਵਿਆਹ ਸਮਾਗਮਾਂ ਦੌਰਾਨ ਸ਼ਰਾਬ ਪਰੋਸਣ ਬਾਰੇ ਫ਼ੈਸਲਾ 30 ਜੂਨ ਤੋਂ ਬਾਅਦ ਹੀ ਲਿਆ ਜਾਵੇਗਾ। ਇਸ ਵੀਡੀਓ ਕਾਨਫ਼ਰੰਸ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਪ੍ਰਿੰਸੀਪਲ ਸਕੱਤਰ ਅਰੁਣ ਗੁਪਤਾ, ਵਿੱਤ ਸਕੱਤਰ ਏ.ਕੇ. ਸਿਨਹਾ, ਕਮਿਸ਼ਨਰ (ਨਗਰ ਨਿਗਮ) ਕੇ.ਕੇ. ਯਾਦਵ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ, ਡਾਇਰੈਕਟਰ ਪ੍ਰਿੰਸੀਪਲ ਜੀ.ਐਮ.ਸੀ.ਐਚ. ਸਮੇਤ ਮੁਹਾਲੀ ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਵੀ ਸ਼ਾਮਲ ਹੋਏ।
ਇਸੇ ਦੌਰਾਨ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਪ੍ਰਸ਼ਾਸਕ ਵੱਲੋਂ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਸਕੱਤਰ ਇੰਜੀਨੀਅਰਿੰਗ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸ਼ਹਿਰ ਵਿੱਚ ਪਾਣੀ ਇਕੱਠਾ ਹੋਣ ਤੋਂ ਬਚਾਅ ਕਰਨ ਲਈ ਚੋਈਆਂ ਅਤੇ ਰੋਡ ਗਲੀਆਂ ਆਦਿ ਦੀ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਵੀ ਲਸਕਾਂ ਨੂੰ ਚੌਕਸ ਕਰਨ ਅਤੇ ਇਨ੍ਹਾਂ ਬਿਮਾਰੀਆਂ ਦੇ ਬਚਾਅ ਲਈ ਉਚਿਤ ਪ੍ਰਬੰਧ ਕਰਨ ਲਈ ਕਿਹਾ।
ਚੰਡੀਗੜ੍ਹ ’ਚ ਦੋ ਦਿਨਾਂ ਵਿੱਚ 10 ਹਜ਼ਾਰ ਵਿਅਕਤੀ ਦਾਖਲ ਹੋਏ : ਡੀਸੀ
ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਪ੍ਰਸ਼ਾਸਕ ਸ੍ਰੀ ਬਦਨੌਰ ਦੇ ਧਿਆਨ ਵਿੱਚ ਲਿਆਂਦਾ ਕਿ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਵਿੱਚ ਰੇਲ ਗੱਡੀਆਂ, ਸੜਕੀ ਆਵਾਜਾਈ ਅਤੇ ਫਲਾਈਟਾਂ ਰਾਹੀਂ 10 ਹਜ਼ਾਰ ਤੋਂ ਜ਼ਿਆਦਾ ਲੋਕ ਦਾਖਲ ਹੋਏ ਹਨ। ਇਨ੍ਹਾਂ ਵਿੱਚੋਂ 8972 ਲੋਕਾਂ ਨੇ ਖ਼ੁਦ ਨੂੰ ਯੂਟੀ ਦੀ ਵੈੱਬਸਾਈਟ ਉੱਤੇ ਰਜਿਸਟਰਡ ਕਰਵਾਇਆ ਹੈ ਅਤੇ ਆਪਣੀ ਟ੍ਰੈਵਲ ਹਿਸਟਰੀ ਸਮੇਤ ਚੰਡੀਗੜ੍ਹ ਵਿੱਚ ਰਿਹਾਇਸ਼ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਦੀਆਂ ਮਾਰਕੀਟਾਂ, ਜਨਤਕ ਥਾਵਾਂ ਸਮੇਤ ਸੁਖਨਾ ਝੀਲ ਖੇਤਰ ਵਿੱਚ ਆਉਣ-ਜਾਣ ਵਾਲੇ ਲੋਕਾਂ ਉੱਤੇ ਪੁਲੀਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਨਾ ਕਰ ਸਕੇ ਅਤੇ ਮਾਸਕ ਪਹਿਨਣ ਨੂੰ ਯਕੀਨੀ ਬਣਾਇਆ ਜਾਵੇ।